The Summer News
×
Saturday, 11 May 2024

ਜ਼ਿਲ੍ਹਾ ਸਿਹਤ ਵਿਭਾਗ ਦੀ ਟੀਮ ਨੇ ਖਾਧ ਪਦਾਰਥਾਂ ਦੇ ਭਰੇ ਸੈਂਪਲ

ਪਟਿਆਲਾ 9 ਮਈ: ਜ਼ਿਲ੍ਹੇ ਵਾਸੀਆਂ ਨੂੰ ਸਾਫ਼ ਸੁਥਰਾ ਖਾਧ ਪਦਾਰਥ ਮੁਹੱਈਆ ਕਰਵਾਉਣ ਅਤੇ ਖਾਧ ਪਦਾਰਥਾਂ ਵਿੱਚ ਹੁੰਦੀ ਮਿਲਾਵਟਖੋਰੀ ਨੂੰ ਰੋਕਣ ਲਈ ਸਿਵਲ ਸਰਜਨ ਡਾ. ਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਹਤ ਵਿਭਾਗ ਦੀ ਟੀਮ ਵੱਲੋਂ ਨਾਭਾ ਅਤੇ ਪਟਿਆਲਾ ਸ਼ਹਿਰ ਦੇ ਵੱਖ ਵੱਖ ਥਾਂਵਾਂ ’ਤੇ ਮਿਠਾਈਆਂ ਅਤੇ ਪ੍ਰੋਟੀਨ ਸਪਲੀਮੈਂਟ ਦੀ ਵਿੱਕਰੀ ਕਰ ਰਹੇ ਯੂਨਿਟਾਂ/ਦੁਕਾਨਾਂ ਦੀ ਚੈਕਿੰਗ ਕਰਕੇ ਸੈਂਪਲ ਭਰੇ ਗਏ। ‌


ਇਸ ਸਬੰਧੀ ਜਾਣਕਾਰੀ ਦਿੰਦਿਆਂ ਫੂਡ ਸੇਫ਼ਟੀ ਅਫ਼ਸਰ ਕੰਵਰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਟੀਮ ਜਿਸ ਵਿੱਚ ਫੂਡ ਸੇਫ਼ਟੀ ਅਫ਼ਸਰ ਪੁਨੀਤ ਸ਼ਰਮਾ ਵੀ ਸ਼ਾਮਲ ਸਨ, ਵੱਲੋਂ ਪਹਿਲਾ ਨਾਭਾ ਵਿਖੇ ਵੱਖ ਵੱਖ ਮਿਠਾਈਆਂ ਦੀਆਂ ਦੁਕਾਨਾਂ ਤੇ ਚੈਕਿੰਗ ਕਰਕੇ ਉੱਥੋਂ ਮਿਠਾਈਆਂ ਦੇ ਚਾਰ ਸੈਂਪਲ ਭਰੇ ਗਏ। ਉਸ ਤੋਂ ਬਾਦ ਟੀਮ ਵੱਲੋਂ ਰਜਬਾਹਾ ਰੋਡ ਸਥਿਤ ਪ੍ਰੋਟੀਨ ਸਪਲੀਮੈਂਟ ਦੀ ਵਿੱਕਰੀ ਕਰ ਰਹੇ ਦੁਕਾਨਦਾਰ ਦੀ ਚੈਕਿੰਗ ਕਰਕੇ ਉੱਥੋਂ ਪ੍ਰੋਟੀਨ ਸਪਲੀਮੈਂਟ ਦੇ ਤਿੰਨ ਸਰਵੈਲੈਂਸ ਸੈਂਪਲ ਲਏ ਗਏ। ਉਹਨਾਂ ਦੱਸਿਆ ਕਿ ਭਰੇ ਗਏ ਇਹਨਾਂ ਸੈਂਪਲਾਂ ਨੂੰ ਲੈਬਾਰਟਰੀ ਵਿਖੇ ਜਾਂਚ ਲਈ ਭੇਜਿਆ ਜਾਵੇਗਾ ਅਤੇ ਲੈਬਾਰਟਰੀ ਜਾਂਚ ਤੋਂ ਬਾਅਦ ਜੇਕਰ ਸੈਂਪਲ ਫੈਲ ਪਾਏ ਗਏ ਤਾਂ ਸਬੰਧਤ ਮਾਲਕਾਂ ਖ਼ਿਲਾਫ਼ ਫੂਡ ਸੇਫ਼ਟੀ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।


ਇਸ ਮੌਕੇ ਫੂਡ ਸੇਫ਼ਟੀ ਅਫ਼ਸਰਾਂ ਵੱਲੋਂ ਮਿਠਾਈ ਵਿਕਰੇਤਾਵਾਂ ਨੂੰ ਮਿਠਾਈਆਂ ਦੀ ਮਿਆਦ ਪੁੱਗਣ ਮਿਤੀ ਲਿਖਣ ਬਾਰੇ ਸਖ਼ਤ ਹਦਾਇਤਾਂ ਕੀਤੀਆਂ ਅਤੇ ਵਸਤਾਂ ਦਾ ਉਤਪਾਦ ਕਰਨ ਅਤੇ ਵਿੱਕਰੀ ਸਮੇਂ ਸਾਫ਼ ਸਫ਼ਾਈ ਦਾ ਖ਼ਾਸ ਧਿਆਨ ਰੱਖਣ ਦੀਆਂ ਹਦਾਇਤਾਂ ਵੀ ਦਿੱਤੀਆਂ।

Story You May Like