The Summer News
×
Tuesday, 21 May 2024

ਜਾਣੋ ਕੌਣ ਬਣੀ ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਵਿਧਾਇਕਾ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਬਹੁਤ ਸਾਰੇ ਅਜਿਹੇ ਵਿਧਾਇਕ ਹਨ ਜਿਹਨਾਂ ਨੇ ਪਹਿਲੀ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨੀਆਂ ਹਨ ।ਜਿਹਨਾਂ ਵਿਚ ਬਹੁਤ ਸਾਰੀਆਂ ਔਰਤਾਂ ਵੀ ਸ਼ਾਮਿਲ ਹਨ । ਜੇਕਰ ਗੱਲ ਕਰੀਏ ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਵਿਧਾਇਕਾ ਦੀ ਤਾਂ ਸੰਗਰੂਰ ਤੋਂ ਇਕ ਆਮ ਕਿਸਾਨ ਦੀ ਧੀ ਨਰਿੰਦਰ ਕੌਰ ਭਰਾਜ ਨੇ ਜਿੱਥੇ ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਵਿਧਾਇਕਾ ਦਾ ਮਾਣ ਪ੍ਰਾਪਤ ਕੀਤਾ ਹੈ ਉੱਥੇ ਹੀ ਚੋਣਾਂ ਵਿੱਚ ਰਿਕਾਰਤੋੜ ਵੋਟਾਂ ਨਾਲ ਜਿੱਤ ਵੀ ਹਾਸਿਲ ਕੀਤੀ ਹੈ ।


ਭਰਾਜ ਨੇ ਕਾਂਗਰਸ ਪਾਰਟੀ ਦੇ ਦਿੱਗਜ ਆਗੂ ਵਿਜੇਇੰਦਰ ਸਿੰਗਲਾ ਨੂੰ ਭਾਰੀ ਵੋਟਾਂ ਦੇ ਫ਼ਰਕ ਨਾਲ ਹਰਾਇਆ। ਨਰਿੰਦਰ ਭਰਾਜ ਨੇ ਵਿਜੇਇੰਦਰ ਸਿੰਗਲਾ ਨੂੰ 35868 ਵੋਟਾਂ ਨਾਲ ਹਰਾਇਆ। ਭਰਾਜ ਪੰਜਾਬ ’ਚ ਸਭ ਤੋਂ ਘੱਟ ਉਮਰ (27 ਸਾਲ) ’ਚ ਵਿਧਾਇਕਾ ਬਣੇ ਹਨ। ਉਨ੍ਹਾਂ ਨੇ ਆਪਣੇ ਨਾਮਜ਼ਦਗੀ ਪੱਤਰ ਐਕਟਿਵਾ ਸਕੂਟਰੀ ’ਤੇ ਜਾ ਕੇ ਭਰੇ ਅਤੇ ਚੋਣ ਪ੍ਰਚਾਰ ਦੌਰਾਨ ਵੀ ਉਹ ਆਮ ਲੋਕਾਂ ’ਚ ਵਿਚਰਦੀ ਰਹੀ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਲ. ਐੱਲ. ਬੀ. ਕੀਤੀ ਹੈ। ਭਰਾਜ ਦੋ ਵਾਰ ‘ਆਪ’ ਦੀ ਜ਼ਿਲ੍ਹਾ ਯੂਥ ਪ੍ਰਧਾਨ ਵੀ ਬਣੀ। 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੰਗਰੂਰ ਜ਼ਿਲ੍ਹੇ ’ਚ ਨੌਜਵਾਨ ਪੀੜ੍ਹੀ ਵੱਲੋਂ ‘ਆਪ’ ਦਾ ਬੂਥ ਲਗਾਉਣ ਲਈ ਕੋਈ ਅੱਗੇ ਨਹੀਂ ਸੀ ਆ ਰਿਹਾ ਤਾਂ ਨਰਿੰਦਰ ਕੌਰ ਨੇ ਪਿੰਡ ਭਰਾਜ ’ਚ ਬੂਥ ਲਗਾਇਆ ਸੀ। ਭਰਾਜ ਸਾਂਝੇ ਪਰਿਵਾਰ ’ਚ ਰਹਿੰਦੀ ਹੈ, ਜਿਸ ’ਚ ਉਨ੍ਹਾਂ ਦੇ ਮਾਤਾ-ਪਿਤਾ, ਦਾਦਾ-ਦਾਦੀ ਤੇ ਚਾਚਾ-ਚਾਚੀ ਹਨ। ਉਨ੍ਹਾਂ ਦੇ ਭਰਾ ਦੀ ਛੋਟੀ ਉਮਰ ’ਚ ਹੀ ਮੌਤ ਹੋ ਗਈ ਸੀ।


ਉਨ੍ਹਾਂ ਦੇ ਪਿਤਾ ਗੁਰਨਾਮ ਸਿੰਘ ਕਾਫ਼ੀ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸਨ ਪਰ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਰਹਿੰਦੀ ਸੀ, ਇਸੇ ਕਰਕੇ ਭਰਾਜ ਆਪਣੇ ਪਿਤਾ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਕੇ ‘ਆਪ’ ਦਾ ਹਿੱਸਾ ਬਣ ਗਈ। ਉਨ੍ਹਾਂ ਨੂੰ ‘ਮਿੰਨੀ ਭਗਵੰਤ ਮਾਨ’ ਦੇ ਨਾਂ ਨਾਲ ਵੀ ਬੁਲਾਇਆ ਜਾਂਦਾ ਹੈ।


ਇੱਥੇ ਇਹ ਗੱਲ ਕਹਿਣੀ ਬਣਦੀ ਹੈ ਕੇ ਧੀਆਂ ਜਿੱਥੇ ਹਰ ਖੇਤਰ ਵਿਚ ਮੱਲਾਂ ਮਾਰ ਰਹੀਆਂ ਹਨ ਉੱਥੇ ਹੀ ਹੁਣ ਰਾਜਨੀਤੀ ਦੇ ਖੇਤਰ ਵਿੱਚ ਔਰਤਾਂ ਦੇ ਬਿਹਤਰ ਭਵਿੱਖ ਲਈ ਆਪਣੀ ਆਵਾਜ਼ ਵਿਧਾਨ ਸਭਾ ਵਿਚ ਬੁਲੰਦ ਕਰਨਗੀਆਂ।


 


Story You May Like