The Summer News
×
Tuesday, 21 May 2024

ਕੇਰਲ 'ਚ ਹੋਏ ਧਮਾਕਿਆਂ 'ਚ 'ਇਨਸੇਂਡਰੀ ਡਿਵਾਈਸ' ਅਤੇ ਆਈਈਡੀ ਦੀ ਹੋਈ ਵਰਤੋਂ, ਟਿਫਿਨ ਬਾਕਸ 'ਚ ਰੱਖੇ ਗਏ ਸਨ ਬੰਬ

ਏਰਨਾਕੁਲਮ  : ਕੇਰਲ ਦੇ ਏਰਨਾਕੁਲਮ ਵਿੱਚ ਕਨਵੈਨਸ਼ਨ ਸੈਂਟਰ ਵਿੱਚ ਇੱਕ ਈਸਾਈ ਪ੍ਰਾਰਥਨਾ ਸਭਾ ਦੌਰਾਨ ਵੱਡੇ ਬੰਬ ਧਮਾਕੇ ਹੋਏ। ਇਨ੍ਹਾਂ ਧਮਾਕਿਆਂ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 40 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਬੰਬ ਧਮਾਕਿਆਂ ਦੀ ਸੂਚਨਾ ਮਿਲਦੇ ਹੀ ਐਨਆਈਏ ਅਤੇ ਕੇਰਲ ਪੁਲਿਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ।


ਇਸ ਘਟਨਾ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਧਮਾਕਿਆਂ ਲਈ 'ਇਨਸੇਂਡਰੀ ਡਿਵਾਈਸ' ਅਤੇ 'ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ' ਯਾਨੀ ਆਈਈਡੀ ਦੀ ਵਰਤੋਂ ਕੀਤੀ ਗਈ ਸੀ। ਵਿਸਫੋਟਕ ਨੂੰ ਟਿਫਿਨ ਬਾਕਸ ਵਿੱਚ ਛੁਪਾਇਆ ਹੋਇਆ ਸੀ, ਤਾਂ ਜੋ ਕਿਸੇ ਨੂੰ ਪਤਾ ਨਾ ਲੱਗ ਸਕੇ। ਪੁਲਿਸ ਮੁਤਾਬਕ ਪਹਿਲਾ ਧਮਾਕਾ ਸਵੇਰੇ ਕਰੀਬ 9.30 ਵਜੇ ਹੋਇਆ। ਇਸ ਤੋਂ ਬਾਅਦ ਇਕ ਤੋਂ ਬਾਅਦ ਇਕ ਤਿੰਨ ਧਮਾਕਿਆਂ ਨਾਲ ਪੂਰਾ ਕਨਵੈਨਸ਼ਨ ਸੈਂਟਰ ਹਿੱਲ ਗਿਆ।


ਜਾਣਕਾਰੀ ਮੁਤਾਬਕ ਏਰਨਾਕੁਲਮ ਦੇ ਕਲਾਮਾਸੇਰੀ ਸਥਿਤ ਕਨਵੈਨਸ਼ਨ ਸੈਂਟਰ 'ਚ ਯਹੋਵਾਹ ਦੇ ਗਵਾਹਾਂ ਦੀਆਂ ਪ੍ਰਾਰਥਨਾਵਾਂ ਚੱਲ ਰਹੀਆਂ ਸਨ। ਇਸ ਤਿੰਨ ਰੋਜ਼ਾ ਕਾਨਫਰੰਸ ਵਿੱਚ ਸੈਂਕੜੇ ਲੋਕ ਹਾਜ਼ਰ ਸਨ। ਫਿਰ ਇਕ ਜ਼ਬਰਦਸਤ ਧਮਾਕਾ ਹੋਇਆ, ਜਿਸ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਇਸ ਦੌਰਾਨ ਵੱਡੀ ਗਿਣਤੀ 'ਚ ਲੋਕ ਜ਼ਖਮੀ ਹੋਏ ਹਨ। ਤਿੰਨ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਾਰੇ ਜ਼ਖਮੀਆਂ ਦਾ ਏਰਨਾਕੁਲਮ ਮੈਡੀਕਲ ਕਾਲਜ 'ਚ ਇਲਾਜ ਚੱਲ ਰਿਹਾ ਹੈ।


ਬਚਾਅ ਅਤੇ ਰਾਹਤ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਕੇਰਲ ਪੁਲਿਸ ਅਤੇ ਐਨਆਈਏ ਟੀਮ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦਿੱਲੀ ਤੋਂ ਐਨਐਸਜੀ ਦੀ ਟੀਮ ਵੀ ਮੌਕੇ ’ਤੇ ਪੁੱਜਣ ਜਾ ਰਹੀ ਹੈ। ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੂਰੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ।


 

Story You May Like