The Summer News
×
Friday, 17 May 2024

ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਮਹਾਨ ਫਿਲਮਕਾਰ 'ਭਾਰਤ ਰਤਨ' ਸਤਿਆਜੀਤ ਰੇ ਨੂੰ ਯਾਦ ਕਰਦਿਆਂ

ਵੀਹਵੀਂ ਸਦੀ ਦੇ ਮਹਾਨ ਫਿਲਮਕਾਰ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ ਹਾਸਲ ਕਰਨ ਵਾਲੇ 'ਭਾਰਤ ਰਤਨ' ਸਤਿਆਜੀਤ ਰੇਅ ਦਾ ਅੱਜ ਜਨਮ ਦਿਨ ਹੈ। 2 ਮਈ 1921 ਨੂੰ ਕੋਲਕਾਤਾ 'ਚ ਸਾਹਿੱਤ, ਕਲਾ ਅਤੇ ਸਿੱਖਿਆ ਦੇ ਖੇਤਰ ਵਿਚ ਉਚੇਰਾ ਸਥਾਨ ਰੱਖਣ ਵਾਲੇ ਸੰਪੰਨ ਪਰਿਵਾਰ ਵਿਚ ਜਨਮੇ ਸੱਤਿਆਜੀਤ ਰੇਅ ਕਿੰਨੇ ਵੱਡੇ ਫਿਲਮਕਾਰ ਸਨ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 1955 'ਚ ਰਿਲੀਜ਼ ਹੋਈ ਉਨ੍ਹਾਂ ਦੀ ਪਹਿਲੀ ਫਿਲਮ 'ਪਾਥੇਰ ਪੰਚਾਲੀ' ਨੇ ਕਾਨਸ ਫਿਲਮ ਫੈਸਟੀਵਲ 'ਚ ਸਰਵੋਤਮ ਐਵਾਰਡ ਸਮੇਤ 11 ਅੰਤਰਰਾਸ਼ਟਰੀ ਪੁਰਸਕਾਰ ਜਿੱਤੇ।


ਸਤਿਆਜੀਤ ਰੇਅ ਅਜਿਹੇ ਫਿਲਮ ਨਿਰਮਾਤਾ ਸਨ ਜੋ ਆਪਣੀ ਫਿਲਮ ਦੇ ਨਿਰਦੇਸ਼ਕ, ਨਿਰਮਾਤਾ, ਲੇਖਕ, ਸੰਪਾਦਕ, ਗੀਤਕਾਰ, ਸੰਗੀਤਕਾਰ ਅਤੇ ਪਬਲੀਸਿਟੀ ਡਿਜ਼ਾਈਨਿੰਗ ਦਾ ਕੰਮ ਖੁਦ ਕਰਦੇ ਸਨ। ਸਤਿਆਜੀਤ ਰੇਅ ਨੇ ਕੁੱਲ 32 ਫਿਲਮਾਂ ਦਾ ਨਿਰਮਾਣ ਕੀਤਾ, ਜਿਸ ਵਿੱਚ ਫੀਚਰ, ਲਘੂ ਅਤੇ ਦਸਤਾਵੇਜ਼ੀ ਫਿਲਮਾਂ ਸ਼ਾਮਲ ਹਨ। ਉਹਨਾਂ ਦੇ ਕੰਮ ਦਾ ਖੇਤਰ ਸਿਰਫ ਬੰਗਾਲੀ ਫਿਲਮਾਂ ਸੀ। ਉਹਨਾਂ ਦੀ ਇੱਕੋ ਇੱਕ ਹਿੰਦੀ ਫਿਲਮ 'ਸ਼ਤਰੰਜ ਕੇ ਖਿਲਾੜੀ' ਸੀ, ਜੋ 1977 ਵਿੱਚ ਰਿਲੀਜ਼ ਹੋਈ ਸੀ, ਜੋ ਮੁਨਸ਼ੀ ਪ੍ਰੇਮਚੰਦ ਦੀ ਕਹਾਣੀ 'ਤੇ ਆਧਾਰਿਤ ਸੀ। ਇਸ ਫਿਲਮ ਵਿੱਚ ਸੰਜੀਵ ਕੁਮਾਰ, ਸ਼ਬਾਨਾ ਆਜ਼ਮੀ, ਸਈਦ ਜਾਫਰੀ, ਅਮਜਦ ਖਾਨ ਅਤੇ ਵਿਕਟਰ ਬੈਨਰਜੀ ਨੇ ਰੇਅ ਦੇ ਨਿਰਦੇਸ਼ਨ ਹੇਠ ਲਾਜਵਾਬ ਅਦਾਕਾਰੀ ਕੀਤੀ ਸੀ।


ਸਤਿਆਜੀਤ ਰੇਅ ਦੀਆਂ ਫਿਲਮਾਂ ਨੇ 38 ਰਾਸ਼ਟਰੀ ਪੁਰਸਕਾਰ ਅਤੇ 32 ਅੰਤਰਰਾਸ਼ਟਰੀ ਪੁਰਸਕਾਰ ਜਿੱਤੇ। 1992 ਵਿਚ 'ਆਸਕਰ' ਐਵਾਰਡ ਦੇਣ ਵਾਲੀ ਸੰਸਥਾ ਨੇ ਉਹਨਾਂ ਨੂੰ 'ਅਕੈਡਮੀ ਆਨਰੇਰੀ ਐਵਾਰਡ' ਨਾਲ ਸਨਮਾਨਿਤ ਕੀਤਾ। ਉਹ ਇਹ ਸਨਮਾਨ ਪ੍ਰਾਪਤ ਕਰਨ ਵਾਲੇ ਪਹਿਲੇ ਅਤੇ ਇੱਕੋ ਇੱਕ ਭਾਰਤੀ ਫਿਲਮ ਨਿਰਮਾਤਾ ਸਨ। ਸਾਲ 1977 ਵਿੱਚ, ਰੇਅ ਨੂੰ ਭਾਰਤ ਦਾ ਸਭ ਤੋਂ ਵੱਡਾ ਫਿਲਮ ਪੁਰਸਕਾਰ 'ਦਾਦਾ ਸਾਹਿਬ ਫਾਲਕੇ ਪੁਰਸਕਾਰ' ਦਿੱਤਾ ਗਿਆ। ਸਾਲ 1992 ਵਿੱਚ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ 'ਭਾਰਤ ਰਤਨ' ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। 23 ਅਪ੍ਰੈਲ 1992 ਨੂੰ 70 ਸਾਲ ਦੀ ਉਮਰ ਵਿੱਚ ਕੋਲਕਾਤਾ ਵਿੱਚ ਇਸ ਮਹਾਨ ਫਿਲਮਕਾਰ ਦਾ ਦੇਹਾਂਤ ਹੋ ਗਿਆ।   


                                   -ਅਸ਼ਵਨੀ ਜੇਤਲੀ-

Story You May Like