The Summer News
×
Sunday, 28 April 2024

ਖੇਤੀ-ਮਾਹਿਰਾਂ ਵੱਲੋਂ ਚਿੱਟੀ ਮੱਖੀ ਦੇ ਹਮਲੇ ਵਾਲੇ ਖੇਤਾਂ ਦਾ ਕੀਤਾ ਇਲਾਜ

ਫ਼ਰੀਦਕੋਟ 29 ਜੁਲਾਈ : ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਨਰਮੇ ਦੀ ਫਸਲ ਦਾ ਮੁਆਇਨਾ ਕੀਤਾ ਗਿਆ। ਪਿੰਡ ਮਿਸ਼ਰੀਵਾਲਾ ਦੇ ਕਿਸਾਨ ਸੁਰਜੀਤ ਸਿੰਘ, ਜੋ ਕਿ ਨਰਮੇ ਦੀ ਫਸਲ ਨੂੰ ਵਾਹੁਣ ਦੀ ਤਿਆਰੀ ਵਿੱਚ ਸੀ, ਨਾਲ ਖੇਤੀਬਾੜੀ ਵਿਭਾਗ ਦੀ ਟੀਮ ਨੇ ਰਾਬਤਾ ਕਾਇਮ ਕੀਤਾ ਅਤੇ ਉਸ ਦੇ ਨਰਮੇ ਦੀ ਮੌਜੂਦਾ ਸਥਿਤੀ ਦੀ ਪਰਖ ਕਰਕੇ ਮੰਨਜੂਰ ਸ਼ੁਦਾ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਸਿਫਾਰਿਸ਼ ਕੀਤੀ।ਜਿਸ ਵਿੱਚ ਯੂਰੀਆ (2.5 ਕਿਲੋ), ਜਿੰਕ 21x (300 ਗ੍ਰਾਮ), ਮੈਗਨੀਸ਼ੀਅਮ ਸਲਫੇਟ (500 ਗ੍ਰਾਮ) ਦਾ ਘੋਲ ਬਣਾ ਕੇ ਸਪਰੇ ਕਰਕੇ ਅਗਲੇ ਦਿਨ ਸਫੀਨਾ ਦਵਾਈ 400 ਮਿ.ਲੀ. ਦੀ ਪ੍ਰਤੀ ਏਕੜ ਸਪਰੇ ਕਰਨ ਬਾਰੇ ਕਿਹਾ। ਮਾਹਿਰਾਂ ਦੀ ਸਲਾਹ ਨਾਲ ਉਪਰੋਕਤ ਕਿਸਾਨ ਨੇ ਨਰਮਾ ਵਾਹੁਣ ਦਾ ਫੈਸਲਾ ਬਦਲ ਲਿਆ।


ਇਸ ਉਪਰੰਤ ਕਿਸਾਨਾਂ ਦੇ ਕਹਿਣ ਤੇ ਇਸ ਟੀਮ ਨੇ ਪਿੰਡ ਪੱਕਾ, ਅਤੇ ਕਲੇਰ ਵਿਖੇ ਚਿੱਟੀ ਮੱਖੀ ਨਾਲ ਪ੍ਰਭਾਵਿਤ ਖੇਤਾਂ ਦਾ ਦੌਰਾ ਅਤੇ ਕਿਸਾਨਾਂ ਨੂੰ ਇਸ ਦੇ ਹੱਲ ਸਬੰਧੀ ਜਾਣਕਾਰੀ ਦਿਤੀ। ਇਸ ਸਮੇਂ ਡਾ. ਜਗਸੀਰ ਸਿੰਘ ਖੇਤੀਬਾੜੀ ਅਫਸਰ, ਡਾ. ਰੁਪਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ, ਅਤੇ ਡਾ. ਖੁਸ਼ਵੰਤ ਸਿੰਘ ਡੀ.ਪੀ.ਡੀ ਆਤਮਾ ਸ਼ਾਮਿਲ ਸਨ। ਮਹਿਕਮੇ ਦੀ ਸਲਾਹ ਲੈ ਕੇ ਕਿਸਾਨਾਂ ਨੇ ਨਰਮਾ ਨਾਂ ਵਾਹੁਣ ਅਤੇ ਸਿਫਾਰਸ਼ ਸ਼ੁਦਾ ਦਵਾਈਆਂ ਦੀ ਵਰਤੋਂ ਕਰਨ ਦਾ ਫੈਸਲਾ ਲਿਆ।


ਡਾ. ਗਿੱਲ ਵੱਲੋਂ ਕਿਹਾ ਗਿਆ ਕਿ ਜੇਕਰ ਕਿਸੇ ਵੀ ਕਿਸਾਨ ਨੂੰ ਨਰਮੇ ਦੀ ਫਸਲ ਸਬੰਧੀ ਕੋਈ ਮੁਸ਼ਕਿਲ ਆਉਦੀ ਹੈ ਤਾਂ ਉਹ ਪਹਿਲਾਂ ਮਹਿਕਮੇ ਨਾਲ ਰਾਬਤਾ ਜਰੂਰ ਕਾਇਮ ਕਰ ਲੈਣ। ਕਿਉਕਿ ਨਰਮੇ ਦੀ ਫਸਲ ਤਾਂ ਹੀ ਬਚ ਸਕਦੀ ਹੈ, ਜੇਕਰ ਖੇਤੀ-ਮਾਹਿਰਾਂ ਦੀ ਸਲਾਹ ਨਾਲ ਖਾਦਾਂ ਅਤੇ ਕੀੜੇਮਾਰ ਦਵਾਈਆਂ ਦਾ ਇਸਤੇਮਾਲ ਕੀਤਾ ਜਾਵੇ।


Story You May Like