The Summer News
×
Tuesday, 21 May 2024

ਰਾਵੀ ਦਰਿਆ ਤੋਂ ਪਾਰ ਫਸੇ 150 ਵਿਅਕਤੀਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ

ਅਜਨਾਲਾ, 10 ਜੁਲਾਈ -  ਅੰਮਿ੍ਤਸਰ ਜਿਲੇ ਦੇ ਆਖਰੀ ਪਿੰਡ ਘੋਨੇਵਾਲ, ਜਿਸ ਦੇ 300 ਦੇ ਕਰੀਬ ਵਾਸੀ ਰਾਵੀ ਦਰਿਆ ਤੋਂ ਪਾਰ ਆਪਣੇ ਖੇਤਾਂ ਵਿੱਚ ਕੰਮ ਕਰਨ ਗਏ ਸਨ, ਪਰ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਉਥੇ ਹੀ ਫਸ ਗਏ, ਨੂੰ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ ਫੌਜ ਦੀ ਮਦਦ ਨਾਲ ਕੁੱਝ ਹੀ ਘੰਟਿਆਂ ਬਾਅਦ ਸੁਰੱਖਿਅਤ ਵਾਪਸ ਕੱਢ ਲਿਆ ਗਿਆ ਹੈ। ਸ਼ਾਮ ਢੱਲਦੇ ਜਦੋਂ ਇਹ ਖਬਰ ਸ ਧਾਲੀਵਾਲ ਨੂੰ ਮਿਲੀ ਤਾਂ ਉਨ੍ਹਾਂ ਜਿਲਾ ਪ੍ਰਸ਼ਾਸਨ ਦੀ ਮਦਦ ਨਾਲ ਫੌਜ ਨਾਲ ਸੰਪਰਕ ਕੀਤਾ। ਫੌਜ ਨੇ ਤੁਰੰਤ ਹਰਕਤ ਵਿੱਚ ਆਉਂਦੇ ਆਪਣੇ ਜਵਾਨਾਂ ਨੂੰ ਚਾਰ ਕਿਸਤੀਆਂ ਨਾਲ ਮੌਕੇ ਉਤੇ ਭੇਜਿਆ, ਜਿੰਨਾ ਨੇ ਇਹ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਦੇਰ ਰਾਤ ਤੱਕ 150 ਦੇ ਕਰੀਬ ਵਿਅਕਤੀਆਂ ਨੂੰ ਵਾਪਸ ਲਿਆਂਦਾ ਜਾ ਚੁੱਕਾ ਹੈ, ਜਦਕਿ ਬਾਕੀਆਂ ਦੀ ਵਾਪਸੀ ਲਈ ਲਗਾਤਾਰ ਮੁਹਿੰਮ ਜਾਰੀ ਹੈ।


ਫੌਜ ਦੀ ਸਹਾਇਤਾ ਨਾਲ ਚੱਲ ਰਹੇ ਅਪਰੇਸ਼ਨ ਦੀ ਅਗਵਾਈ ਕਰਨ ਪੁੱਜੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਵੀ ਦਰਿਆ ਤੋਂ ਪਾਰ ਅਜੇ ਨਾ ਜਾਣ, ਕਿਉਂਕਿ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਜਾਨ ਹੈ ਤਾਂ ਜਹਾਨ ਹੈ। ਸ ਧਾਲੀਵਾਲ ਨੇ ਕਿਹਾ ਕਿ ਭਾਵੇਂ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਮੁੱਚੀ ਪੰੰਜਾਬ ਸਰਕਾਰ ਇਸ ਮੌਕੇ ਰਾਜ ਦੇ ਸੰਕਟ ਨਾਲ ਨਜਿੱਠਣ ਲਈ ਸਰਗਰਮ ਹੈ, ਪਰ ਇਹ ਸੰਕਟ ਤੁਹਾਡੇ ਸਾਰਿਆਂ ਦੇ ਸਾਥ ਬਿਨਾ ਹੱਲ ਨਹੀਂ ਹੋਣਾ।


ਉਨ੍ਹਾਂ ਕਿਹਾ ਕਿ ਤੁਸੀਂ ਜਿੱਥੇ ਆਪਣੀ ਜਾਨ ਮਾਲ ਦੀ ਰੱਖਿਆ ਕਰੋ, ਉਥੇ ਦਰਿਆ ਦੇ ਬੰਨ ਉਤੇ ਵੀ ਨਿਗਾਹ ਰੱਖੋ, ਤਾਂ ਜੋ ਕਿਧਰੇ ਕੋਈ ਸੰਕਟ ਨਾ ਆਵੇ। ਇਸ ਮੌਕੇ ਹੜ ਦੇ ਪਾਣੀ ਵਿੱਚੋਂ ਕੱਢੇ ਪਿੰਡ ਵਾਸੀਆਂ ਨੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਦਾ ਧੰਨਵਾਦ ਕਰਦੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਖੇਤਾਂ ਵਿੱਚ ਆਪਣੇ ਕੰਮਾਂ ਲਈ ਗਏ ਸਨ। ਉਸ ਵੇਲੇ ਪਾਣੀ ਆਮ ਦੀ ਤਰ੍ਹਾਂ ਸੀ, ਪਰ ਸ਼ਾਮ ਜਦੋਂ ਘਰਾਂ ਨੂੰ ਵਾਪਸ ਆਉਣ ਦਾ ਸਮਾਂ ਹੋਇਆ ਤਾਂ ਪਾਣੀ ਦਾ ਪੱਧਰ ਵੱਧ ਗਿਆ, ਜਿਸ ਕਾਰਨ ਉਥੋਂ ਨਿਕਲਣਾ ਮੁਸ਼ਕਿਲ ਹੋਣ ਕਾਰਨ ਅਸੀਂ ਸ ਧਾਲੀਵਾਲ ਨਾਲ ਸੰਪਰਕ ਕੀਤਾ, ਜੋ ਕਿ ਕੁੱਝ ਹੀ ਮਿੰਟਾਂ ਵਿੱਚ ਆਪਣੇ ਅਮਲੇ ਨਾਲ ਆ ਪੁੱਜੇ। ਉਨ੍ਹਾਂ ਕਿਹਾ ਕਿ ਅੱਜ ਇਸ ਮਦਦ ਸਦਕਾ ਅਸੀਂ ਵੱਡੇ ਸੰਕਟ ਵਿੱਚੋਂ ਮਹਿਫ਼ੂਜ਼ ਨਿਕਲੇ ਹਾਂ।

Story You May Like