The Summer News
×
Monday, 20 May 2024

ਬਟਾਲਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਆਜ਼ਾਦੀ ਦਿਵਸ-ਆਜ਼ਾਦੀ ਦਿਵਸ ਦੀਆਂ ਤਿਆਰੀਆਂ ਸਬੰਧੀ ਮੀਟਿੰਗ

ਬਟਾਲਾ, 1 ਅਗਸਤ | ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਦੇ ਰਾਜੀਵ ਗਾਂਧੀ ਖੇਡ ਸਟੇਡੀਅਮ ਵਿਖੇ ਹਰ ਸਾਲ ਦੀ ਤਰਾਂ ਇਸ ਵਾਰ ਵੀ 15 ਅਗਸਤ ਨੂੰ ਆਜ਼ਾਦੀ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਆਜ਼ਾਦੀ ਦਿਵਸ ਮਨਾਉਣ ਸਬੰਧੀ ਅਭਿਸ਼ੇਕ ਵਰਮਾ ਤਹਿਸੀਲਦਾਰ ਬਟਾਲਾ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਥਾਨਕ ਬਟਾਲਾ ਕਲੱਬ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਆਜ਼ਾਦੀ ਦਿਵਸ ਸਾਡਾ ਕੌਮੀ ਤਿਉਹਾਰ ਹੈ ਅਤੇ ਇਸ ਨੂੰ ਪੂਰੇ ਚਾਵਾਂ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਮੌਕੇ ਜੇ.ਐਸ ਸੰਧੂ ਐਸ.ਪੀ (ਹੈੱਡਕੁਆਟਰ) ਬਟਾਲਾ ਵੀ ਮੋਜੂਦ ਸਨ।


ਤਹਿਸਲੀਦਾਰ ਅਭਿਸ਼ੇਕ ਵਰਮਾ ਨੇ ਅੱਗੇ ਕਿਹਾ ਕਿ ਆਜ਼ਾਦੀ ਦਿਵਸ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਪੁਲਿਸ ਜਵਾਨਾਂ, ਪੰਜਾਬ ਹੋਮਗਾਰਡ ਅਤੇ ਐੱਨ.ਐੱਨ.ਸੀ. ਕੈਡਿਟਾਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਜਾਵੇਗਾ। ਇਸੇ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਬੈਂਡ ਦੇ ਮਾਰਚ ਪਾਸਟ ‘ਚ ਹਿੱਸਾ ਲਿਆ ਜਾਵੇਗਾ। ਆਜ਼ਾਦੀ ਦਿਵਸ ਸਮਾਗਮ ਦੌਰਾਨ ਸਕੂਲੀ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਅਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ।


ਉਨਾਂ ਦੱਸਿਆ ਕਿ ਮਾਰਚ ਪਾਸਟ (ਬੈਂਡ/ਐਨ.ਸੀ.ਸੀ ਕੈਡਿਟ) ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਦੀ ਰਿਹਰਸਲ 7 ਅਤੇ 10 ਅਗਸਤ ਨੂੰ  ਪੁਲਿਸ ਲਾਈਨ ਬਟਾਲਾ ਵਿਖੇ ਸਵੇਰੇ 9 ਵਜੇ ਤੋਂ ਹੋਵੇਗੀ, ਜਦਕਿ ਫੁੱਲ ਡਰੈੱਸ ਰਿਹਰਸਲ 12 ਅਗਸਤ ਨੂੰ ਸਮਾਗਮ ਵਾਲੀ ਥਾਂ ਰਾਜੀਵ ਗਾਂਧੀ ਸਟੇਡੀਅਮ ਵਿਖੇ ਹੋਵੇਗੀ। ਸੱਭਿਆਚਾਰਕ ਪ੍ਰੋਗਰਾਮ ਦੀ ਰਿਹਰਸਲ 7 ਅਤੇ 10 ਅਗਸਤ ਨੂੰ ਆਰ.ਆਰ.ਬਾਵਾ ਡੀ.ਏ.ਵੀ ਕਾਲਜ ਫਾਰ ਵਿਮੈਨ, ਬਟਾਲਾ ਵਿਖੇ ਸਵੇਰੇ 9 ਵਜੇ ਤੋਂ ਹੋਵੇਗੀ ਅਤੇ ਫੁੱਲ ਡਰੈੱਸ ਰਿਹਰਸਲ 12 ਅਗਸਤ ਨੂੰ ਸਮਾਗਮ ਵਾਲੀ ਥਾਂ ਰਾਜੀਵ ਗਾਂਧੀ ਸਟੇਡੀਅਮ ਬਟਾਲਾ ਵਿਖੇ ਹੋਵੇਗੀ।


ਉਨਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਜ਼ਾਦੀ ਦਿਵਸ ਸਮਾਗਮ ਦੌਰਾਨ ਲੋਕਾਂ ਦੇ ਬੈਠਣ, ਪੀਣ ਲਈ ਸਾਫ ਪਾਣੀ ਅਤੇ ਦੇ ਵਾਹਨਾਂ ਲਈ ਪਾਰਕਿੰਗ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣ। ਇਸ ਮੌਕੇ ਉਨਾਂ ਨਗਰ ਕੌਂਸਲ ਬਟਾਲਾ ਨੂੰ ਹਦਾਇਤ ਕੀਤੀ ਕਿ ਸਮਾਗਮ ਵਾਲੇ ਸਥਾਨ ਅਤੇ ਸ਼ਹਿਰ ਵਿੱਚ ਸਫ਼ਾਈ ਦੇ ਪ੍ਰਬੰਧਾਂ ਦਾ ਖਾਸ ਖਿਆਲ ਰੱਖਿਆ ਜਾਵੇ।


ਮੀਟਿੰਗ ਵਿੱਚ ਐਸ.ਡੀ.ਓ ਨਿਰਮਲ ਸਿੰਘ, ਸੁਪਰਡੈਂਟ ਸੁੰਦਰ ਦਾਸ, ਸ਼ਸ਼ੀ ਭੂਸ਼ਨ ਵਰਮਾ ਐਮ ਡੀ, ਐਫ.ਸੀ ਵਰਮਾ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭੰਡਾਰੀ ਗੇਟ ਬਟਾਲਾ, ਦਿਲਬਾਗ ਸਿੰਘ ਸੈਨੇਟਰੀ ਇੰਸਪੈਕਟਰ, ਪਰਮਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਸਕੂਲਾਂ ਦੇ ਨੁਮਾਇੰਦੇ ਹਾਜ਼ਰ ਸਨ।

Story You May Like