The Summer News
×
Monday, 20 May 2024

ਭੱਠਿਆਂ 'ਚ ਕੋਲੇ ਦੇ ਨਾਲ ਬਲੇਗੀ ਪਰਾਲੀ, ਬਦਨਪੁਰ ਦਾ ਭੱਠਾ ਬਣਿਆ ਮਿਸਾਲ

-ਡੀ.ਸੀ. ਵੱਲੋਂ ਪਰਾਲੀ ਦੇ ਬਾਇਓਮਾਸ ਪੈਲੇਟਸ ਵਰਤਣ ਵਾਲੇ ਬਦਨਪੁਰ ਇੱਟਾਂ ਦੇ ਭੱਠੇ ਦਾ ਦੌਰਾ

-ਕਿਹਾ, ਭੱਠਿਆਂ ਲਈ ਪਰਾਲੀ ਕੋਲੇ ਦਾ ਬਦਲ, ਲਾਗਤ 'ਚ ਆਵੇਗੀ ਕਮੀ, ਪਰਾਲੀ ਦੀ ਸਮੱਸਿਆ ਦਾ ਵੀ ਹੋਵੇਗਾ ਹੱਲ

 

ਸਮਾਣਾ/ਪਟਿਆਲਾ, 9 ਨਵੰਬਰ: ਪਰਾਲੀ ਦੇ ਬਾਇਓਮਾਸ ਪੈਲੇਟਸ ਇੱਟਾਂ ਦੇ ਭੱਠਿਆਂ 'ਚ ਕੋਲੇ ਦੇ ਨਾਲ ਬਾਲਣ ਵਜੋਂ ਵਰਤਣ ਨਾਲ ਜਿੱਥੇ ਪਰਾਲੀ ਦੀ ਸਮੱਸਿਆ ਦਾ ਹੱਲ ਹੋਵੇਗਾ ਉਥੇ ਹੀ ਭੱਠਿਆਂ ਦੀ ਲਾਗਤ ਵਿੱਚ ਵੀ ਕਮੀ ਆਵੇਗੀ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਸਮਾਣਾ-ਚੀਕਾ ਰੋਡ 'ਤੇ ਪਿੰਡ ਬਦਨਪੁਰ ਵਿਖੇ ਗੋਇਲ ਬ੍ਰਿਕਸ ਟ੍ਰੇਡਰਜ ਅਤੇ ਪਰਾਲੀ ਤੋਂ ਬਾਇਓਮਾਸ ਪੈਲੇਟਸ ਬਣਾਉਣ ਵਾਲੀ ਐਸ.ਪੀ.ਐਸ. ਈਕੋ ਫਰੈਂਡਲੀ ਫਿਊਲਜ਼ ਦਾ ਦੌਰਾ ਕਰਨ ਮੌਕੇ ਕੀਤਾ। ਉਨ੍ਹਾਂ ਦੇ ਨਾਲ ਐਸ.ਡੀ.ਐਮ. ਸਮਾਣਾ ਚਰਨਜੀਤ ਸਿੰਘ ਵੀ ਮੌਜੂਦ ਸਨ।

 

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਵਾਤਾਵਰਣ ਦੀ ਸੰਭਾਲ ਲਈ ਇੱਟਾਂ ਦੇ ਭੱਠਿਆਂ ਵਿੱਚ ਕੋਲੇ ਦੇ ਨਾਲ 20 ਫੀਸਦੀ ਪਰਾਲੀ ਦੇ ਬਾਇਓਮਾਸ ਪੈਲੇਟਸ ਨੂੰ ਵਰਤਣਾ ਲਾਜਮੀ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਪੈਲੇਟਸ ਬਹੁਤ ਕਾਮਯਾਬ ਹਨ ਕਿਉਂਕਿ ਉਨ੍ਹਾਂ ਨੇ ਖ਼ੁਦ ਇਸ ਇੱਟਾਂ ਵਾਲੇ ਭੱਠੇ ਦਾ ਮੁਆਇਨਾ ਕੀਤਾ ਹੈ ਅਤੇ ਦੇਖਿਆ ਹੈ ਕਿ ਇਸ ਵਿੱਚ ਪੂਰੀ ਕਾਮਯਾਬੀ ਨਾਲ ਪਰਾਲੀ ਦੇ ਪੈਲੇਟਸ ਕੋਲੇ ਤੋਂ ਵੀ ਵਧੀਆ ਬਲਦੇ ਹਨ। ਇੱਥੇ ਬਣਦੀ ਇੱਟ ਦੀ ਗੁਣਵੱਤਾ ਵੀ ਬਹੁਤ ਵਧੀਆ ਹੈ।

 

ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪੈਲੇਟਸ ਦੀ ਕੀਮਤ 9 ਰੁਪਏ ਕੋਲੇ ਦੀ 15 ਰੁਪਏ ਦੇ ਨਾਲੋ ਬਹੁਤ ਘੱਟ ਪੈਂਦੀ ਹੈ ਅਤੇ ਇਹ ਵਾਤਾਵਰਣ ਪੱਖੀ ਵੀ ਹਨ, ਕਿਉਂਕਿ ਇਸ ਨਾਲ ਸਾਡੇ ਕਿਸਾਨਾਂ ਦੀ ਪਰਾਲੀ ਸਾਂਭਣ ਦੀ ਸਮੱਸਿਆ ਦਾ ਵੀ ਹੱਲ ਹੋ ਰਿਹਾ ਹੈ। ਉਨ੍ਹਾਂ ਸਮੂਹ ਭੱਠਾ ਮਾਲਕਾਂ ਨੂੰ ਸੱਦਾ ਦਿੱਤਾ ਕਿ ਉਹ ਇੱਕ ਵਾਰ ਜਰੂਰ ਬਦਨਪੁਰ ਦੇ ਇਸ ਮਾਡਲ ਇੱਟਾਂ ਦੇ ਭੱਠੇ ਦਾ ਦੌਰਾ ਕਰਕੇ ਪੈਲੇਟਸ ਬਾਲਣ ਦਾ ਜਾਇਜ਼ਾ ਲੈਣ ਅਤੇ ਆਪਣੇ ਭੱਠਿਆਂ ਵਿੱਚ ਇਸ ਨੂੰ ਵਰਤਣ।

 

ਇਸ ਮੌਕੇ ਭੱਠਾ ਮਾਲਕ ਰਾਜੀਵ ਸ਼ੰਟੀ, ਮੁਨੀਸ਼ ਕੁਮਾਰ ਅਤੇ ਅਜੇ ਕੁਮਾਰ ਨੇ ਡਿਪਟੀ ਕਮਿਸ਼ਨਰ ਨੂੰ ਭੱਠੇ ਦੀ ਪੂਰੀ ਕਾਰਗੁਜ਼ਾਰੀ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪ੍ਰਾਜੈਕਟ ਪੂਰੀ ਸਫ਼ਲਤਾ ਪੂਰਵਕ ਚੱਲ ਰਿਹਾ ਹੈ ਅਤੇ ਪਰਾਲੀ ਦਾ ਪੱਕਾ ਹੱਲ ਹੋਣ ਦੇ ਨਾਲ-ਨਾਲ ਲਾਗਤ 'ਚ ਵੀ ਕਮੀ ਆਈ ਹੈ।

Story You May Like