The Summer News
×
Saturday, 27 April 2024

10 ਅਗਸਤ ਨੂੰ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਨਹਿਰ ਦੇ ਪੁਲ ‘ਤੇ ਕੀਤਾ ਜਾਵੇਗਾ ਵਿਸ਼ਾਲ ਮੁਜ਼ਾਹਰਾ

ਗੁਰਦਾਸਪੁਰ (4ਅਗਸਤ 2022) – ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੀ ਮੀਟਿੰਗ ਅੱਜ ਇੱਥੇ ਜੇ ਪੀਐਮਓ ਦਫ਼ਤਰ ਰੁਲੀਆ ਰਾਮ ਕਲੋਨੀ ਵਿਖੇ ਅਜੀਤ ਸਿੰਘ ਠੱਕਰ ਸੰਧੂ ਦੀ ਪ੍ਰਧਾਨਗੀ ਹੇਠ ਹੋਈ ।ਪ੍ਰਧਾਨਗੀ ਮੰਡਲ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਜਗੀਰ ਸਿੰਘ ਸਲਾਚ ਅਤੇ ਬਲਜੀਤ ਸਿੰਘ ਕਲਾਨੌਰ ਵੀ ਸੁਸ਼ੋਭਤ ਸਨ ।ਇਸ ਮੀਟਿੰਗ ਵਿਚ ਦੱਸ ਅਗਸਤ ਨੂੰ ਭੀਮਪੁਰ ਘਰੋਟਾ ਯੂ ਬੀ ਡੀ ਸੀ ਨਹਿਰ ਦੇ ਪੁਲ ਦੇ ਉੱਪਰ ਪੰਜਾਬ ਪੱਧਰੀ ਧਰਨਾ ਦਿੱਤੇ ਜਾਣ ਦੀ ਤਿਆਰੀ ਕੀਤੀ ਗਈ ।


ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੱਖਣ ਸਿੰਘ ਕੁਹਾੜ ਨੇ ਦੱਸਿਆ ਕੇ ਭੀਮਪੁਰ ਤੋਂ ਯੂਬੀਡੀਸੀ ਨਹਿਰ ਵਿਚੋਂ ਇਕ ਨਹਿਰ ਬਿਆਸ ਦਰਿਆ ਵਿੱਚ ਪਾਣੀ ਸੁੱਟਣ ਲਈ ਕੱਢੀ ਗਈ ਹੈ ਇਹ ਨਹਿਰ ਰਾਜਸਥਾਨ ਦੀਆਂ ਨਹਿਰਾਂ ਵਿਚ ਪਾਣੀ ਭੇਜਣ ਦੇ ਪ੍ਰਬੰਧ ਲਈ ਕੰਮ ਕਰਦੀ ਹੈ ।ਅਪਰਬਾਰੀ ਦੁਆਬ ਨਹਿਰ ਦਾ ਪਾਣੀ ਘਟਾ ਦਿੱਤਾ ਗਿਆ ਹੈ ਅਤੇ ਇਸ ਨਹਿਰ ਰਾਹੀਂ ਚੱਕੀ ਦਰਿਆ ਵਿਚ ਸੁੱਟ ਕੇ ਅੱਗੋਂ ਬਿਆਸ ਦਰਿਆ ਵਿੱਚ ਭੇਜ ਕੇ ਹਰੀਕੇ ਪੱਤਣ ਤੋਂ ਨਿਕਲਦੀਆਂ ਰਾਜਸਥਾਨ ਨਹਿਰਾਂ ਨੂੰ ਭੇਜਿਆ ਜਾਂਦਾ ਹੈ ।ਬਹਾਨਾ ਇਹ ਲਾਇਆ ਜਾਂਦਾ ਹੈ ਕਿ ਯੂਬੀਡੀਸੀ ਨਹਿਰ ਦੀ ਕਪੈਸਟੀ ਇਸ ਪਾਣੀ ਨੂੰ ਸਹਿਣ ਕਰਨ ਦੇ ਯੋਗ ਨਹੀਂ ਹੈ ਇਸ ਲਈ ਇਹ ਪਾਣੀ ਉਧਰ ਸੁੱਟਿਆ ਜਾਂਦਾ ਹੈ ।ਦੱਸਿਆ ਗਿਆ ਕਿ ਇਸ ਮੁਜ਼ਾਹਰੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਅਪਰਬਾਰੀ ਦੋਆਬ ਨਹਿਰ ਦੀ ਕਪੈਸਟੀ ਵਧਾਈ ਜਾਵੇ ਅਤੇ ਅੱਗੋਂ ਰਜਵਾਹਿਆਂ ਖਾਲਾਂ ਦੀਆਂ ਟੇਲਾਂ ਤੱਕ ਪਾਣੀ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾਵੇ ।ਇਸ ਨਾਲ ਨਹਿਰ ਦਾ ਪਾਣੀ ਖੇਤਾਂ ਨੂੰ ਲੱਗੇਗਾ ਅਤੇ ਧਰਤੀ ਹੇਠੋਂ ਪਾਣੀ ਕੱਢਣ ਦੀ ਜ਼ਰੂਰਤ ਬਹੁਤ ਘਟ ਜਾਵੇਗੀ ਅਤੇ ਮਾਝਾ ਜ਼ੋਨ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇਗਾ ।


ਇਹ ਵੀ ਮੰਗ ਕੀਤੀ ਗਈ ਹੈ ਕਿ ਯੂਬੀਡੀਸੀ ਨਹਿਰ ਵਿਚ ਸੁਜਾਨਪੁਰ ਸਰਨੇ ਅਤੇ ਹੋਰ ਕਈ ਥਾਵਾਂ ਤੋਂ ਜੋ ਸੀਵਰੇਜ ਦਾ ਗੰਦਾ ਪਾਣੀ ਸੁੱਟਿਆ ਜਾਂਦਾ ਹੈ ਉਸ ਨੂੰ ਫੌਰੀ ਤੌਰ ਤੇ ਬੰਦ ਕੀਤਾ ਜਾਵੇ ਅਤੇ ਕਿਧਰੇ ਹੋਰ ਸੁੱਟਣ ਦਾ ਪ੍ਰਬੰਧ ਕੀਤਾ ਜਾਵੇ ।ਇਸ ਤਰ੍ਹਾਂ ਗਾਲੜੀ ਵਾਲੀ ਨਹਿਰ ਜੋ ਕਲਾਨੌਰ ਦੇ ਏਰੀਏ ਨੂੰ ਸਿੰਜਦੀ ਹੈ ਉਸ ਵਿੱਚ ਵੀ ਪਾਣੀ ਛੱਡਿਆ ਜਾਵੇ ਜੋ ਅਕਸਰ ਸੁੱਕੀ ਹੀ ਰਹਿੰਦੀ ਹੈ ।


ਫ਼ੈਸਲਾ ਕੀਤਾ ਗਿਆ ਕਿ ਘੱਟ ਤੋਂ ਘੱਟ ਤਿੱਨ ਸੌ ਕਿਸਾਨ ਇਸ ਮੁਜ਼ਾਹਰੇ ਵਿੱਚ ਪਹੁੰਚਣਗੇ ਅਤੇ ਉਨ੍ਹਾਂ ਦਾ ਵੱਖ ਵੱਖ ਥਾਵਾਂ ਤੋਂ ਤੁਰਨ ਲਈ ਬੱਸਾਂਅਤੇ ਟਰਾਲੀਆਂ ਦਾ ਪ੍ਰਬੰਧ ਕੀਤਾ ਗਿਆ ।ਅਜੀਤ ਸਿੰਘ ਠੱਕਰਸੰਧੂ ਅਤੇ ਜਗੀਰ ਸਿੰਘ ਸਲਾਚ ਨੇ ਦੱਸਿਆ ਕਿ ਇਸ ਮੁਜ਼ਾਹਰੇ ਵਿੱਚ ਸਾਰੇ ਪੰਜਾਬ ਤੋਂ ਕਿਸਾਨ ਹਿੱਸਾ ਲੈਣਗੇ ।ਉਨ੍ਹਾਂ ਦੱਸਿਆ ਇਸ ਬਾਰੇ ਸਾਡੀ ਸਟੇਟ ਲੀਡਰਸ਼ਿਪ ਵੱਲੋਂ ਕਈ ਵਾਰ ਐੱਸ ਈ ਅੰਮ੍ਰਿਤਸਰ ਨਾਲ ਗੱਲਬਾਤ ਕੀਤੀ ਜਾ ਚੁੱਕੀ ਹੈ ਪ੍ਰੰਤੂ ਉਹਨਾਂ ਨੇ ਇੱਧਰ ਕੋਈ ਕੰਨ ਨਹੀਂ ਧਰਿਆ ।ਆਗੂਆਂ ਨੇ ਕਿਹਾ ਕਿ ਇਸ ਗੱਲ ਦੀ ਗੰਭੀਰ ਚਿੰਤਾ ਹੈ ਕਿ ਧਰਤੀ ਹੇਠੋਂ ਪਾਣੀ ਬਹੁਤ ਛੇਤੀ ਖਤਮ ਹੋਣ ਵਾਲਾ ਹੈ ਅਤੇ ਇਸ ਨਾਲ ਪੰਜਾਬ ਰੇਗਿਸਤਾਨ ਬਣ ਜਾਵੇਗਾ ।ਜਿਸ ਪ੍ਰਤੀ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ ਇਸ ਲਈ ਹੁਣ ਤੋਂ ਹੀ ਇਸ ਦਾ ਚਾਰਾ ਕਰਕੇ ਨਹਿਰ ਦਾ ਪਾਣੀ ਖੇਤਾਂ ਨੂੰ ਲੱਗਣਾ ਚਾਹੀਦਾ ਹੈ ਅਤੇ ਟਿਊਬਵੈੱਲਾਂ ਦਾ ਪਾਣੀ ਘੱਟ ਤੋਂ ਘੱਟ ਧਰਤੀ ਹੇਠੋਂ ਖਿੱਚਣਾ ਬਣਦਾ ਹੈ ਇਸ ਵਲ ਸਰਕਾਰ ਨੂੰ ਉਚੇਚਾ ਧਿਆਨ ਦੇਣਾ ਚਾਹੀਦਾ ਹੈ ਅਤੇ ਇਹ ਧਿਆਨ ਦਿਵਾਉਣ ਲਈ ਹੀ ਇਹ ਮੁਜ਼ਾਹਰਾ ਕੀਤਾ ਜਾ ਰਿਹਾ ਹੈ ।ਇਸ ਮੌਕੇ ਖ਼ਜ਼ਾਨ ਸਿੰਘ ਪੰਧੇਰ ਕੁਲਵਿੰਦਰ ਸਿੰਘ ਤਿੱਬੜ ਗੁਰਦਿਆਲ ਸਿੰਘ ਸੋਹਲ ਰਘਬੀਰ ਸਿੰਘ ਚਾਹਲ ਬਲਬੀਰ ਸਿੰਘ ਮਾੜੇ ਗੁਰਮੀਤ ਸਿੰਘ ਥਾਨੇਵਾਲ ਅਮਰੀਕ ਸਿੰਘ ਸਲਾਚ ਕਪੂਰ ਸਿੰਘ ਘੁੰਮਣ ਹੈੱਡਮਾਸਟਰ ਅਬਿਨਾਸ਼ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ ।


Story You May Like