The Summer News
×
Tuesday, 21 May 2024

ਪੁਲਿਸ ਨੇ ਹਥਿਆਰਬੰਦ ਲੁੱਟ ਦੀ ਵਾਰਦਾਤ ਨੂੰ ਕੀਤਾ ਨਾਕਾਮ, 48 ਘੰਟਿਆਂ ਦੇ ਅੰਦਰ ਦੋ ਮੁਲਜ਼ਮ ਗ੍ਰਿਫਤਾਰ

 

ਐਸ.ਏ.ਐਸ ਨਗਰ, 3 ਅਪ੍ਰੈਲ : ਪੁਲਿਸ ਵੱਲੋੰ ਜੁਰਮ ਵਿਰੁੱਧ ਵਿੱਢੀ ਮੁਹਿੰਮ ਤਹਿਤ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਜ਼ੀਰਕਪੁਰ ਪੁਲਿਸ ਦੀ ਟੀਮ ਨੇ ਐਸ ਪੀ.(ਰ) ਨਵਰੀਤ ਸਿੰਘ ਵਿਰਕ ਅਤੇ ਡੀ.ਐਸ.ਪੀ ਬਿਕਰਮਜੀਤ ਸਿੰਘ ਬਰਾੜ ਪੀ.ਪੀ.ਐਸ., ਡੀ.ਐਸ.ਪੀ.ਐਸ.ਡੀ.ਜੀਰਕਪੁਰ ਦੀ ਅਗਵਾਈ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ । ਐਸ.ਐਸ.ਪੀ ਡਾ ਸੰਦੀਪ ਗਰਗ ਨੇ ਦੱਸਿਆ ਕਿ ਸਿਮਰਜੀਤ ਸਿੰਘ, ਐਸਐਚਓ ਨੇ ਜ਼ੀਰਕਪੁਰ ਵਿਖੇ ਇੱਕ 52 ਸਾਲਾ ਬੈਂਕਰ ਤੋਂ 1.2 ਲੱਖ ਰੁਪਏ ਅਤੇ ਹੋਰ ਕੀਮਤੀ ਸਮਾਨ ਦੀ ਲੁੱਟ/ਖੋਹ ਕਰਨ ਵਾਲੇ ਦੋਨਾਂ ਮੁਲਜ਼ਮਾਂ ਨੂੰ 48 ਘੰਟਿਆਂ ਦੇ ਅੰਦਰ ਅੰਦਰ ਗ੍ਰਿਫਤਾਰ ਕਰ ਲਿਆ ।

 

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਪੀਰਵਾਲਾ ਚੌਂਕ ਲਾਈਟਾਂ ਤੋਂ ਬੱਸ ਵਿੱਚ ਸਵਾਰ ਹੋਣ ਦੀ ਉਡੀਕ ਕਰ ਰਹੇ ਐਸ ਬੀ ਆਈ ਬੈਂਕ ਦੇ ਮੁਲਾਜ਼ਮ ਵਿਕਾਸ ਸ਼ਰਮਾ ਕੋਲੋਂ ਦੋ ਅਣਪਛਾਤੇ ਬਦਮਾਸ਼ਾਂ ਵੱਲੋਂ ਪੈਸੇ ਅਤੇ ਹੋਰ ਕੀਮਤੀ ਸਮਾਨ ਲੁੱਟ ਲਿਆ ਗਿਆ, ਜਿਨ੍ਹਾਂ ਨੇ ਉਸਨੂੰ ਚਿੱਟੇ ਰੰਗ ਦੀ ਸਕੋਡਾ ਕਾਰ ਵਿੱਚ ਲਿਫਟ ਦੇਣ ਦੀ ਪੇਸ਼ਕਸ਼ ਕੀਤੀ ਸੀ। ਲੁਟੇਰਿਆਂ ਨੇ ਉਸ ਤੋਂ ਯੂ.ਪੀ.ਆਈ ਰਾਹੀਂ 1 ਲੱਖ ਰੁਪਏ ਟਰਾਂਸਫਰ ਕਰਵਾਏ ਅਤੇ ਫਿਰ ਉਸ ਨੂੰ ਬੰਦੂਕ ਦੀ ਨੋਕ 'ਤੇ ਦਸਮੇਸ਼ ਨਗਰ ਸਥਿਤ ਏ.ਟੀ.ਐੱਮ. 'ਤੇ ਲੈ ਗਏ, ਜਿੱਥੋਂ ਉਨ੍ਹਾਂ ਨੇ 20000 ਰੁਪਏ ਕਢਵਾ ਲਏ । ਭੱਜਣ ਤੋਂ ਪਹਿਲਾਂ ਦੋਵਾਂ ਨੇ ਉਸ ਦਾ ਪਰਸ, ਮੋਬਾਈਲ ਫੋਨ ਅਤੇ ਸੋਨੇ ਦੀਆਂ ਮੁੰਦਰੀਆਂ ਵੀ ਖੋਹ ਲਈਆਂ ।

 

ਜ਼ੀਰਕਪੁਰ ਪੁਲਿਸ ਨੇ ਆਈ.ਪੀ.ਸੀ. ਦੀ ਧਾਰਾ 379-ਬੀ, 382, 506 ਅਤੇ 34 ਅਤੇ ਆਰਮਜ਼ ਐਕਟ ਦੀ 25 ਅਧੀਨ ਮਾਮਲਾ ਦਰਜ ਕਰਨ ਤੋਂ ਬਾਅਦ, ਇੱਕ ਦੋਸ਼ੀ ਦੀ ਪਛਾਣ ਨਿਤਿਨ ਕੁਮਾਰ ਪੁੱਤਰ ਵਿਨੇਸ਼ ਕੁਮਾਰ ਵਾਸੀ ਅਬੋਹਰ, ਫਾਜ਼ਿਲਕਾ ਵਜੋਂ ਕੀਤੀ, ਜੋ ਕਿ ਹਿਸਟਰੀ ਸ਼ੀਟਰ ਹੈ । ਉਸ 'ਤੇ ਲੁੱਟ ਖੋ , ਕਤਲ ਦੀ ਕੋਸ਼ਿਸ਼, ਐਨਡੀਪੀਐਸ ਅਤੇ ਨਾਜਾਇਜ਼ ਹਥਿਆਰਾਂ ਨਾਲ ਸਬੰਧਤ 5 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ ।

 

ਪਹਿਲੀ ਅਪ੍ਰੈਲ ਨੂੰ ਪੁਲਿਸ ਟੀਮ ਨੇ ਇੱਕ ਇਤਲਾਹ 'ਤੇ ਕਾਰਵਾਈ ਕਰਦੇ ਹੋਏ ਨਿਤਿਨ ਕੁਮਾਰ ਨੂੰ ਉਸਦੇ ਇੱਕ ਹੋਰ ਸਾਥੀ ਅਮਿਤ ਕੁਮਾਰ ਪੁੱਤਰ ਨੱਥੂ ਰਾਮ ਵਾਸੀ ਅਬੋਹਰ ਸਮੇਤ ਸਿਗਮਾ ਸਿਟੀ, ਜ਼ੀਰਕਪੁਰ ਤੋਂ ਗ੍ਰਿਫਤਾਰ ਕੀਤਾ । ਇੱਕ .32 ਕੈਲੀਬਰ ਪਿਸਤੌਲ ਸਮੇਤ 5 ਜਿੰਦਾ ਕਾਰਤੂਸ ਅਤੇ ਅਪਰਾਧ ਵਿੱਚ ਵਰਤੀ ਗਈ ਸਕੋਡਾ ਗੱਡੀ ਵੀ ਬਰਾਮਦ ਕੀਤੀ ਗਈ ਹੈ ।

Story You May Like