The Summer News
×
Tuesday, 21 May 2024

ਜੌੜਾਮਾਜਰਾ ਨੇ ਪਟਿਆਲਾ ਜ਼ਿਲ੍ਹੇ ਦੇ ਪਹਿਲੇ ਬਾਇਉਮਾਸ ਪਲਾਂਟ 'ਈਕੋ ਫਰੈਂਡਲੀ ਫ਼ਿਊਲਜ਼' ਦਾ ਰੱਖਿਆ ਨੀਂਹ ਪੱਥਰ

ਸਮਾਣਾ, 3 ਜੂਨ : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਲੀਹਾਂ 'ਤੇ ਲੈਆਂਦਾ ਹੈ। ਉਹ ਅੱਜ ਪਿੰਡ ਬਦਨਪੁਰ ਵਿਖੇ ਪਰਾਲੀ ਤੋਂ ਬਾਇੳਮਾਸ ਪੇਲੈਟਸ ਬਣਾਉਣ ਵਾਲੇ ਪਟਿਆਲਾ ਜ਼ਿਲ੍ਹੇ ਦੇ ਪਹਿਲੇ ਬਾਇਉਮਾਸ ਪਲਾਂਟ, 'ਈਕੋ ਫਰੈਂਡਲੀ ਫ਼ਿਊਲਜ਼' ਦਾ ਨੀਂਹ ਪੱਥਰ ਰੱਖਣ ਪੁੱਜੇ ਹੋਏ ਸਨ।


ਇਸ ਮੌਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪੰਜਾਬ ਨੂੰ ਲੀਹਾਂ 'ਤੇ ਲਿਆਉਣ ਲਈ ਵੱਡੇ ਉਪਰਾਲੇ ਕੀਤੇ, ਜਿਸ ਦੇ ਸਾਰਥਿਕ ਸਿੱਟੇ ਨਿਕਲਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪ੍ਰਦੂਸ਼ਣ 'ਚ ਕਮੀ ਲਿਆਉਣ ਲਈ ਅਹਿਮ ਫ਼ੈਸਲੇ ਕੀਤੇ ਹਨ ਤਾਂ ਕਿ ਸਾਡੀ ਆਬੋ-ਹਵਾ ਸਾਫ਼ ਸੁਥਰੀ ਰਹੇ। ਬਾਗਬਾਨੀ, ਸੁਤੰਰਤਾ ਸੰਗਰਾਮੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਜੌੜਮਾਜਰਾ ਨੇ ਪਿੰਡ ਬਦਨਪੁਰ ਵਿਖੇ ਪਰਾਲੀ ਤੋਂ ਕੋਲਾ ਬਣਾਉਣ ਲਈ ਲਗਾਏ ਬਾਇਉਮਾਸ ਪਲਾਂਟ, 'ਈਕੋ ਫਰੈਂਡਲੀ ਫ਼ਿਊਲਜ਼' ਲਗਾਉਣ ਲਈ ਪਹਿਲਕਦਮੀ ਕਰਨ ਲਈ ਰਾਜੀਵ ਗੋਇਲ ਸ਼ੰਟੀ, ਮੁਨੀਸ਼ ਗੋਇਲ ਤੇ ਅਜੇ ਗਰਗ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ।


ਕੈਬਨਿਟ ਮੰਤਰੀ ਜੌੜਮਾਜਰਾ ਨੇ ਕਿਹਾ ਕਿ ਸਰਕਾਰ ਨੇ ਇੱਟਾਂ ਦੇ ਭੱਠਿਆਂ ਵਿੱਚ 20 ਫ਼ੀਸਦੀ ਪਰਾਲੀ ਜਲਾਉਣ ਦੇ ਹੁਕਮ ਜਾਰੀ ਕੀਤੇ ਹਨ, ਇਸ ਲਈ ਇਹ ਪਲਾਂਟ ਸਮਾਣਾ 'ਚ ਪੈਂਦੇ 100 ਦੇ ਕਰੀਬ ਭੱਠਿਆਂ ਲਈ ਸਸਤਾ ਬਾਇਉਮਾਸ ਪੇਲੈਟਸ (ਕੋਲਾ) ਪ੍ਰਦਾਨ ਕਰੇਗਾ, ਇਸ ਨਾਲ ਜਿੱਥੇ ਇੱਟ ਦੀ ਲਾਗਤ ਘਟੇਗੀ, ਉਥੇ ਹੀ ਕਿਸਾਨਾਂ ਦੀ ਪਰਾਲੀ ਸੰਭਾਂਲਣ ਦੀ ਸਮੱਸਿਆ ਦਾ ਵੀ ਵੱਡਾ ਹੱਲ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪਲਾਂਟ ਪ੍ਰਦੂਸ਼ਣ ਵੀ ਘੱਟ ਕਰਨ ਲਈ ਸਹਾਇਤਾ ਕਰੇਗਾ।


ਈਕੋ ਫਰੈਂਡਲੀ ਬਾਇਉਮਾਸ ਦੇ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਉਹ ਪ੍ਰਤੀ ਸਾਲ 50 ਹਜ਼ਾਰ ਟਨ ਪਰਾਲੀ ਇਸ ਪਲਾਂਟ ਵਿੱਚ ਵਰਤਣਗੇ, ਇਸ ਨਾਲ ਜਿੱਥੇ ਪਰਾਲੀ ਦੀ ਸਮੱਸਿਆ ਦਾ ਨਿਪਟਾਰਾ ਹੋਵੇਗਾ, ਉਥੇ ਕਿਸਾਨਾਂ ਨੂੰ ਆਮਦਨ ਵੀ ਹੋਵੇਗਾ ਅਤੇ ਪ੍ਰਦੂਸ਼ਣ ਵੀ ਘਟੇਗਾ। ਉਨ੍ਹਾਂ ਕਿਹਾ ਕਿ ਪਰਾਲੀ ਲੈਣ ਲਈ ਉਨ੍ਹਾਂ ਨੇ ਨੇੜਲੇ ਪਿੰਡਾਂ ਦੇ ਬੇਲਰਾਂ ਨਾਲ ਸੰਪਰਕ ਸਾਧਿਆ ਹੋਇਆ ਹੈ। ਪਲਾਂਟ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਤੋਂ ਵਾਤਾਵਰਣ ਇੰਜੀਨੀਅਰ ਰੋਹਿਤ ਸਿੰਗਲਾ, ਐਸ.ਡੀ.ਓ. ਗਰਿਮਾ ਨੇ ਆਪਣੀ ਭੂਮਿਕਾ ਨਿਭਾਈ ਹੈ। ਇਸ ਮੌਕੇ ਗੁਰਦੇਵ ਸਿੰਘ ਟਿਵਾਣਾ, ਐਡਵੋਕੇਟ ਗੁਲਜ਼ਾਰ ਸਿੰਘ ਵਿਰਕ, ਬਲਕਾਰ ਸਿੰਘ ਗੱਜੂਮਾਜਰਾ, ਸੁਰਜੀਤ ਸਿੰਘ ਫ਼ੌਜੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Story You May Like