The Summer News
×
Friday, 14 February 2025

ਮੇਘਾਲਿਆ ਦੇ ਰਾਜਪਾਲ ਸੱਤਿਆ ਪਾਲ ਮਲਿਕ ਵੱਲੋਂ ਜੰਗ-ਏ-ਆਜ਼ਾਦੀ ,ਯਾਦਗਾਰ ਦਾ ਦੌਰਾ ਸ਼ਹੀਦਾਂ ਦੀ ਸ਼ਹਾਦਤ ਨੂੰ ਕੀਤਾ ਸਿੱਜਦਾ

ਜਲੰਧਰ : ਮੇਘਾਲਿਆ ਦੇ ਰਾਜਪਾਲ ਸੱਤਿਆ ਪਾਲ ਮਲਿਕ ਵੱਲੋਂ ਅੱਜ ਜੰਗ-ਏ-ਆਜ਼ਾਦੀ ਯਾਦਗਾਰ ਦਾ ਦੌਰਾ ਕਰਦਿਆਂ ਆਜ਼ਾਦੀ ਸੰਗਰਾਮ ਵਿੱਚ ਆਪਣੀਆਂ ਜਾਨਾਂ ਵਾਰ ਦੇਣ ਵਾਲੇ ਅਤੇ ਦੇਸ਼ ਨੂੰ ਬਰਤਾਵਨੀ ਸ਼ਾਸਨ ਤੋਂ ਆਜ਼ਾਦ ਕਰਵਾਉਣ ਵਾਲੇ ਸ਼ਹੀਦਾਂ ਦੀਆਂ ਲਾਮਿਸਾਲ ਸ਼ਹਾਦਤਾਂ ਨੂੰ ਸਿੱਜਦਾ ਕੀਤਾ ਗਿਆ ।


ਰਾਜਪਾਲ ਸੱਤਿਆ ਪਾਲ ਮਲਿਕ, ਜਿਨ੍ਹਾਂ ਨਾਲ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵੀ ਮੌਜੂਦ ਸਨ, ਵੱਲੋਂ ਆਜ਼ਾਦੀ ਘੁਲਾਟੀਆਂ ਅਤੇ ਸੁਤੰਤਰਤਾ ਸੰਗਰਾਮ ਵਿੱਚ ਪੰਜਾਬੀਆਂ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਨੂੰ ਦਰਸਾਉਂਦੀਆਂ ਗੈਲਰੀਆਂ ਨੂੰ ਗਹੁ ਨਾਲ ਦੇਖਿਆ। ਉਪਰੰਤ ਉਨ੍ਹਾਂ ਵੱਲੋਂ ਯਾਦਗਾਰ ਵਿਖੇ ਦਰਸਾਈ ਜਲਿਆਂਵਾਲਾ ਬਾਗ਼ ਦੇ ਸਾਕੇ ਅਤੇ ਅੰਡੇਮਾਨ ਸੈਲੂਲਰ ਜੇਲ ਬਾਰੇ ਵਿਸਥਾਰਿਤ ਜਾਣਕਾਰੀ ਦੇ ਨਾਲ-ਨਾਲ ਆਜ਼ਾਦੀ ਸੰਗਰਾਮ ’ਤੇ ਆਧਾਰਿਤ ਲਘੂ ਫਿਲਮ ਵੀ ਦੇਖੀ ਗਈ । ਰਾਜਪਾਲ ਵੱਲੋਂ ਆਜ਼ਾਦੀ ਦੇ ਸੰਘਰਸ਼ ਨੂੰ ਪੇਸ਼ ਕਰਦੀਆਂ ਤਸਵੀਰਾਂ ਤੋਂ ਇਲਾਵਾ ਉਥੇ ਸਕਰੀਨਾਂ ’ਤੇ ਪ੍ਰਦਰਸ਼ਿਤ ਅਤੇ ਲਿਖਿਤ ਵਿਸਥਾਰਿਤ ਜਾਣਕਾਰੀ ਨੂੰ ਵੀ ਵਾਚਿਆ ਗਿਆ।


ਉਨ੍ਹਾਂ ਕਿਹਾ ਕਿ ਇਸ ਯਾਦਗਾਰ ਵਿੱਚ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਵੱਲੋਂ ਦਿੱਤੀਆਂ ਸ਼ਹਾਦਤਾਂ ਨੂੰ ਸਹੀ ਪਰਿਪੇਖ ਵਿੱਚ ਦਰਸਾਇਆ ਗਿਆ ਹੈ, ਜੋ ਕਿ ਇਨ੍ਹਾਂ ਮਹਾਨ ਸ਼ਹੀਦਾਂ ਅਤੇ ਆਜ਼ਾਦੀ ਦੇ ਪਰਵਾਨਿਆਂ ਨੂੰ ਢੁੱਕਵੀਂ ਸ਼ਰਧਾਂਜਲੀ ਹੈ ਅਤੇ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਵੀ ਹੈ। ਉਨ੍ਹਾਂ ਕਿਹਾ ਕਿ ਇਹ ਯਾਦਗਾਰ ਸਾਡੀਆਂ ਨੌਜਵਾਨ ਪੀੜ੍ਹੀਆਂ ਨੂੰ ਦੇਸ਼ ਦੇ ਸੁਨਹਿਰੇ ਪਿਛੋਕੜ ਅਤੇ ਬਰਤਾਨਵੀ ਸਾਮਰਾਜਵਾਦ ਖਿਲਾਫ਼ ਲੜਨ ਵਾਲੇ ਹਜ਼ਾਰਾਂ ਬਹਾਦਰ ਦੇਸ਼ ਭਗਤਾਂ ਦੀਆਂ ਕੁਰਬਾਨੀ ਤੋਂ ਜਾਣੂੰ ਕਰਵਾਉਂਦੇ ਹੋਏ ਉਨ੍ਹਾਂ ਵਿੱਚ ਦੇਸ਼ ਭਗਤੀ ਅਤੇ ਰਾਸ਼ਟਰਵਾਦ ਦੀ ਭਾਵਨਾ ਨੂੰ ਹੋਰ ਦ੍ਰਿੜ ਕਰਦੀ ਰਹੇਗੀ। ਇਸ ਮੌਕੇ ਐਸ.ਡੀ.ਐਮ. ਬਲਬੀਰ ਰਾਜ ਸਿੰਘ ਅਤੇ ਹੋਰ ਵੀ ਮੌਜੂਦ ਸਨ।


 


Story You May Like