The Summer News
×
Tuesday, 21 May 2024

ਕੇਦਾਰਨਾਥ ਅਤੇ ਬਦਰੀਨਾਥ ਧਾਮ 'ਚ ਬਰਫ਼ਬਾਰੀ, ਮੈਦਾਨੀ ਇਲਾਕਿਆਂ ਵਿੱਚ ਸਰਦੀ ਹੋਈ ਸ਼ੁਰੂ

ਰੁਦਰਪ੍ਰਯਾਗ: ਉੱਤਰਾਖੰਡ ਦੇ ਉੱਚੇ ਇਲਾਕਿਆਂ 'ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ। ਰੁਦਰਪ੍ਰਯਾਗ, ਚਮੋਲੀ, ਉੱਤਰਕਾਸ਼ੀ, ਪਿਥੌਰਾਗੜ੍ਹ ਸਮੇਤ ਕਈ ਜ਼ਿਲਿਆਂ 'ਚ ਬਰਫਬਾਰੀ ਦੇਖਣ ਨੂੰ ਮਿਲੀ। ਮੌਸਮ ਵਿਭਾਗ ਨੇ ਇਸ ਹਫਤੇ ਦੇ ਅੰਤ ਚ ਪਹਾੜੀ ਜ਼ਿਲ੍ਹਿਆਂ ਵਿੱਚ 3000 ਮੀਟਰ ਤੋਂ ਵੱਧ ਦੀ ਉਚਾਈ ਵਾਲੇ ਖੇਤਰਾਂ ਚ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ। ਕੇਦਾਰਨਾਥ ਧਾਮ, ਬਦਰੀਨਾਥ ਧਾਮ ਅਤੇ ਹੇਮਕੁੰਟ ਸਾਹਿਬ ਚ ਵੀ ਬਰਫ਼ਬਾਰੀ ਹੋਈ। ਕੁਝ ਥਾਵਾਂ ਤੇ ਮੀਂਹ ਪਿਆ। ਮੀਂਹ ਅਤੇ ਬਰਫ਼ਬਾਰੀ ਕਾਰਨ ਨੀਵੇਂ ਇਲਾਕਿਆਂ ਚ ਠੰਢ ਵਧ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਕੇਦਾਰਨਾਥ 'ਚ ਕਰੀਬ ਡੇਢ ਫੁੱਟ ਬਰਫ ਡਿੱਗ ਗਈ ਹੈ। ਆਉਣ ਵਾਲੇ ਦਿਨਾਂ 'ਚ ਤਾਪਮਾਨ 'ਚ ਹੋਰ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ।


ਕੁਮਾਉਂ ਅਤੇ ਗੜ੍ਹਵਾਲ ਡਿਵੀਜ਼ਨ ਦੇ ਉੱਚਾਈ ਵਾਲੇ ਖੇਤਰਾਂ ਚ ਬਰਫ਼ਬਾਰੀ ਕਾਰਨ ਮੌਸਮ ਖ਼ਰਾਬ ਰਿਹਾ। ਕੇਦਾਰਨਾਥ ਧਾਮ ਚ ਮੰਗਲਵਾਰ ਸਵੇਰ ਤੋਂ ਬਰਫਬਾਰੀ ਸ਼ੁਰੂ ਹੋ ਗਈ। ਬੁੱਧਵਾਰ ਤੱਕ ਕੁਝ ਹਿੱਸਿਆਂ ਚ ਰੁਕ-ਰੁਕ ਕੇ ਬਰਫਬਾਰੀ ਹੋਈ। ਚਮੋਲੀ ਜ਼ਿਲ੍ਹੇ ਚ ਸਥਿਤ ਬਦਰੀਨਾਥ ਧਾਮ ਸਮੇਤ ਉਚਾਈ ਵਾਲੇ ਇਲਾਕਿਆਂ ਵਿੱਚ ਵੀ ਬਰਫ਼ਬਾਰੀ ਹੋਈ। ਔਲੀ 'ਚ ਬਰਫਬਾਰੀ ਕਾਰਨ ਸੈਲਾਨੀਆਂ ਦੇ ਚਿਹਰੇ ਖਿੜ ਗਏ। ਸੈਲਾਨੀਆਂ ਨੇ ਬਰਫਬਾਰੀ ਦਾ ਖੂਬ ਆਨੰਦ ਲਿਆ। ਮੰਨਿਆ ਜਾ ਰਿਹਾ ਹੈਕਿ ਇਸ ਵਾਰ ਉੱਤਰਾਖੰਡ 'ਚ ਚੰਗੀ ਬਰਫਬਾਰੀ ਹੋਵੇਗੀ ਜਿਸ ਕਾਰਨ ਇੱਥੇ ਸੈਰ-ਸਪਾਟਾ ਕਾਰੋਬਾਰ ਚੰਗਾ ਹੋਵੇਗਾ।



ਜਿੱਥੇ ਪਹਾੜਾਂ 'ਚ ਮੀਂਹ ਅਤੇ ਬਰਫਬਾਰੀ ਹੋ ਰਹੀ ਹੈ, ਉੱਥੇ ਹੀ ਮੈਦਾਨੀ ਇਲਾਕਿਆਂ ਚ ਠੰਡ ਵਧ ਗਈ ਹੈ। ਧੁੰਦ ਵੀ ਮੁਸੀਬਤ ਦਾ ਕਾਰਨ ਬਣ ਗਈ ਹੈ। ਪਿਛਲੇ ਦੋ ਦਿਨਾਂ ਤੋਂ ਹਰਿਦੁਆਰ, ਨੈਨੀਤਾਲ ਅਤੇ ਊਧਮ ਸਿੰਘ ਨਗਰ ਜ਼ਿਲੇ ਚ ਸਵੇਰ ਸਮੇਂ ਕਾਫੀ ਧੁੰਦ ਦੇਖਣ ਨੂੰ ਮਿਲ ਰਹੀ ਹੈ। ਧੁੰਦ ਕਾਰਨ ਕਈ ਟਰੇਨਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਮੌਸਮ ਵਿਭਾਗ ਨੇ ਦੱਸਿਆ ਕਿ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਉੱਤਰਾਖੰਡ ਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਬਰਫ਼ਬਾਰੀ ਅਤੇ ਗੜੇਮਾਰੀ ਦੀ ਸੰਭਾਵਨਾ ਹੈ। ਸੂਬੇ ਦੇ ਸਾਰੇ ਜ਼ਿਲ੍ਹਿਆਂ ਲਈ 30 ਨਵੰਬਰ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

Story You May Like