The Summer News
×
Tuesday, 25 March 2025

ਵੈਟਨਰੀ ਯੂਨੀਵਰਸਿਟੀ ਵੱਲੋਂ ਪਸ਼ੂਆਂ ਦੀ ਲੰਪੀ ਸਕਿਨ ਬਿਮਾਰੀ ਸੰਬਧੀ ਕਰਵਾਈ ਗਈ ਵਿਚਾਰ ਗੋਸ਼ਠੀ

ਲੁਧਿਆਣਾ, 13 ਅਗਸਤ। ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਲੰਪੀ ਸਕਿਨ ਬਿਮਾਰੀ ਸੰਬੰਧੀ ਇਕ ਆਨਲਾਈਨ ਵਿਚਾਰ ਗੋਸ਼ਠੀ ਦਾ ਆਯੋਜਨ ਕੀਤਾ ਗਿਆ।ਇਸ ਗੋਸ਼ਠੀ ਵਿਚ ਕਿਸਾਨਾਂ ਅਤੇ ਹੋਰ ਭਾਈਵਾਲ ਧਿਰਾਂ ਨੂੰ ਬਿਮਾਰੀ ਸੰਬੰਧੀ ਜਾਣਕਾਰੀ ਦਿੱਤੀ ਗਈ ਅਤੇ ਲੋਕਾਂ ਵਿਚ ਚਲ ਰਹੇ ਭਰਮਾਂ ਅਤੇ ਤੌਖਲਿਆਂ ਨੂੰ ਸਪੱਸ਼ਟ ਕਰਨ ਦਾ ਯਤਨ ਕੀਤਾ ਗਿਆ।ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਗੋਸ਼ਠੀ ਦੌਰਾਨ 100 ਤੋਂ ਵਧੇਰੇ ਫੋਨ ਕਾਲਾਂ ਆਈਆਂ ਜਿੰਨ੍ਹਾਂ ਰਾਹੀਂ ਕਿਸਾਨਾਂ ਦੀਆਂ ਦੁੱਧ, ਉਤਪਾਦਨ ਅਤੇ ਟੀਕਾਕਰਨ ਸੰਬੰਧੀ ਉਲਝਣਾਂ ਅਤੇ ਸੰਸਿਆਂ ਨੂੰ ਦੂਰ ਕੀਤਾ ਗਿਆ।ਡਾ. ਸਵਰਨ ਸਿੰਘ ਰੰਧਾਵਾ, ਨਿਰਦੇਸ਼ਕ ਪਸ਼ੂ ਹਸਪਤਾਲ ਨੇ ਦੱਸਿਆ ਕਿ ਗਰਮ ਅਤੇ ਹੁੰਮਸ ਵਾਲੇ ਮੌਸਮ ਵਿਚ ਇਹ ਬਿਮਾਰੀ ਗਾਂਵਾਂ ਤੇ ਮੱਝਾਂ ਨੂੰ ਹੋ ਜਾਂਦੀ ਹੈ ਅਤੇ ਮੱਛਰ, ਮੱਖੀ ਅਤੇ ਚਿੱਚੜ ਇਸ ਦੇ ਵਾਹਕ ਬਣਦੇ ਹਨ।


ਡਾ. ਜਸਬੀਰ ਸਿੰਘ ਬੇਦੀ, ਨਿਰਦੇਸ਼ਕ ਵਨ ਹੈਲਥ ਕੇਂਦਰ ਨੇ ਬਿਮਾਰੀ ਸੰਬੰਧੀ ਪੈਦਾ ਹੋਏ ਕਈ ਭਰਮਾਂ ਬਾਰੇ ਸਪੱਸ਼ਟ ਕੀਤਾ।ਉਨ੍ਹਾਂ ਕਿਹਾ ਕਿ ਬਿਮਾਰੀ ਮਨੁੱਖਾਂ ਨੂੰ ਨਾ ਤਾਂ ਸਿੱਧੇ ਸੰਪਰਕ ਨਾਲ ਹੁੰਦੀ ਹੈ ਅਤੇ ਨਾ ਹੀ ਦੁੱਧ ਦੀ ਵਰਤੋਂ ਨਾਲ।ਦੁੱਧ ਸਾਨੂੰ ਪੂਰਨ ਤੌਰ ’ਤੇ ਉਬਾਲ ਕੇ ਪੀਣਾ ਚਾਹੀਦਾ ਹੈ।ਜੇ ਪਸ਼ੂ ਦੀ ਮੌਤ ਹੋ ਜਾਂਦੀ ਹੈ ਤਾਂ 6x6x6 ਦਾ ਟੋਆ ਪੁੱਟ ਕੇ ਚੂਨਾ ਪਾ ਕੇ ਦੱਬਣਾ ਚਾਹੀਦਾ ਹੈ।ਡਾ. ਦੀਪਤੀ ਨਾਰੰਗ, ਮੁਖੀ, ਵੈਟਨਰੀ ਸੂਖਮਜੀਵ ਵਿਭਾਗ ਨੇ ਦੱਸਿਆ ਕਿ ਸਾਰੇ ਸਿਹਤਮੰਦ ਪਸ਼ੂਆਂ ਨੂੰ ਜੋ ਚਾਰ ਮਹੀਨੇ ਤੋਂ ਉਪਰ ਦੇ ਹੋਣ, ਦਾ ਟੀਕਾਕਰਨ ਕਰਨਾ ਲਾਜ਼ਮੀ ਹੈ।ਡਾ. ਰਾਕੇਸ਼ ਕੁਮਾਰ ਸ਼ਰਮਾ, ਮੁਖੀ, ਵੈਟਨਰੀ ਪਸਾਰ ਸਿੱਖਿਆ ਵਿਭਾਗ ਨੇ ਬਹੁਤ ਸਾਰੇ ਘਰੇਲੂ ਨੁਸਖੇ ਸਾਂਝੇ ਕੀਤੇ ਜਿਸ ਨਾਲ ਪਸ਼ੂ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਈ ਜਾ ਸਕਦੀ ਹੈ ਅਤੇ ਪਸ਼ੂ ਦਾ ਇਲਾਜ ਕੀਤਾ ਜਾ ਸਕਦਾ ਹੈ।ਕਿਸਾਨ ਨੁਮਾਇੰਦਿਆਂ ਦੇ ਤੌਰ ’ਤੇ ਸ਼੍ਰੀ ਸੰਦੀਪ ਸਿੰਘ ਰੰਧਾਵਾ, ਸ. ਮਨਿੰਦਰਜੀਤ ਸਿੰਘ ਬਾਵਾ, ਸ਼੍ਰੀ ਸੁਰਿੰਦਰ ਸਿੰਘ ਢੀਂਡਸਾ, ਅਗਾਂਹਵਧੂ ਕਿਸਾਨਾਂ ਨੇ ਸ਼ਿਰਕਤ ਕੀਤੀ ਅਤੇ ਮੁੱਲਵਾਨ ਵਿਚਾਰ ਰੱਖੇ।ਡਾ. ਹਰਪ੍ਰੀਤ ਸਿੰਘ, ਸਹਿਯੋਗੀ ਪ੍ਰੋਫੈਸਰ, ਸੰਚਾਰ ਨੇ ਗੋਸ਼ਠੀ ਦਾ ਸੰਯੋਜਨ ਕੀਤਾ।ਗੋਸ਼ਠੀ ਦੌਰਾਨ 160 ਤੋਂ ਵੱਧ ਕਿਸਾਨਾਂ, ਵੈਟਨਰੀ ਅਧਿਕਾਰੀਆਂ, ਪਸਾਰ ਕਰਮਚਾਰੀਆਂ, ਵਿਸ਼ਾ ਮਾਹਿਰਾਂ ਨੇ ਪੰਜਾਬ, ਜੰਮੂ, ਨਾਲ ਲਗਦੇ ਰਾਜਾਂ ਅਤੇ ਅਮਰੀਕਾ ਤੋਂ ਵੀ ਹਿੱਸਾ ਲਿਆ।ਤਿੰਨ ਘੰਟੇ ਚੱਲੇ ਇਸ ਪ੍ਰੋਗਰਾਮ ਨੂੰ ਬੜੇ ਗਹੁ ਨਾਲ ਵੇਖਿਆ ਅਤੇ ਸੁਣਿਆ ਗਿਆ।


Story You May Like