The Summer News
×
Tuesday, 25 March 2025

ਹੁਣ ਕਿਸੇ ਵੀ ਮੁੱਲ ਦਾ ਸਟੈਂਪ ਪੇਪਰ ਈ-ਸਟੈਂਪ ਰਾਹੀਂ ਕੀਤਾ ਜਾ ਸਕਦਾ ਹੈ ਪ੍ਰਾਪਤ : ਡਿਪਟੀ ਕਮਿਸ਼ਨਰ

ਜਲੰਧਰ, 11 ਅਗਸਤ :ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਅੱਜ ਦੱਸਿਆ ਕਿ ਹੁਣ ਕਿਸੇ ਵੀ ਮੁੱਲ ਦਾ ਸਟੈਂਪ ਪੇਪਰ ਈ-ਸਟੈਂਪ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ ਜਦਕਿ ਇਹ ਸਹੂਲਤ ਪਹਿਲਾਂ ਸਿਰਫ਼ 20 ਹਜ਼ਾਰ ਰੁਪਏ ਤੋਂ ਵੱਧ ਮੁੱਲ ਦੇ ਅਸ਼ਟਾਮ ’ਤੇ ਲਾਗੂ ਹੁੰਦੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਭੌਤਿਕ ਅਸ਼ਟਾਮ ਕਿਸੇ ਆਮ ਵਿਅਕਤੀ ਪਾਸ ਮੌਜੂਦ ਹਨ ਤਾਂ ਉਹ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਪਾਸੋਂ ਰਿਫੰਡ ਕਲੇਮ ਕਰ ਸਕਦੇ ਹਨ।


ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀ ਸਹੂਲਤ ਅਤੇ ਅਸ਼ਟਾਮਾਂ ਨਾਲ ਸਬੰਧਤ ਧੋਖਾਧੜੀਆਂ ਨੂੰ ਠੱਲ੍ਹ ਪਾਉਣ ਦੇ ਮੰਤਵ ਨਾਲ ਭੌਤਿਕ ਸਟੈਂਪ ਪੇਪਰਾਂ ਨੂੰ ਖਤਮ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਮਾਲ, ਪੁਨਰਵਾਸ ਅਤੇ ਡਿਜ਼ਾਸਟਰ ਮੈਨੇਜਮੈਂਟ, ਵਿਭਾਗ ਵੱਲੋਂ ਭੌਤਿਕ ਅਸ਼ਟਾਮ ਪੇਪਰ ਸਿਰਫ਼ 31 ਜੁਲਾਈ 2022 ਤੱਕ ਹੀ ਵੈਧ ਹੋਣਗੇ ਅਤੇ 1 ਅਗਸਤ 2022 ਤੋਂ ਸਿਰਫ਼ ਈ-ਸਟੈਂਪਿੰਗ ਹੀ ਪ੍ਰਵਾਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਣ ਕਿਸੇ ਵੀ ਮੁੱਲ ਦਾ ਅਸ਼ਟਾਮ ਪੇਪਰ ਈ-ਸਟੈੰਪ ਰਾਹੀਂ ਕਿਸੇ ਵੀ ਸਟੈਂਪ ਵਿਕਰੇਤਾ ਜਾਂ ਰਾਜ ਸਰਕਾਰ ਵੱਲੋਂ ਅਧਿਕਾਰਤ ਬੈਂਕਾਂ ਤੋਂ ਕੰਪਿਊਟਰਾਈਜ਼ਡ ਪ੍ਰਿੰਟ-ਆਊਟ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ।


ਜਸਪ੍ਰੀਤ ਸਿੰਘ ਨੇ ਕਿਹਾ ਕਿ ਆਮ ਲੋਕਾਂ ਦੀ ਸੌਖ, ਸੁਰੱਖਿਆ ਅਤੇ ਸਹੂਲਤ ਲਈ ਸਰਕਾਰ ਵੱਲੋਂ ਕੀਤੀ ਇਸ ਪਹਿਲਕਦਮੀ ਨਾਲ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਭੌਤਿਕ ਅਸ਼ਟਾਮ ਕਿਸੇ ਆਮ ਵਿਅਕਤੀ ਪਾਸ ਮੌਜੂਦ ਹੈ ਤਾਂ ਉਹ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਪਾਸੋਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪਹਿਲਾਂ ਦੀ ਤਰ੍ਹਾਂ ਹੀ ਰਿਫੰਡ ਲਈ ਕਲੇਮ ਕਰ ਸਕਦੇ ਹਨ।


Story You May Like