The Summer News
×
Tuesday, 14 May 2024

13 ਤੋਂ 15 ਅਗਸਤ ਤੱਕ ਘਰਾਂ ਤੇ ਝੰਡਾ ਲਹਿਰਾਉਣ ਲਈ ਲੋਕਾਂ ਨੂੰ ਕੀਤਾ ਜਾਵੇਗਾ ਪ੍ਰੇਰਿਤ

ਫ਼ਰੀਦਕੋਟ 02 ਅਗਸਤ : ਸਰਕਾਰ ਵੱਲੋਂ 75ਵਾਂ ਆਜ਼ਾਦੀ ਦਾ ਅਮ੍ਰਿਤ ਮਹਾਂਉਤਸਵ ਪੂਰੇ ਉਤਸ਼ਾਹ ਨਾਲ ਮਨਾਉਣ ਲਈ ਹਰ ਘਰ ਤਿਰੰਗਾ ਲਹਿਰਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਨਿਰਧਾਰਿਤ ਕੀਮਤ ਤੇ ਸਰਕਾਰੀ ਵਿਭਾਗਾਂ ਅਤੇ ਆਮ ਲੋਕਾਂ ਨੂੰ ਤਿਰੰਗੇ ਝੰਡੇ ਮੁਹੱਈਆ ਕਰਵਾਏ ਜਾਣਗੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ।


ਮੀਟਿੰਗ ਦੌਰਾਨ ਉਨਾਂ ਕਿਹਾ ਕਿ ਇਸ ਮੁਹਿੰਮ ਨੂੰ ਸਫ਼ਲਤਾ ਪੂਰਵਕ ਨੇਪਰੇ ਚੜਾਉਣ ਲਈ ਹਰੇਕ ਵਿਭਾਗ ਪੂਰੀ ਭਾਵਨਾ, ਇਮਾਨਦਾਰੀ ਅਤੇ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਏ, ਤਾਂ ਜੋ ਆਜ਼ਾਦੀ ਦਾ ਇਹ 75ਵਾਂ ਦਿਹਾੜਾ ਵਧੀਆ ਢੰਗ ਨਾਲ ਮਨਾਇਆ ਜਾ ਸਕੇ। ਉਨਾਂ ਕਿਹਾ ਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ 13 ਤੋਂ 15 ਅਗਸਤ ਤੱਕ ਹਰ ਘਰ ਤਿਰੰਗਾ ਲਹਿਰਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਲਗਾਈ ਗਈ ਹੈ ਕਿ ਉਹ ਲੋਕਾਂ ਨੂੰ ਇਸ ਸਬੰਧੀ ਪ੍ਰੇਰਿਤ ਕਰਨ ਕਿ ਲੋਕ ਇਨਾਂ ਮਿਤੀਆਂ ਨੂੰ ਕੌਮੀ ਜਜ਼ਬੇ ਵਜੋਂ ਆਪਣੇ ਘਰਾਂ ’ਤੇ ਕੌਮੀ ਝੰਡਾ ਜ਼ਰੂਰ ਲਗਾਉਣ।


ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦੱਸਿਆ ਕਿ ਹਰ ਘਰ ਤਿਰੰਗਾ ਮੁਹਿੰਮ ਤਹਿਤ ਕੌਮੀ ਝੰਡੇ ਵੱਖ-ਵੱਖ ਵਿਭਾਗਾਂ ਰਾਹੀਂ ਲੋਕਾਂ ਨੂੰ ਮੁਹੱਈਆ ਕਰਵਾਏ ਜਾਣਗੇ, ਜਿਨਾਂ ਦੀ ਕੀਮਤ ਸਰਕਾਰ ਵੱਲੋਂ ਨਿਰਧਾਰਿਤ ਕੀਤੀ ਗਈ ਹੈ। ਉਨਾਂ ਦੱਸਿਆ ਕਿ 20″x30″ ਝੰਡੇ ਦੀ ਕੀਮਤ 25/- ਰੁਪਏ, 16″x24″ ਦੀ ਕੀਮਤ 18/- ਰੁਪਏ ਅਤੇ 6″x4″ ਦੀ ਕੀਮਤ 09 ਰੁਪਏ ਨਿਰਧਾਰਿਤ ਕੀਤੀ ਗਈ ਹੈ। ਉਨਾਂ ਦੱਸਿਆ ਕਿ ਵਿਭਾਗ ਇਸ ਸਬੰਧੀ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਇਹ ਝੰਡੇ ਲੋਕਾਂ ਨੂੰ ਨਿਰਧਾਰਿਤ ਰੇਟਾਂ ’ਤੇ ਮੁਹੱਈਆ ਕਰਵਾਉਣ, ਤਾਂ ਜੋ 13 ਤੋਂ 15 ਅਗਸਤ ਤੱਕ ਇਹ ਹਰ ਘਰ ’ਤੇ ਲਹਿਰਾਏ ਜਾਣ। ਉਨਾਂ ਦੱਸਿਆ ਕਿ ਝੰਡਿਆਂ ਦੀ ਵਿਕਰੀ ਨਗਰ ਕੌਸਲਾਂ, ਸਾਰੇ ਵਿਭਾਗ, ਬੀ.ਡੀ.ਪੀ.ਓ ਦਫਤਰ, ਪੰਚਾਇਤਾਂ, ਸੇਵਾ ਕੇਂਦਰਾਂ ਆਦਿ ਰਾਹੀਂ ਕੀਤੀ ਜਾਵੇਗੀ।


ਉਨਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਜ਼ਾਦੀ ਦੇ 75ਵੇਂ ਮਹਾਂਉਤਸਵ ਸਬੰਧੀ ਵਿਦਿਆਰਥੀਆਂ ਦੀਆਂ ਪੋਸਟਰ ਮੇਕਿੰਗ, ਚਾਰਟ ਮੇਕਿੰਗ ਅਤੇ ਹਰ ਘਰ ਤਿਰੰਗਾ ਵਿਸ਼ੇ ’ਤੇ ਗਤੀਵਿਧੀਆਂ ਕਰਵਾਈਆਂ ਜਾਣ ਅਤੇ ਹਰੇਕ ਪ੍ਰਾਈਵੇਟ ਅਤੇ ਸਰਕਾਰੀ ਸਕੂਲ ਵਿਚ ਸਾਫ਼-ਸਫ਼ਾਈ ਅਭਿਆਨ ਸ਼ੁਰੂ ਕੀਤਾ ਜਾਵੇ।


ਇਸ ਮੌਕੇ ਏ.ਡੀ.ਸੀ (ਯੂ.ਡੀ) ਸ. ਪਰਮਦੀਪ ਸਿੰਘ, ਏ.ਡੀ.ਸੀ(ਜ) ਸ. ਰਾਜਦੀਪ ਸਿੰਘ ਬਰਾੜ, ਏ.ਡੀ.ਸੀ(ਵਿਕਾਸ) ਸ. ਲਖਵਿੰਦਰ ਸਿੰਘ ਰੰਧਾਵਾ,ਐਸ.ਡੀ.ਐਮ ਫ਼ਰੀਦਕੋਟ ਮੈਡਮ ਬਲਜੀਤ ਕੌਰ, ਐਸ.ਡੀ.ਐਮ ਕੋਟਕਪੂਰਾ ਮੈਡਮ ਵੀਰਪਾਲ ਕੌਰ, ਜ਼ਿਲ੍ਹਾ ਮੰਡੀ ਅਫਸਰ ਸ. ਪ੍ਰੀਤ ਕੰਵਲ ਸਿੰਘ ਬਰਾੜ, ਡੀ.ਡੀ.ਪੀ.ਓ ਸ੍ਰੀ ਧਰਮਪਾਲ, ਬੀ.ਡੀ.ਪੀ.ਓ ਸ੍ਰੀ ਅਭਿਨਵ ਗੋਇਲ, ਐਸ.ਐਮ.ਓ.ਡਾ.ਚੰਦਰ ਸ਼ੇਖਰ ਕੱਕੜ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।


Story You May Like