The Summer News
×
Monday, 20 May 2024

'ਕਲੀਆਂ ਦਾ ਬਾਦਸ਼ਾਹ' ਕੁਲਦੀਪ ਮਾਣਕ

ਲਲਿਤ ਬੇਰੀ


ਅੱਜ ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਦਮਦਾਰ ਤੇ ਬੁਲੰਦ ਆਵਾਜ਼ ਨਾਲ ਧਾਕ ਜਮਾਉਣ ਵਾਲੇ ਵਿਸ਼ਵ ਪ੍ਰਸਿੱਧ ਗਾਇਕ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਜਨਮ ਦਿਨ ਹੈ । 1951 ਵਿੱਚ ਅੱਜ ਦੇ ਦਿਨ ਪੰਜਾਬ ਵਿੱਚ ਮਾਲਵੇ ਦੀ ਧਰਤੀ ਦੇ ਇਤਿਹਾਸਕ ਜ਼ਿਲ੍ਹਾ ਬਠਿੰਡਾ ਦੇ ਪਿੰਡ ਜਲਾਲ ਵਿਚ ਪਿਤਾ ਉਸਤਾਦ ਸ੍ਰੀ ਨਿੱਕਾ ਖਾਨ ਦੇ ਗ੍ਰਹਿ ਵਿਖੇ ਹੋਇਆ। ਮਾਣਕ ਦਾ ਅਸਲ ਨਾਂਅ ਲਤੀਫ਼ ਮੁਹੰਮਦ ਖਾਨ ਸੀ। ਉਨ੍ਹਾਂ ਦੇ ਵਡੇਰੇ ਮਹਾਰਾਜਾ ਨਾਭਾ ਦੇ ਦਰਬਾਰੀ ਗਵੱਈਏ ਸਨ। ਗਾਇਕੀ ਦੀ ਗੁੜ੍ਹਤੀ ਵਿਰਾਸਤ ਵਿਚੋਂ ਹੀ ਮਿਲੀ, ਪਰ ਫਿਰ ਵੀ ਸੰਗੀਤ ਦੀ ਵਿਦਿਆ ਪ੍ਰਾਪਤ ਕਰਨ ਲਈ ਉਸ ਸਮੇਂ ਦੇ ਉਸਤਾਦ ਕੱਵਾਲ ਜਨਾਬ ਖੁਸ਼ੀ ਮੁਹੰਮਦ ਨੂੰ ਉਸਤਾਦ ਧਾਰਿਆ ।


1960 ਦੇ ਦਹਾਕੇ ਵਿੱਚ ਮਾਣਕ ਉਸ ਸਮੇਂ ਦੀ ਪ੍ਰਸਿੱਧ ਪੰਜਾਬੀ ਗਾਇਕਾਂ ਦੀ ਮਾਰਕੀਟ ਲੁਧਿਆਣਾ ਵਿਖੇ ਆ ਗਏ ਤੇ ਇਥੇ ਆ ਕੇ ਉਨ੍ਹਾਂ ਨੇ ਉਸ ਸਮੇਂ ਦੀ ਸਿਰਮੌਰ ਦੋਗਾਣਾ ਗਾਇਕ ਜੋੜੀ ਹਰਚਰਨ ਗਰੇਵਾਲ ਅਤੇ ਸੁਰਿੰਦਰ ਸੀਮਾ ਨਾਲ ਸਟੇਜਾਂ ਤੇ ਜਾਣਾ ਸ਼ੁਰੂ ਕਰ ਦਿੱਤਾ। 1968 ਵਿੱਚ ਪਹਿਲਾ ਦੋਗਾਣਿਆਂ ਦਾ ਰਿਕਾਰਡ ਸੁਰਿੰਦਰ ਸੀਮਾ ਨਾਲ ਆਇਆ ਤਾਂ ਮਾਣਕ ਸਰੋਤਿਆਂ ਵਿਚ ਆਪਣੀ ਅਮਿੱਟ ਛਾਪ ਛੱਡਣ ਵਿੱਚ ਕਾਮਯਾਬ ਹੋ ਗਿਆ।


ਉਹ ਯੁੱਗ ਦੋਗਾਣਿਆਂ ਦਾ ਸੀ । ਇਸ ਤੋਂ ਬਾਅਦ ਇਸ ਫਨਕਾਰ ਨੇ ਸੋਲੋ ਗਾਇਕੀ ਵਿੱਚ ਕਦਮ ਧਰਿਆ ਤਾਂ ਪੰਜਾਬੀ ਗੀਤਕਾਰੀ ਦੇ ਧਰੂ ਤਾਰੇ ਹਰਦੇਵ ਦਿਲਗੀਰ ( ਦੇਵ ਥਰੀਕਿਆਂ ਵਾਲੇ ) ਦੀਆਂ ਲਿਖੀਆਂ ਕਲੀਆਂ ਗਾ ਕੇ 'ਕਲੀਆਂ ਦੇ ਬਾਦਸ਼ਾਹ' ਦਾ ਖਿਤਾਬ ਆਪਣੇ ਨਾਂਅ ਕੀਤਾ ।ਸਰਬਜੀਤ ਕੌਰ ਨਾਲ ਵਿਆਹ ਦੇ ਬੰਧਨ ਵਿੱਚ ਬੱਝੇ। ਉਨ੍ਹਾਂ ਦਾ ਸਪੁੱਤਰ ਯੁਧਵੀਰ ਮਾਣਕ ਵੀ ਸੁਰੀਲਾ ਗਾਇਕ ਹੈ। ਕੁਝ ਸਮਾਂ ਗੰਭੀਰ ਰੂਪ ਵਿੱਚ ਬਿਮਾਰ ਰਹਿਣ ਕਾਰਨ ਗਾਇਕੀ ਤੋਂ ਦੂਰ ਰਿਹਾ ਯੁੱਧਵੀਰ ਹੁਣ ਪ੍ਰਮਾਤਮਾ ਦੀ ਕਿਰਪਾ ਸਦਕਾ ਮੁੜ ਗਾਇਕੀ ਵੱਲ ਮੁੜ ਆਇਆ ਹੈ।


ਅੱਜ ਤੋਂ 11 ਸਾਲ ਪਹਿਲਾਂ 30 ਨਵੰਬਰ 2011 ਨੂੰ ਇਹ ਮਹਾਨ ਗਾਇਕ ਸਦੀਵੀ ਅਲਵਿਦਾ ਆਖ ਗਿਆ, ਪਰ ਆਪਣੀ ਬੁਲੰਦ ਆਵਾਜ਼ ਸਦਕਾ ਅੱਜ ਵੀ ਸਰੋਤਿਆਂ ਦੇ ਰੂ ਬ ਰੂ ਹੀ ਹੈ।


 

Story You May Like