The Summer News
×
Thursday, 09 May 2024

ਸਿਹਤ ਟੀਮਾਂ ਵੱਲੋਂ ਖ਼ੁਸ਼ਕ ਦਿਵਸ ਤਹਿਤ 19374 ਘਰਾਂ/ਥਾਂਵਾਂ ਵਿੱਚ ਪਾਣੀ ਦੇ ਖੜੇ ਸਰੋਤਾਂ ਦੀ ਕੀਤੀ ਚੈਕਿੰਗ

ਪਟਿਆਲਾ 19 ਮਈ: ਡੇਂਗੂ ਬਿਮਾਰੀ ਦੀ ਰੋਕਥਾਮ ਲਈ ਚਲਾਏ ਜਾ ਰਹੇ ਹਰੇਕ ਹਫ਼ਤੇ ਫਰਾਈਡੇ-ਡਰਾਈਡੇ ਅਭਿਆਨ ਤਹਿਤ ਸਿਵਲ ਸਰਜਨ ਡਾ. ਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸ਼ਹਿਰ ਦੀਆਂ ਵੱਖ ਵੱਖ ਕਲੋਨੀਆਂ/ ਗਲੀਆਂ/ਮੁਹੱਲਿਆਂ ਵਿੱਚ ਡੇਂਗੂ ਲਾਰਵੇ ਦੀ ਜਾਂਚ ਲਈ ਪਾਣੀ ਦੇ ਖੜੇ ਸਰੋਤਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਸਿਹਤ ਟੀਮਾਂ ਵੱਲੋਂ ਜ਼ਿਲ੍ਹੇ ਦੇ 19374 ਘਰਾਂ ਵਿਚ ਪਹੁੰਚ ਕੇ ਡੇਂਗੂ ਲਾਰਵੇ ਦੀ ਚੈਕਿੰਗ ਕੀਤੀ ਗਈ ਅਤੇ 116 ਥਾਂਵਾਂ ਤੇ ਲਾਰਵਾ ਮਿਲਿਆ ਜਿਸ ਨੂੰ ਟੀਮਾਂ ਵੱਲੋਂ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਉਹਨਾਂ ਦੱਸਿਆ ਕਿ ਮਲੇਰੀਆ/ ਡੇਂਗੂ ਦੇ ਖ਼ਤਰੇ ਨੂੰ ਮੁੱਖ ਰੱਖਦੇ ਹੋਏ ਅਗਾਊਂ ਪ੍ਰਬੰਧਾਂ ਤਹਿਤ ਹਰੇਕ ਸ਼ੁੱਕਰਵਾਰ ਨੂੰ ਡਰਾਈ ਡੇ ਦੇ ਤੌਰ ’ਤੇ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਮੱਛਰਾਂ ਦੇ ਲਾਰਵੇ ਨੂੰ ਪੈਦਾ ਹੀ ਨਾ ਹੋਣ ਦਿੱਤਾ ਜਾਵੇ।


ਜ਼ਿਲ੍ਹਾ ਐਪੀਡੋਲੋਜਿਸਟ ਡਾ. ਸੁਮੀਤ ਸਿੰਘ ਨੇ ਕਿਹਾ ਕਿ ਸੀਜ਼ਨ ਦੌਰਾਨ ਹੁਣ ਕੂਲਰਾਂ ਨੂੰ ਵਰਤੋਂ ਵਿੱਚ ਲਿਆਉਣ ਤੋਂ ਪਹਿਲਾਂ ਉਹਨਾਂ ਵਿੱਚ ਪਿਆ ਪੁਰਾਣਾ ਫੂਸ ਕੱਢ ਕੇ ਸਾੜ ਦਿੱਤਾ ਜਾਵੇ ਅਤੇ ਨਵਾਂ ਫੂਸ ਵਰਤਿਆ ਜਾਵੇ। ਉਹਨਾਂ ਕਿਹਾ ਕਿ ਡੇਂਗੂ ਕਿ ਇੱਕ ਵਾਇਰਲ ਬੁਖ਼ਾਰ ਹੈ ਜੋ ਕਿ ਏਡੀਜ ਮੱਛਰ ਦੇ ਦਿਨ ਵੇਲੇ ਕੱਟਣ ਤੈਂ ਫੈਲਦਾ ਹੈ ਅਤੇ ਇਹ ਮੱਛਰ ਸਾਫ਼ ਖੜੇ ਪਾਣੀ ਵਿਚ ਪੈਦਾ ਹੁੰਦਾ ਹੈ। ਉਹਨਾਂ ਲੋਕਾਂ ਨੂੰ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਆਪਣੇ ਘਰਾਂ ਦੀਆਂ ਛੱਤਾਂ ਜਾਂ ਵਿਹੜੇ ਵਿੱਚ ਪਏ ਟੁੱਟੇ-ਫੁੱਟੇ ਬਰਤਨਾਂ ਨੂੰ ਮੂਧਾ ਮਾਰਨ ਜਾਂ ਨਸ਼ਟ ਕਰਨ, ਗਮਲਿਆਂ, ਕੂਲਰਾਂ,ਫ਼ਰਿਜਾਂ ਦੀਆਂ ਟਰੇਆਂ ਨੂੰ ਸਾਫ਼ ਕਰਨਾ ਯਕੀਨੀ ਬਣਾਉਣ ਅਤੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਾਉਣ ਦੀ ਅਤੇ ਸ਼ਾਰਟਸ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ।ਮੱਛਰਾਂ ਦੇ ਕੱਟਣ ਤੋਂ ਬਚਾਅ ਲਈ ਮੱਛਰ ਭਜਾਓ ਕਰੀਮ ਜਾਂ ਮੱਛਰਦਾਨੀ ਦੀ ਵਰਤੋਂ ਕੀਤੀ ਜਾਵੇ।ਉਹਨਾਂ ਕਿਹਾ ਕਿ ਕਿਸੇ ਵੀ ਕਿਸਮ ਦਾ ਬੁਖ਼ਾਰ ਹੋਣ ਤੇ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ। ਡੇਂਗੂ ਬੁਖ਼ਾਰ ਦੀ ਜਾਂਚ ਅਤੇ ਇਲਾਜ  ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਕੀਤਾ ਜਾਂਦਾ ਹੈ।

Story You May Like