The Summer News
×
Wednesday, 15 May 2024

ਸਕੂਲ ਸਿੱਖਿਆ ਵਿਭਾਗ ਦੇ ਹਰ ਕਾਡਰ ਦੀਆਂ ਲਗਾਤਾਰ ਹੋਣਗੀਆਂ ਤਰੱਕੀਆਂ: ਸਿੱਖਿਆ ਮੰਤਰੀ

ਚੰਡੀਗੜ੍ਹ : ਸਕੂਲ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਪੁਰਾਣੀ ਮੰਗ ਦਾ ਨਿਬੇੜਾ ਕਰਦਿਆਂ  ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਅੱਜ ਵੱਖਰੇ ਪ੍ਰਮੋਸ਼ਨ ਸੈੱਲ ਦੇ ਗਠਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਬੈਂਸ ਨੇ ਦੱਸਿਆ ਕਿ ਜਦੋਂ ਤੋਂ ਉਨ੍ਹਾਂ ਨੇ ਸਕੂਲ ਸਿੱਖਿਆ ਵਿਭਾਗ ਦੀ ਜਿੰਮਵਾਰੀ ਸੰਭਾਲੀਂ ਹੈ ਉਦੋਂ ਤੋਂ ਉਨ੍ਹਾਂ ਨੂੰ ਸਿੱਖਿਆ ਵਿਭਾਗ ਦੇ ਮੁਲਾਜ਼ਮ ਅਤੇ ਅਧਿਕਾਰੀ ਤੋਂ ਸਮੇਂ ਸਿਰ ਤਰੱਕੀਆਂ ਨਾਂ ਹੋਣ ਦੀ ਸਭ ਤੋਂ ਵੱਧ ਸ਼ਿਕਾਇਤ ਮਿਲੀਆਂ ਹਨ।


ਉਨ੍ਹਾਂ ਕਿਹਾ ਕਿ ਇਸ ਸ਼ਿਕਾਇਤ ਦਾ ਪੱਕਾ ਨਿਬੇੜਾ ਕਰਦਿਆਂ ਵਿਭਾਗ ਦੇ ਵੱਖ ਵੱਖ ਕਾਡਰਾਂ ਦੀਆਂ ਤਰੱਕੀਆਂ ਦੇ ਕੰਮ ਨੂੰ ਸੁਚਾਰੂ ਢੰਗ ਅਤੇ ਸਮੇਂ ਸਿਰ ਨੇਪਰੇ ਚਾੜਣ ਵਾਸਤੇ ਸੈਕੰਡਰੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਦਫ਼ਤਰ ਵਿਖੇ ਪ੍ਰਮੋਸ਼ਨ ਸੈੱਲ ਦਾ ਗਠਨ ਕਰਦਿਆਂ ਸਹਾਇਕ ਡਾਇਰੈਕਟਰ ਰਿਤੂ ਬਾਲਾ ਨੂੰ ਸੈੱਲ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਸਿੱਖਿਆ ਮੰਤਰੀ  ਬੈਂਸ ਨੇ ਦੱਸਿਆ ਕਿ ਇਹ ਸੈੱਲ ਈ.ਟੀ.ਟੀ./ਨਾਨ ਟੀਚਿੰਗ/ ਸੀ. ਐਂਡ ਵੀ ਤੋਂ ਮਾਸਟਰ ਕਾਡਰ, ਮਾਸਟਰ ਕਾਡਰ ਤੋਂ ਲੈਕਚਰਾਰ/ਹੈੱਡ ਮਾਸਟਰ ਤਰੱਕੀ, ਲੈਕਚਰਾਰ/ ਵੋਕੇਸ਼ਨਲ ਮਾਸਟਰ/ ਹੈੱਡਮਾਸਟਰ ਤੋਂ ਪ੍ਰਿੰਸੀਪਲ ਡਿਪਟੀ ਡੀ.ਈ.ਓ. ਤਰੱਕੀ, ਪ੍ਰਿੰਸੀਪਲ/ਡਿਪਟੀ ਡੀ. ਈ. ਓ. ਤੋਂ ਸਹਾਇਕ ਡਾਇਰੈਕਟਰ/ਡੀ.ਈ.ਓ., ਸਹਾਇਕ ਡਾਇਰੈਕਟਰ/ਡੀ.ਈ.ਓ. ਤੋਂ ਡਿਪਟੀ ਡਾਇਰੈਕਟਰ, ਡਿਪਟੀ ਡਾਇਰੈਕਟਰ ਤੋਂ ਸੰਯੁਕਤ ਡਾਇਰੈਕਟਰ ਅਤੇ ਸੰਯੁਕਤ ਡਾਇਰੈਕਟਰ ਤੋਂ ਡਾਇਰੈਕਟਰ ਐਲੀਮੈਂਟਰੀ ਸਿੱਖਿਆ ਦੀਆਂ ਤਰੱਕੀਆਂ ਦੇ ਨਾਲ-ਨਾਲ ਸਾਰੇ ਕਾਡਰਾਂ ਦੀਆਂ ਸੀਨੀਆਰਤਾ ਸੂਚੀਆਂ, ਰੋਸਟਰ ਰਜਿਸਟਰ ਬਣਾਉਣ ਸਬੰਧੀ ਕੰਮ ਅਤੇ ਅਦਾਲਤੀ ਕੇਸਾਂ ਦੀ ਪੈਰਵਾਈ ਬਾਰੇ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿੱਥੇ ਵਿਦਿਆਰਥੀਆਂ ਦੀ ਭਲਾਈ ਲਈ ਕੰਮ ਕਰ ਰਹੀ ਹੈ ਉੱਥੇ ਹੀ ਮੁਲਾਜ਼ਮਾਂ ਦੀ ਬਿਹਤਰੀ ਵਾਸਤੇ ਵੀ ਲਗਾਤਾਰ ਯਤਨਸ਼ੀਲ ਹੈ।

Story You May Like