The Summer News
×
Tuesday, 21 May 2024

ਪਟਿਆਲਾ ਦੇ ਸਰਕਾਰੀ ਸਕੂਲਾਂ 'ਚ ਹੋਈ ਮਾਪੇ ਅਧਿਆਪਕ ਮਿਲਣੀ

-ਮਾਪਿਆਂ ਨਾਲ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਪ੍ਰਗਤੀ ਦੀ ਕੀਤੀ ਚਰਚਾ

-ਸਬ ਡਵੀਜ਼ਨ ਪੱਧਰ 'ਤੇ ਐਸ.ਡੀ.ਐਮਜ਼ ਨੇ ਮਾਪੇ ਅਧਿਆਪਕ ਮਿਲਣੀ 'ਚ ਕੀਤੀ ਸ਼ਮੂਲੀਅਤ

ਪਟਿਆਲਾ 16 ਦਸੰਬਰ: ਪਟਿਆਲਾ ਦੇ ਅੱਜ ਸਰਕਾਰੀ ਸਕੂਲਾਂ 'ਚ ਮੈਗਾ ਪੀ.ਟੀ.ਐਮ (ਮਾਪੇ ਅਧਿਆਪਕ ਮਿਲਣੀ) ਕਰਵਾਈ ਗਈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਹੋਈ ਮਾਪੇ ਅਧਿਆਪਕ ਮਿਲਣੀ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਮਿਲਣੀ ਵਿੱਚ ਜਿਥੇ ਸਕੂਲਾਂ 'ਚ ਮਾਪੇ ਅਧਿਆਪਕਾਂ ਨੂੰ ਜਾ ਕੇ ਮਿਲੇ ਉਥੇ ਹੀ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮਜ਼ ਨੇ ਵੀ ਵੱਖ ਵੱਖ ਸਕੂਲਾਂ 'ਚ ਜਾ ਕੇ ਮਾਪਿਆਂ ਅਤੇ ਅਧਿਆਪਕਾਂ ਨਾਲ ਮੁਲਾਕਾਤ ਕੀਤੀ ਅਤੇ ਫੀਡਬੈਕ ਪ੍ਰਾਪਤ ਕੀਤੀ।


ਉਨ੍ਹਾਂ ਦੱਸਿਆ ਕਿ ਐਸ.ਡੀ.ਐਮ. ਪਟਿਆਲਾ ਡਾ. ਇਸਮਤ ਵਿਜੈ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੀਲਖਾਨਾ ਦਾ ਦੌਰਾ ਕੀਤਾ ਜਦਕਿ ਐਸ.ਡੀ.ਐਮ. ਰਾਜਪੁਰਾ ਜਸਲੀਨ ਕੌਰ ਭੁੱਲਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ, ਸਰਕਾਰੀ ਹਾਈ ਸਕੂਲ ਰਾਜਪੁਰਾ, ਸਰਕਾਰੀ ਐਲੀਮੈਂਟਰੀ ਸਕੂਲ ਐਨ.ਟੀ.ਸੀ. 2 ਰਾਜਪੁਰਾ ਦਾ ਦੌਰਾ ਕੀਤਾ। ਐਸ.ਡੀ.ਐਮ. ਪਾਤੜਾਂ ਨਵਦੀਪ ਕੁਮਾਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਫਤਰੀਵਾਲਾ ਤੇ ਸਕੂਲ ਆਫ਼ ਐਮੀਨੈਂਸ ਘੱਗਾ, ਐਸ.ਡੀ.ਐਮ. ਸਮਾਣਾ ਚਰਨਜੀਤ ਸਿੰਘ ਨੇ ਸਰਕਾਰੀ ਐਲੀਮੈਂਟਰੀ ਸਕੂਲ ਬਾਦਸ਼ਾਹਪੁਰ ਕਾਲੇਕੀ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਸ਼ਾਹਪੁਰ ਕਾਲੇਕੀ ਦਾ ਦੌਰਾ ਕਰਕੇ ਮਾਪਿਆਂ ਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ। ਐਸ.ਡੀ.ਐਮ. ਨਾਭਾ ਤਰਸੇਮ ਚੰਦ ਪਿੰਡ ਤਰਖੇੜੀ ਅਤੇ ਟੋਹੜਾਂ ਦੇ ਸਕੂਲਾ 'ਚ ਜਾ ਕੇ ਮਾਪੇ ਅਧਿਆਪਕ ਮਿਲਣੀ ਵਿੱਚ ਸ਼ਾਮਲ ਹੋਏ। ਇਸੇ ਤਰ੍ਹਾਂ ਐਸ.ਡੀ.ਐਮ ਦੁਧਨਸਾਧਾਂ ਕ੍ਰਿਪਾਲਵੀਰ ਸਿੰਘ ਨੇ ਸਰਕਾਰੀ ਸਕੂਲ ਮੀਰਾਪੁਰ, ਭੁਨਰਹੇੜੀ ਅਤੇ ਨਜ਼ਾਮਪੁਰ ਵਿਖੇ ਚੱਲ ਰਹੀ ਅਧਿਆਪਕ ਮਾਪੇ ਮਿਲਣੀ ਵਿੱਚ ਸ਼ਮੂਲੀਅਤ ਕੀਤੀ।


ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਮੈਗਾ ਪੀ.ਟੀ.ਐਮ. ਦਾ ਉਦੇਸ਼ ਮਾਪਿਆ ਅਤੇ ਅਧਿਆਪਕਾਂ ਵਿਚਕਾਰ ਵਿਦਿਆਰਥੀਆਂ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਬਾਰੇ ਸਿੱਧੀ ਫੀਡਬੈਕ ਸਾਂਝੀ ਕਰਨਾ ਹੈ ਅਤੇ ਇਸ ਨਾਲ ਬੱਚਿਆਂ ਦੇ ਸਰਵਪੱਖੀ ਵਿਕਾਸ ਵਿੱਚ ਮਦਦ ਮਿਲੇਗੀ।

Story You May Like