The Summer News
×
Tuesday, 21 May 2024

ਝੋਨੇ-ਬਾਸਮਤੀ ਦੀ ਅਗੇਤੀ ਬਿਜਾਈ ਹੋ ਸਕਦੀ ਹੈ ਨੁਕਸਾਨਦੇਹ

ਸ੍ਰੀ ਮੁਕਤਸਰ ਸਾਹਿਬ, 9 ਮਈ: ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਅਨੇਕਾਂ ਹੀ ਉਪਰਾਲੇ ਕੀਤੇ ਜਾ ਰਹੇ ਹਨ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ, ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਕਿਸਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿ਼ਫਾਰਸ਼ ਕੀਤੀਆਂ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਕੇ, ਘੱਟ ਖਰਚਾ ਕਰਕੇ, ਵੱਧ ਝਾੜ ਲੈ ਸਕਦੇ ਹਨ। ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦਾ ਪਰਾਲੀ ਪ੍ਰਬੰਧਨ ਕਰਨਾ ਵੀ ਸੌਖਾ ਹੋ ਜਾਂਦਾ ਹੈ।


ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਝੋਨੇ ਦੀ ਪਨੀਰੀ 20 ਮਈ ਤੋਂ ਪਹਿਲਾਂ ਨਾ ਬੀਜੀ ਜਾਵੇ, ਕਿਉਂਕਿ ਮੌਸਮ ਵਿਭਾਗ ਵੱਲੋਂ ਇਸ ਸਾਲ ਦਰਮਿਆਨੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਪਿਛਲੇ ਸਾਲਾਂ ਦੇ ਤਜ਼ਰਬਿਆਂ ਤੋਂ ਇਹ ਦੇਖਿਆ ਗਿਆ ਹੈ ਕਿ ਝੋਨੇ ਦੀ ਪਛੇਤੀ ਲਵਾਈ ’ਤੇ ਬਿਮਾਰੀਆਂ ਅਤੇ ਕੀੜੇ ਮਕੌੜਿਆਂ ਦਾ ਹਮਲਾ ਘੱਟ ਹੋਇਆ ਸੀ ਅਤੇ ਝਾੜ ਵੀ ਵੱਧ ਆਇਆ ਸੀ ਅਤੇ ਕਿਸਾਨਾਂ ਨੂੰ ਇਸਦਾ ਫਾਇਦਾ ਹੋਇਆ ਸੀ।


ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਅਗੇਤੇ ਲਗਾਏ ਝੋਨੇ ਵਿੱਚ ਮੱਧਰੇਪਣ ਦਾ ਰੋਗ ਜ਼ਿਆਦਾ ਦੇਖਣ ਨੂੰ ਮਿਲਿਆ ਸੀ। ਅਗੇਤੇ ਲਗਾਏ ਝੋਨੇ ਦੇ ਪੱਕਣ ਸਮੇਂ ਤਾਪਮਾਨ ਵੱਧ ਹੋਣ ਕਰਕੇ ਫੋਕ ਪੈ ਸਕਦੀ ਹੈ, ਕੁਆਲਟੀ ਤੇ ਮਾੜਾ ਅਸਰ ਪੈ ਸਕਦਾ ਹੈ ਅਤੇ ਝਾੜ ਘੱਟ ਸਕਦਾ ਹੈ।


ਬਾਸਮਤੀ ਦੀ ਅਗੇਤੀ ਲਵਾਈ ਕਰਨ ਨਾਲ ਝੰਡਾ ਰੋਗ ਵੱਧ ਆਉਂਦਾ ਹੈ, ਇਸ ਦੀ ਖੁਸ਼ਬੂ ’ਤੇ ਮਾੜਾ ਅਸਰ ਪਵੇਗਾ ਅਤੇ ਬਾਹਰਲੇ ਦੇਸ਼ਾਂ ਨੂੰ ਭੇਜਣ ਸਮੇਂ ਮੁਸ਼ਕਿਲ ਆ ਸਕਦੀ ਹੈ। ਪੰਜਾਬ ਸਰਕਾਰ ਵੱਲੋਂ ਪੰਜਾਬ ਪਰਜਰਵੇਸ਼ਨ ਆਫ ਸਬ ਸੁਆਇਲ ਵਾਟਰ ਐਕਟ 2009 ਅਧੀਨ ਨਿਰਧਾਰਤ ਮਿਤੀ ਤੋਂ ਪਹਿਲਾਂ ਝੋਨੇ ਦੀ ਲਵਾਈ ’ਤੇ ਪੂਰਨ ਤੌਰ ’ਤੇ ਪਾਬੰਦੀ ਹੈ। ਇਸ ਲਈ ਪੰਜਾਬ ਪਰਜਰਵੇਸ਼ਨ ਆਫ ਸਬ ਸੁਆਇਲ ਵਾਟਰ ਐਕਟ 2009 ਦੀ ਉਲੰਘਣਾ ਨਾ ਕੀਤੀ ਜਾਵੇ।


ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਪੂਸਾ-44, ਪੀਲੀ ਪੂਸਾ, ਡੋਗਰ ਪੂਸਾ ਆਦਿ ਦੀ ਕਾਸ਼ਤ ਨਾ ਕੀਤੀ ਜਾਵੇ ਕਿਉਂਕਿ ਇਹ 15 ਤੋਂ 20 ਪ੍ਰਤੀਸ਼ਤ ਪਾਣੀ ਵੱਧ ਲੈਂਦੀਆਂ ਹਨ। ਇਨ੍ਹਾਂ ਉੱਪਰ ਬਿਮਾਰੀਆਂ ਅਤੇ ਕੀੜੇ ਮਕੌੜਿਆਂ ਦਾ ਹਮਲਾ ਵੱਧ ਹੁੰਦਾ ਹੈ ਅਤੇ ਇਨ੍ਹਾਂ ਦੇ ਪਰਾਲੀ ਪ੍ਰਬੰਧਨ ਸਮੇਂ ਵੀ ਮੁਸ਼ਕਿਲਾਂ ਆਉਂਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਕਿਸੇ ਕਿਸਮ ਦੇ ਨੁਕਸਾਨ ਤੋਂ ਬਚਣ ਤੋਂ ਲਈ ਆਪਣੇ ਖੇਤਾਂ ਵਿੱਚ ਇੱਕ ਤੋਂ ਵੱਧ ਕਿਸਮਾਂ ਦੀ ਬਿਜਾਈ ਕਰਨ ਅਤੇ ਕਿਸਾਨ ਬੀਜ਼, ਖਾਦ ਅਤੇ ਦਵਾਈ ਖ੍ਰੀਦਣ ਸਮੇਂ ਪੱਕਾ ਬਿੱਲ ਆਪਣੇ ਪਾਸ ਜ਼ਰੂਰ ਰੱਖਣ।

Story You May Like