The Summer News
×
Friday, 10 May 2024

ਗੰਭੀਰ ਹੋਇਆ ਬਿਜਲੀ ਸੰਕਟ : ਰਾਜਪੁਰਾ ਪਲਾਂਟ ਦਾ ਇਕ ਯੂਨਿਟ ਹੋਇਆ ਬੰਦ

ਪਟਿਆਲਾ : ਪੰਜਾਬ ’ਚ ਭਾਵੇਂ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਨੂੰ ਕਰੀਬ ਢਾਈ ਮਹੀਨੇ ਤੋਂ ਜ਼ਿਆਦਾ ਸਮਾਂ ਬਾਕੀ ਹੈ ਪਰ ਸੂਬੇ ਵਿੱਚ ਬਿਜਲੀ ਸੰਕਟ ਗੰਭੀਰ ਹੁੰਦਾ ਜਾ ਰਿਹਾ ਹੈ। ਲੰਘੀ ਦੇਰ ਰਾਤ 10 ਵਜੇ ਰਾਜਪੁਰਾ ਥਰਮਲ ਪਲਾਂਟ ਦਾ ਯੂਨਿਟ ਨੰਬਰ 1 ਤਕਨੀਕੀ ਨੁਕਸ ਕਾਰਨ ਬੰਦ ਹੋ ਗਿਆ ਜਦੋਂ ਕਿ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦਾ ਯੂਨਿਟ ਨੰਬਰ 4 ਦੁਪਹਿਰ 3 ਵਜੇ ਤਕਨੀਕੀ ਨੁਕਸ ਪੈਣ ਮਗਰੋਂ ਬੰਦ ਹੋ ਗਿਆ ਪਰ ਇਹ ਸ਼ਾਮ 7 ਵਜੇ ਦੇ ਕਰੀਬ ਮੁੜ ਸ਼ੁਰੂ ਹੋ ਗਿਆ। ਥਰਮਲ ਪਲਾਂਟ ਦੇ ਮਾਮਲੇ ਵਿੱਚ ਇਸ ਵੇਲੇ ਰਾਜਪੁਰਾ ਥਰਮਲ ਪਲਾਂਟ ਦਾ ਇਕ ਯੂਨਿਟ, ਤਲਵੰਡੀ ਸਾਬੋ ਦੇ ਤਿੰਨੋਂ ਯੂਨਿਟ, ਗੋਇੰਦਵਾਲ ਸਾਹਿਬ ਦਾ ਇਕ ਯੂਨਿਟ, ਰੋਪੜ ਪਲਾਂਟ ਦੇ ਤਿੰਨ ਯੂਨਿਟ ਅਤੇ ਲਹਿਰਾ ਮੁਹੱਬਤ ਪਲਾਂਟ ਦੇ ਚਾਰੋਂ ਯੂਨਿਟ ਬਿਜਲੀ ਪੈਦਾ ਕਰ ਰਹੇ ਹਨ। ਪਾਵਰਕਾਮ ਆਪਣੇ ਸਰਕਾਰੀ ਥਰਮਲਾਂ ਤੋਂ ਵੀ ਇਸ ਵੇਲੇ ਪੂਰੀ ਬਿਜਲੀ ਪੈਦਾਵਾਰ ਲੈ ਰਿਹਾ ਹੈ। ਲੰਘੇ ਦਿਨ ਰੋਪੜ ਪਲਾਂਟ ਦੀ ਬਿਜਲੀ ਪੈਦਾਵਾਰ ਸਮਰੱਥਾ ਯਾਨੀ ਪਲਾਂਟ ਲੋਡ ਫੈਕਟਰ 74.39 ਰਿਹਾ, ਜਦੋਂ ਕਿ ਲਹਿਰਾ ਮੁਹੱਬਤ ਪਲਾਂਟ ਤੋਂ ਲੰਘੇ ਦਿਨ ਪਾਵਰਕਾਮ ਨੇ 95.93 ਫੀਸਦੀ ਬਿਜਲੀ ਪੈਦਾਵਾਰ ਲਈ। ਪ੍ਰਾਈਵੇਟ ਥਰਮਲ ਪਲਾਂਟਾਂ ’ਚ ਤਲਵੰਡੀ ਸਾਬੋ ਤੋਂ ਲੰਘੇ ਦਿਨ 69.87, ਰਾਜਪੁਰਾ ਤੋਂ 80.53 ਅਤੇ ਗੋਇੰਦਵਾਲ ਸਾਹਿਬ ਪਲਾਂਟ ਤੋਂ 42.5 ਫੀਸਦੀ ਸਮਰੱਥਾ ’ਤੇ ਬਿਜਲੀ ਪੈਦਾਵਾਰ ਲਈ ਗਈ।


ਦੂਜੇ ਪਾਸੇ ਓਪਨ ਐਕਸਚੇਂਜ ’ਚ ਵੀ ਬਿਜਲੀ ਦਾ ਭਾਅ ਅਸਮਾਨੀ ਚੜ੍ਹਿਆ ਹੋਇਆ ਹੈ। ਐਕਸਚੇਂਜ ’ਚ ਇਸ ਵੇਲੇ ਬਿਜਲੀ 17 ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਵਿਕ ਰਹੀ ਹੈ। ਕੋਲਾ ਸੰਕਟ ਦੀ ਗੱਲ ਕਰੀਏ ਤਾਂ ਇਸ ਵੇਲੇ ਤਲਵੰਡੀ ਸਾਬੋ ਪਲਾਂਟ ’ਚ ਤਕਰੀਬਨ ਅੱਧਾ ਦਿਨ ਦਾ ਕੋਲਾ ਬਾਕੀ ਹੈ। ਰਾਜਪੁਰਾ ’ਚ 7.2 ਦਿਨ ਅਤੇ ਗੋਇੰਦਵਾਲ ਸਾਹਿਬ ਵਿਚ 1.5 ਦਿਨ ਦਾ ਕੋਲਾ ਬਾਕੀ ਹੈ। ਸਰਕਾਰੀ ਥਰਮਲਾਂ ’ਚੋਂ ਰੋਪਡ਼ ਪਲਾਂਟ ਵਿਚ 15.5 ਅਤੇ ਲਹਿਰਾ ਮੁਹੱਬਤ ’ਚ 16.9 ਦਿਨ ਦਾ ਕੋਲਾ ਬਾਕੀ ਹੈ।


Story You May Like