The Summer News
×
Sunday, 19 May 2024

52 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਮਲੋਟ ਸ੍ਰੀ ਮੁਕਤਸਰ ਸਾਹਿਬ ਸੜਕ ਦੇ ਕੰਮ ਦੀ ਮੰਤਰੀ ਬਲਜੀਤ ਕੌਰ ਨੇ ਕਰਵਾਈ ਸ਼ੁਰੂਆਤ

ਮਲੋਟ, 12 ਜੂਨ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਅਣਥੱਕ ਯਤਨਾਂ ਨਾਲ ਮਲੋਟ ਸ੍ਰੀ ਮੁਕਤਸਰ ਸਾਹਿਬ ਸੜਕ ਨੂੰ ਚੌੜਾ ਕਰਨ ਅਤੇ ਨਵੀਨੀਕਰਨ ਦੇ ਕੰਮ ਦੀ ਸ਼ੁਰੂਆਤ ਪੰਜਾਬ ਦੇ ਇਸਤਰੀ ਤੇ ਬਾਲ ਵਿਕਾਸ, ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਅੱਜ ਇੱਥੋਂ ਕਰਵਾਈ। ਇਸ ਮੌਕੇ ਬੋਲਦਿਆਂ ਡਾ: ਬਲਜੀਤ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਨੇ ਸਾਰੇ ਅੜਿੱਕੇ ਦੂਰ ਕਰਕੇ ਅੱਜ ਇਸ ਸੜਕ ਦਾ ਕੰਮ ਸ਼ੁਰੂ ਕਰਵਾਇਆ ਹੈ ਅਤੇ ਇਸ ਨੂੰ ਮਿੱਥੇ 18 ਮਹੀਨੇ ਦੇ ਸਮੇਂ ਵਿਚ ਪੂਰਾ ਕਰਕੇ ਇਲਾਕੇ ਦੇ ਲੋਕਾਂ ਨੂੰ ਇਹ ਸੜਕ ਸਮਰਪਿਤ ਕੀਤੀ ਜਾਵੇਗੀ।ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਦੱਸਿਆ ਕਿ ਇਸ ਸੜਕ ਦੇ ਨਿਰਮਾਣ ਤੇ 152.58 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਸਦੀ ਲੰਬਾਈ 27.660 ਕਿਲੋਮੀਟਰ ਹੋਵੇਗੀ। ਪੇਂਡੂ ਖੇਤਰਾਂ ਵਿਚ ਇਹ 10 ਮੀਟਰ ਅਤੇ ਨਿਰਮਤ ਖੇਤਰਾਂ ਵਿਚ ਇਸਦੀ ਚੋੜਾਈ 12 ਮੀਟਰ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਇਸ ਇਲਾਕੇ ਦੇ ਸੜਕੀ ਸੰਪਰਕ ਨੂੰ ਮਜਬੂਤ ਕਰਨ ਦੇ ਨਾਲ ਨਾਲ ਪੰਜਾਬ ਦੇ ਰਾਜਸਥਾਨ ਨਾਲ ਸੜਕੀ ਸੰਪਰਕ ਨੂੰ ਵੀ ਛੋਟਾ ਕਰੇਗੀ ਅਤੇ ਇਸ ਨਾਲ ਲੋਕਾਂ ਨੂੰ ਵੱਡੀ ਸਹੁਲਤ ਹੋਵੇਗੀ।


ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਕਿਹਾ ਕਿ ਪਹਿਲੇ ਪੜਾਅ ਵਿਚ ਸੜਕ ਨੂੰ ਚੌੜਾ ਕਰਨ ਲਈ ਦਰੱਖਤ ਪੁੱਟਣ ਦਾ ਕੰਮ ਸ਼ੁਰੂ ਹੋ ਰਿਹਾ ਹੈ ਜਿਸਤੋਂ ਤੁਰੰਤ ਬਾਅਦ ਸੜਕ ਨਿਰਮਾਣ ਕਾਰਜ ਆਰੰਭ ਹੋ ਜਾਣਗੇ। ਇਸ ਮੌਕੇ ਡਾ: ਬਲਜੀਤ ਕੌਰ ਨੇ ਕਿਹਾ ਕਿ ਪਿੱਛਲੇ 10 ਸਾਲ ਤੋਂ ਇਹ ਸੜਕ ਖਸਤਾ ਹਾਲ ਸੀ ਪਰ ਪਿੱਛਲੀਆਂ ਸਰਕਾਰਾਂ ਨੇ ਇਸਦੇ ਲਈ ਕੋਈ ਧਿਆਨ ਨਹੀਂ ਦਿੱਤਾ ਅਤੇ ਲੋਕਾਂ ਦੇ ਦੁੱਖਾਂ ਦੀ ਪਿੱਛਲੇ ਸ਼ਾਸਕਾਂ ਨੇ ਸਾਰ ਨਹੀਂ ਲਈ। ਪਰ ਜਦ ਤੋਂ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਲੋਕਾਂ ਦੇ ਦੁੱਖ ਦਰਦ ਦੂਰ ਕਰਨ ਵਾਲੀ ਸਰਕਾਰ ਬਣਾਈ ਹੈ ਉਦੋਂ ਤੋਂ ਹੀ ਉਹ ਇਸ ਸੜਕ ਦੇ ਨਿਰਮਾਣ ਵਿਚ ਆ ਰਹੇ ਅੜਿੱਕੇ ਦੂਰ ਕਰਨ ਤੇ ਲੱਗੇ ਹੋਏ ਸਨ ਅਤੇ ਹੁਣ ਜਦ ਸਾਰੀਆਂ ਰੁਕਾਵਟਾਂ ਦੂਰ ਕਰ ਲਈਆਂ ਗਈਆਂ ਹਨ ਤਾਂ ਇਸ ਸੜਕ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਮਲੋਟ ਸ੍ਰੀ ਮੁਕਤਸਰ ਸਾਹਿਬ ਇਲਾਕੇ ਦੇ ਸਮੂਹ ਲੋਕਾਂ ਨੂੰ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਦੀ ਵਧਾਈ ਦਿੱਤੀ। ਇਸ ਮੌਕੇ ਦੇ ਵੱਡੀ ਗਿਣਤੀ ਵਿਚ ਪੁੱਜੇ ਲੋਕਾਂ ਨੇ ਸੜਕ ਦਾ ਕੰਮ ਸ਼ੁਰੂ ਹੋਣ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।


ਇਸ ਮੌਕੇ ਜੰਗਲਾਤ ਵਿਭਾਗ ਦੇ ਖੇਤਰੀ ਮੈਨੇਜਰ ਬਠਿੰਡਾ ਗੁਰਪਾਲ ਸਿੰਘ ਢਿੱਲੋਂ, ਵਣ ਮੰਡਲ ਅਫ਼ਸਰ ਅੰਮ੍ਰਿਤਪਾਲ ਸਿੰਘ ਬਰਾੜ, ਪ੍ਰੋਜੈਕਟ ਅਫ਼ਸਰ ਕੁਲਦੀਪ ਸਿੰਘ ਸੰਧੂ, ਪਰਮਜੀਤ ਸਿੰਘ ਗਿੱਲ ਜਿ਼ਲ੍ਹਾ ਮੀਤ ਪ੍ਰਧਾਨ ਐਸਸੀ ਵਿੰਗ, ਬਲਾਕ ਪ੍ਰਧਾਨ ਲਵਲੀ ਸੰਧੂ, ਕੁਲਵਿੰਦਰ ਸਿੰਘ ਬਰਾੜ, ਸਿਮਰਜੀਤ ਸਿੰਘ ਬਰਾੜ, ਗਗਨਦੀਪ ਔਲਖ, ਲਾਲੀ ਗਗਨੇਜਾ, ਜ਼ਸਮੀਤ ਬਰਾੜ, ਸਤਗੁਰਦੇਵ ਪੱਪੀ, ਨਗਿੰਦਰ ਕੁਮਾਰ ਟਿੰਕਾ, ਗੁਰਵਿੰਦਰ ਸਿੰਘ ਰੁਪਾਣਾ, ਕਮਲਪ੍ਰੀਤ ਕੌਰ ਸਮਾਘ ਮੈਂਬਰ ਸਟੇਟ ਵਿਜੀਲੈਂਸ ਅਤੇ ਮੋਨੀਟਰਿੰਗ ਕਮੇਟੀ ਵੀ ਹਾਜਰ ਸਨ।

Story You May Like