The Summer News
×
Monday, 20 May 2024

ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਪਟਿਆਲਾ ਵਿੱਚ ਰੋਜ਼ਗਾਰ ਮੇਲੇ ਵਿੱਚ ਨਿਯੁਕਤੀ ਪੱਤਰ ਵੰਡੇ

ਪਟਿਆਲਾ, 13 ਜੂਨ, 2023 - ਰੋਜ਼ਗਾਰ ਸਿਰਜਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਵਿੱਚ ਨਵੇਂ ਭਰਤੀ ਹੋਏ ਲਗਭਗ 70,000 ਨਵ-ਨਿਯੁਕਤਾਂ ਨੂੰ ਨਿਯੁਕਤੀ ਪੱਤਰਾਂ ਦੀ ਵੰਡ ਕੀਤੀ। ਵੰਡ ਇੱਕ ਵੀਡੀਓ ਕਾਨਫਰੰਸਿੰਗ ਪ੍ਰੋਗਰਾਮ ਜ਼ਰੀਏ ਹੋਈ, ਜਿੱਥੇ ਪ੍ਰਧਾਨ ਮੰਤਰੀ ਨੇ ਨਵ-ਨਿਯੁਕਤ ਮੈਂਬਰਾਂ ਨੂੰ ਸੰਬੋਧਨ ਵੀ ਕੀਤਾ, ਅਤੇ ਰਾਸ਼ਟਰੀ ਵਿਕਾਸ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਦੇਸ਼ ਭਰ ਵਿੱਚ 43 ਸਥਾਨਾਂ 'ਤੇ ਆਯੋਜਿਤ ਕੀਤੇ ਗਏ ਇਸ ਰੋਜ਼ਗਾਰ ਮੇਲੇ ਵਿੱਚ ਕੇਂਦਰ ਸਰਕਾਰ ਦੇ ਵਿਭਾਗਾਂ ਦੇ ਨਾਲ-ਨਾਲ ਇਸ ਪਹਿਲ ਦਾ ਸਮਰਥਨ ਕਰਨ ਵਾਲੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਯੋਗ ਵਿਅਕਤੀਆਂ ਦੀ ਭਰਤੀ ਕੀਤੀ ਗਈ। ਨਵੀਂ ਭਰਤੀ ਵਿੱਤੀ ਸੇਵਾਵਾਂ, ਡਾਕ, ਸਕੂਲ ਸਿੱਖਿਆ, ਉੱਚੇਰੀ ਸਿੱਖਿਆ, ਰੱਖਿਆ, ਮਾਲੀਆ, ਸਿਹਤ ਅਤੇ ਪਰਿਵਾਰ ਭਲਾਈ, ਪਰਮਾਣੂ ਊਰਜਾ, ਰੇਲਵੇ, ਆਡਿਟ ਅਤੇ ਲੇਖਾ ਅਤੇ ਗ੍ਰਹਿ ਮਾਮਲਿਆਂ ਸਮੇਤ ਵਿਭਿੰਨ ਵਿਭਾਗਾਂ ਵਿੱਚ ਸ਼ਾਮਲ ਹੋਵੇਗੀ।

ਰੋਜ਼ਗਾਰ ਮੇਲਾ ਪ੍ਰਧਾਨ ਮੰਤਰੀ ਦੁਆਰਾ ਰੋਜ਼ਗਾਰ ਸਿਰਜਣ ਨੂੰ ਤਰਜੀਹ ਦੇਣ ਦੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਵੱਲ ਇੱਕ ਅਹਿਮ ਕਦਮ ਹੈ। ਇਹ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਰਾਸ਼ਟਰ ਦੇ ਵਿਕਾਸ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਵਿੱਚ ਇੱਕ ਉਤਪ੍ਰੇਰਕ ਵਜੋਂ ਕੰਮ ਕਰਦਾ ਹੈ। ਨਿਯੁਕਤੀ ਪੱਤਰਾਂ ਦੀ ਵੰਡ ਤੋਂ ਇਲਾਵਾ, ਨਵ-ਨਿਯੁਕਤਾਂ ਨੂੰ ਕਰਮਯੋਗੀ ਪ੍ਰਾਰੰਭ ਪ੍ਰੋਗਰਾਮ ਜ਼ਰੀਏ ਆਪਣੇ ਆਪ ਨੂੰ ਟ੍ਰੇਨਿੰਗ ਦੇਣ ਦਾ ਮੌਕਾ ਮਿਲੇਗਾ। ਆਈਜੀਓਟੀ (iGOT) ਕਰਮਯੋਗੀ ਪੋਰਟਲ 'ਤੇ ਉਪਲਬਧ ਇਹ ਔਨਲਾਈਨ ਮੋਡਿਊਲ, "ਕਿਸੇ ਵੀ ਜਗ੍ਹਾ, ਕਿਸੇ ਵੀ ਡਿਵਾਈਸ" ਲਰਨਿੰਗ ਫਾਰਮੈਟ ਵਿੱਚ 400 ਤੋਂ ਵੱਧ ਈ-ਲਰਨਿੰਗ ਕੋਰਸਾਂ ਦੀ ਪੇਸ਼ਕਸ਼ ਕਰਦਾ ਹੈ।

ਇਹ ਸਮਾਗਮ ਹਰਪਾਲ ਟਿਵਾਣਾ ਆਡੀਟੋਰੀਅਮ, ਪਟਿਆਲਾ ਵਿਖੇ ਹੋਇਆ, ਜਿੱਥੇ ਮਾਣਯੋਗ ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ, ਸੋਮ ਪ੍ਰਕਾਸ਼ ਨੇ ਚੁਣੇ ਗਏ ਨਵ-ਨਿਯੁਕਤਾਂ ਨੂੰ ਨਿੱਜੀ ਤੌਰ 'ਤੇ ਨਿਯੁਕਤੀ ਪੱਤਰ ਸੌਂਪੇ। ਭਾਰਤ ਦੀ ਭਵਿੱਖੀ ਲੀਡਰਸ਼ਿਪ 'ਤੇ ਭਰੋਸਾ ਪ੍ਰਗਟਾਉਂਦੇ ਹੋਏ ਉਨ੍ਹਾਂ ਨੇ ਦੇਸ਼ ਨੂੰ ਅੱਗੇ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਨਵੇਂ ਨਿਯੁਕਤ ਕੀਤੇ ਗਏ ਕਰਮਚਾਰੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, “ਤੁਸੀਂ ਭਾਰਤ ਦੇ ਭਵਿੱਖ ਦੀ ਰੀੜ੍ਹ ਹੋ ਅਤੇ ਸਾਡੇ ਦੇਸ਼ ਦੀ ਤਰੱਕੀ ਦੀ ਕੁੰਜੀ ਹੋ। ਤੁਹਾਡਾ ਸਮਰਪਣ ਅਤੇ ਪ੍ਰਤੀਬੱਧਤਾ ਸਾਡੇ ਦੇਸ਼ ਦੀ ਕਿਸਮਤ ਨੂੰ ਆਕਾਰ ਦੇਵੇਗੀ। ਮੈਨੂੰ ਤੁਹਾਡੀ ਕਾਬਲੀਅਤ ‘ਤੇ ਪੂਰਾ ਭਰੋਸਾ ਅਤੇ ਵਿਸ਼ਵਾਸ ਹੈ ਕਿ ਤੁਸੀਂ ਇੱਕ ਸਮ੍ਰਿੱਧ ਅਤੇ ਵਿਕਸਿਤ ਭਾਰਤ ਦੇ ਸਾਡੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਓਗੇ।”

ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ, “ਭਾਰਤ ਅਗਲੇ ਦੋ ਵਰ੍ਹਿਆਂ ਵਿੱਚ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਰਾਹ 'ਤੇ ਹੈ। ਸਾਡੇ ਦੇਸ਼ ਨੂੰ ਅਪਾਰ ਸੰਭਾਵਨਾਵਾਂ, ਇੱਕ ਜੀਵੰਤ ਕਾਰਜਬਲ ਅਤੇ ਵਿਕਾਸ ਲਈ ਇੱਕ ਮਜ਼ਬੂਤ ਢਾਂਚੇ ਦੀ ਬਖਸ਼ਿਸ਼ ਹੈ। ਸਰਕਾਰ ਦੀਆਂ ਅਗਾਂਹਵਧੂ ਨੀਤੀਆਂ ਅਤੇ ਸਾਡੇ ਨਾਗਰਿਕਾਂ ਦੇ ਦ੍ਰਿੜ ਇਰਾਦੇ ਨਾਲ, ਅਸੀਂ ਬੇਮਿਸਾਲ ਆਰਥਿਕ ਵਿਕਾਸ ਪ੍ਰਾਪਤ ਕਰਨ ਲਈ ਤਿਆਰ ਹਾਂ।” ਉਨ੍ਹਾਂ ਅੱਗੇ ਕਿਹਾ, "ਜਿਵੇਂ ਕਿ ਅਸੀਂ ਬੁਨਿਆਦੀ ਢਾਂਚੇ ਦੇ ਵਿਕਾਸ, ਨਵੀਨਤਾ ਅਤੇ ਉੱਦਮਤਾ 'ਤੇ ਧਿਆਨ ਕੇਂਦਰਤ ਕਰਨਾ ਜਾਰੀ ਰੱਖਦੇ ਹਾਂ, ਅਸੀਂ ਬਹੁਤ ਜਲਦੀ ਭਾਰਤ ਨੂੰ ਇੱਕ ਗਲੋਬਲ ਆਰਥਿਕ ਪਾਵਰਹਾਊਸ ਵਿੱਚ ਬਦਲਦੇ ਦੇਖਾਂਗੇ।" ਪਟਿਆਲਾ ਵਿੱਚ ਇਸ ਸਮਾਗਮ ਦੀ ਸਫਲਤਾ ਵਿੱਤੀ ਸੇਵਾਵਾਂ ਵਿਭਾਗ (ਡੀਐੱਫਐੱਸ) ਅਤੇ ਰਾਜ ਪੱਧਰੀ ਬੈਂਕਰਜ਼ ਕਮੇਟੀ ਦੇ ਯਤਨਾਂ ਸਦਕਾ ਸੰਭਵ ਹੋ ਸਕੀ, ਜਿਨ੍ਹਾਂ ਨੇ ਇਸ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ।

ਪ੍ਰਧਾਨ ਮੰਤਰੀ ਦੁਆਰਾ ਨਿਯੁਕਤੀ ਪੱਤਰਾਂ ਦੀ ਵੰਡ ਅਤੇ ਰੋਜ਼ਗਾਰ ਮੇਲੇ, ਰੋਜ਼ਗਾਰ ਪੈਦਾ ਕਰਨ ਅਤੇ ਨੌਜਵਾਨਾਂ ਨੂੰ ਸਾਰਥਕ ਮੌਕੇ ਪ੍ਰਦਾਨ ਕਰਨ ਪ੍ਰਤੀ ਸਰਕਾਰ ਦੀ ਅਟੁੱਟ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ। ਵਿਅਕਤੀਆਂ ਨੂੰ ਸਸ਼ਕਤ ਬਣਾਉਣ ਅਤੇ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੁਆਰਾ, ਸਰਕਾਰ ਦਾ ਉਦੇਸ਼ ਭਾਰਤ ਲਈ ਇੱਕ ਸਮ੍ਰਿੱਧ ਅਤੇ ਵਿਕਸਿਤ ਭਵਿੱਖ ਬਣਾਉਣਾ ਹੈ।

Story You May Like