The Summer News
×
Monday, 20 May 2024

 ਵਿਜੀਲੈਂਸ ਬਿਊਰੋ ਵੱਲੋਂ ਘੱਟ ਗਿਣਤੀ ਕਮਿਸ਼ਨ ਦਾ ਸਾਬਕਾ ਮੈਂਬਰ 'ਤੇ ਉਸ ਦਾ ਪੀਏ 10 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ

ਚੰਡੀਗੜ੍ਹ 12 ਅਪ੍ਰੈਲ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੋਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ ਲਾਲ ਹੁਸੈਨ ਅਤੇ ਉਸ ਦੇ ਨਿੱਜੀ ਸਹਾਇਕ ਮੁਹੱਬਤ ਮੇਹਰਬਾਨ ਨੂੰ 10,49,500 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਦੱਸਣਯੋਗ ਹੈ ਕਿ ਫਰਵਰੀ 2020 ਤੋਂ ਫਰਵਰੀ 2023 ਤੱਕ ਲਾਲ ਹੁਸੈਨ ਇਸ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਰਹੇ ਹਨ।


ਅੱਜ ਇੱਥੇ ਇਸ ਦਾ ਖੁਲਾਸਾ ਕਰਦੇ ਹੋਏ, ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਵਿਰੁੱਧ ਇਹ ਕੇਸ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਉਪਰ ਦਰਜ ਕਰਵਾਈ ਆਨਲਾਈਨ ਸ਼ਿਕਾਇਤ ਦੇ ਅਧਾਰ ਉਪਰ ਦਰਜ ਕੀਤਾ ਗਿਆ ਹੈ। ਹੋਰ ਵੇਰਵੇ ਦਿੰਦੇ ਹੋਏ ਉਨਾਂ ਕਿਹਾ ਕਿ ਸ਼ਿਕਾਇਤਕਰਤਾ ਸੰਦੀਪ ਕੁਮਾਰ, ਵਾਸੀ ਪਿੰਡ ਚਾਨਨ ਵਾਲਾ, ਜ਼ਿਲਾ ਫਜ਼ਿਲਕਾ ਨੇ ਦੋਸ਼ ਲਾਇਆ ਹੈ ਕਿ ਉਪਰੋਕਤ ਮੁਲਜ਼ਮਾਂ ਨੇ ਉਸਦੇ ਭਰਾ, ਭੈਣ, ਸਾਲੇ ਅਤੇ ਦੋਸਤ ਨੂੰ ਵਕਫ਼ ਬੋਰਡ ਵਿੱਚ ਜਾਂ ਡੀਜੀਪੀ ਪੰਜਾਬ ਦੇ ਸਿੱਧੇ ਕੋਟੇ ਤਹਿਤ ਸਿਪਾਹੀ ਵਜੋਂ ਨੌਕਰੀ ਦਿਵਾਉਣ ਬਦਲੇ ਪ੍ਰਤੀ ਵਿਅਕਤੀ 07 ਲੱਖ ਰੁਪਏ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਉਕਤ ਮੁਲਜ਼ਮ ਉਸ ਕੋਲੋਂ ਪਹਿਲਾਂ ਹੀ ਤਿੰਨ ਕਿਸ਼ਤਾਂ ਵਿੱਚ 10,49,500 ਰੁਪਏ ਲੈ ਚੁੱਕੇ ਹਨ। ਸ਼ਿਕਾਇਤਕਰਤਾ ਨੇ ਇਸ ਸਬੰਧ ਵਿੱਚ ਮੁਲਜ਼ਮ ਮੇਹਰਬਾਨ ਨਾਲ ਹੋਈ ਗੱਲਬਾਤ ਨੂੰ ਰਿਕਾਰਡ ਕਰ ਲਿਆ ਅਤੇ ਸਬੂਤ ਵਜੋਂ ਸ਼ਿਕਾਇਤ ਦੇ ਨਾਲ ਬਿਊਰੋ ਨੂੰ ਦੇ ਦਿੱਤਾ ਸੀ।


ਬੁਲਾਰੇ ਨੇ ਅੱਗੇ ਕਿਹਾ ਕਿ ਬਿਊਰੋ ਨੇ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਅਤੇ ਇਸ ਰਿਸ਼ਵਤ ਦੀ ਰਕਮ ਦੀ ਮੰਗ ਕਰਨ ਅਤੇ ਸਵੀਕਾਰ ਕਰਨ ਲਈ ਦੋਸ਼ੀ ਪਾਏ ਜਾਣ ਤੋਂ ਬਾਅਦ ਉਪਰੋਕਤ ਦੋਵਾਂ ਮੁਲਜ਼ਮਾਂ  ਖਿਲਾਫ ਮੋਹਾਲੀ ਵਿਖੇ ਵਿਜੀਲੈਂਸ ਬਿਊਰੋ ਦੇ ਪੁਲਿਸ ਥਾਣਾ ਉਡਣ ਦਸਤਾ-1, ਪੰਜਾਬ, ਮੁਹਾਲੀ ਵਿੱਚ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਹੈ। ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮੋਹਾਲੀ ਦੀ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ।

Story You May Like