The Summer News
×
Monday, 20 May 2024

ਹੜ ਪੀੜਿਤਾਂ ਦੀ ਸੇਵਾ ਦਾ ਪਿਆ ਮੁੱਲ, 35 ਸਾਲ ਤੋਂ ਵਿਛੜੇ ਮਾਂ ਪੁੱਤ ਮਿਲੇ

ਬਟਾਲਾ : ਵਿੱਕੀ ਮਲਿਕ | ਇਹ ਕਹਾਣੀ ਕਿਸੇ ਫਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ 35 ਸਾਲ ਦੇ ਲੰਬੇ ਵਿਛੋੜੇ ਬਾਅਦ ਮਾਂ ਪੁੱਤ ਮਿਲੇ ਹਨ, ਜਦ ਬੇਟਾ ਹੜ ਪੀੜਿਤ ਲੋਕਾਂ ਦੀ ਸੇਵਾ ਕਰਨ ਲਈ ਖਾਲਸਾ ਐਡ ਵਲੋਂ ਗਿਆ ਅਤੇ ਆਪਣੇ ਨਾਨਕੇ ਘਰ ਤੋਂ 10 ਕਿਲੋਮੀਟਰ ਦੀ ਦੂਰੀ ਤੇ ਹੀ ਸੀ ਕਿ ਉਸਦੀ ਭੂਆ ਦਾ ਫੋਨ ਆਉਂਦਾ ਹੈ। ਜਦੋਂ ਉਸਦੀ ਭੂਆ ਨੂੰ ਪਤਾ ਲੱਗਿਆ ਤਾਂ ਉਸਦੇ ਮੂੰਹੋਂ ਨਿਕਲ ਗਿਆ ਕਿ ਤੇਰੇ ਨਾਨਕੇ ਘਰ ਵੀ ਇਸਦੇ ਨੇੜੇ ਤੇੜੇ ਹਨ ਬੱਸ ਫਿਰ ਪੁੱਤ ਮਾਂ ਨੂੰ ਲੱਭਣਾ ਸ਼ੁਰੂ ਹੋ ਜਾਂਦਾ ਹੈ ਅਤੇ ਆਪਣੀ ਮੰਜਿਲ ਤੇ ਪੁਹੰਚ ਜਾਂਦਾ ਹੈ। ਮਾਂ ਦੇ ਹਾਲਾਤ ਦੇਖ ਪੁੱਤ ਭਾਵੁਕ ਹੋ ਜਾਂਦਾ ਹੈ ਕਿਉਕਿ ਉਸਨੂੰ ਛੋਟੇ ਹੁੰਦੇ ਤੋਂ ਹੀ ਕਿਹਾ ਗਿਆ ਸੀ ਕਿ ਤੇਰੇ ਮਾਂ ਬਾਪ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਏ ਹਨ ਜਿਸ ਨਾਲ ਦੋਵਾਂ ਦੀ ਮੌਤ ਹੋ ਗਈ ਸੀ | ਪਰ ਅੱਜ ਇਸ ਮਾਂ ਪੁੱਤ ਦੇ ਮਿਲਾਪ ਨੇ ਹਰੇਕ ਦੀ ਅੱਖ ਪਾਣੀ ਨਾਲ ਭਰ ਦਿੱਤੀ।

 

ਜਾਣਕਾਰੀ ਦਿੰਦਿਆ ਭਾਈ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਕੁਝ ਮਹੀਨੇ ਦਾ ਹੀ ਸੀ ਜਦੋਂ ਉਸਦੇ ਪਿਤਾ ਜੀ ਦੀ ਇੱਕ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ। ਪਿਤਾ ਦੀ ਮੌਤ ਤੋਂ ਬਾਅਦ ਉਸ ਦੇ ਦਾਦਕੇ ਅਤੇ ਉਸਦੇ ਨਾਨਕਿਆਂ ਵਿੱਚ ਕੁਝ ਅਜਿਹਾ ਸਮਝੌਤਾ ਹੋ ਗਿਆ ਕਿ ਉਸਨੂੰ ਆਪਣੇ ਦਾਦਾ ਦਾਦੀ ਨੂੰ ਪਰਵਰਿਸ਼ ਲਈ ਦੇ ਦਿੱਤਾ ਗਿਆ ਅਤੇ ਉਸ ਦੀ ਮਾਂ ਆਪਣੇ ਮਾਂ ਪਿਉ ਕੋਲ ਯਾਨੀ ਕਿ ਉਸਦੇ ਨਾਨਕੇ ਚਲੀ ਗਈ।ਉਸਦੇ ਦਾਦਾ ਦਾਦੀ ਹਰਿਆਣਾ ਪੁਲੀਸ ਵਿੱਚ ਨੌਕਰੀ ਕਰਦੇ ਸਨ। ਉਹਨਾਂ ਦੀ ਰਿਟਾਇਰਮੈਂਟ ਹੋ ਗਈ ਅਤੇ ਉਹ ਪੰਜਾਬ ਦੇ ਕਾਦੀਆਂ ਕਸਬੇ ਵਿੱਚ ਆ ਕੇ ਵੱਸ ਗਏ। ਉਹ ਦਾਦਾ ਦਾਦੀ ਕੋਲੋਂ ਆਪਣੀ ਮਾਂ ਬਾਰੇ ਪੁੱਛਦਾ ਸੀ ਤਾਂ ਉਸਨੂੰ ਦੱਸਿਆ ਜਾਂਦਾ ਸੀ ਕਿ ਉਸ ਦੀ ਮਾਂ ਦੀ ਵੀ ਪਿਤਾ ਦੇ ਨਾਲ ਦੁਰਘਟਨਾ ਵਿੱਚ ਮੌਤ ਹੋ ਗਈ ਸੀ।ਉਹ ਦਾਦਾ ਦਾਦੀ ਦੀ ਮੌਤ ਤੋਂ ਬਾਅਦ ਤੱਕ ‌ ਉਨ੍ਹਾਂ ਨੂੰ ਹੀ ਆਪਣੇ ਮਾਪੇ ਮੰਨਦਾ ਰਿਹਾ ਹੈ।

 

ਹੜ੍ਹਾਂ ਦੌਰਾਨ ਉਹ ਹੜ ਪੀੜਤਾ ਦੀ ਸੇਵਾ ਲਈ ਪਟਿਆਲਾ ਗਿਆ ਤਾਂ ਉਸਦੀ ਭੂਆ ਦਾ ਫੋਨ ਆਇਆ ਜਦੋਂ ਉਸ ਦੀ ਭੂਆ ਨੂੰ ਪਤਾ ਲੱਗਿਆ ਕਿ ਉਹ ਪਟਿਆਲੇ ਦੇ ਨੇੜੇ ਹੈ ਤਾਂ ਉਸਦੀ ਭੂਆ ਮੂੰਹੋਂ ਨਿਕਲ ਗਿਆ ਕਿ ਉਸਦੇ ਨਾਨਕੇ ਪਰਿਵਾਰ ਵੀ ਨੇੜੇ ਤੇੜੇ ਹੀ ਹਨ। ਜਿੱਦ ਕਰਕੇ ਆਪਣੇ ਨਾਨਕਿਆਂ ਦੀ ਜਾਣਕਾਰੀ ਲੈ ਕੇ ਉਹ ਆਪਣੇ ਨਾਨਕੇ ਪਰਿਵਾਰ ਪਹੁੰਚ ਗਿਆ ਅਤੇ ਜਦੋਂ 35 ਸਾਲ ਬਾਅਦ ਆਪਣੀ ਨਾਨੀ ਅਤੇ ਮਾਂ ਨੂੰ ਮਿਲਿਆ ਤਾਂ ਉਹ ਬਹੁਤ ਹੀ ਭਾਵੁਕ ਦੇਣ ਵਾਲਾ ਸੀ।

Story You May Like