The Summer News
×
Thursday, 09 May 2024

ਥਾਰ ਗੱਡੀ ਤੇ 24 ਮੋਟਰਸਾਈਕਲ ਜਿੱਤ ਚੁੱਕਿਆ ਇਹ ਪਹਿਲਵਾਨ

ਗੁਰਦਾਸਪੁਰ : ਅਵਤਾਰ ਸਿੰਘ : ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਨਾਮੀ ਪਹਿਲਵਾਨਾਂ ਨੇ ਇਕ ਬੇਹੱਦ ਸ਼ਲਾਘਾ ਯੋਗ ਉਪਰਾਲਾ ਸ਼ੁਰੂ ਕੀਤਾ ਹੈ। ਇਹਨਾਂ ਪਹਿਲਵਾਨਾਂ ਨੇ ਕਲਾਨੌਰ ਵਿੱਚ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਅਖਾੜਾ ਖੋਲ ਦਿੱਤਾ ਹੈ ਜਿੱਥੇ ਚੋਟੀ ਦੇ ਪਹਿਲਵਾਨ ਨੌਜਵਾਨਾਂ ਨੂੰ ਪਹਿਲਵਾਨੀ ਦੇ ਗੁਰ ਸਿਖਾ ਰਹੇ ਹਨ । ਅਖਾੜਾ ਇਲਾਕੇ ਦੇ ਜਾਨੇ ਮਾਨੇ ਸਮਾਜ ਸੇਵਕ ਕਾਮਰੇਡ ਜਗੀਰ ਸਿੰਘ ਅਤੇ ਪਿੰਡ ਦੇ ਕੁਝ ਹੋਰ ਸਹਿਯੋਗੀਆਂ ਦੇ ਸਹਿਯੋਗ ਦੇ ਸਹਿਯੋਗ ਨਾਲ ਖੋਲ੍ਹਿਆ ਗਿਆ ਹੈ।ਅਖਾੜੇ ਵਿੱਚ ਆਉਣ ਵਾਲੇ ਪਹਿਲਵਾਨ ਮੇਜਰ ਸਿੰਘ ਤਲਵੰਡੀ ਹੁਣ ਤੱਕ 40 ਦੇ ਕਰੀਬ ਮੋਟਰ ਸਾਈਕਲ ਜਿੱਤ ਚੁੱਕੇ ਹਨ ਅਤੇ ਪਹਿਲਵਾਨ ਅਰਸ਼ ਨੇ ਜਿੱਤੇ ਹਨ 25 ਦੇ ਕਰੀਬ ਮੋਟਰਸਾਈਕਲ ਅਤੇ ਥਾਰ ਗੱਡੀ। ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਹੋਏ ਉਨ੍ਹਾਂ ਨੇ ਪਹਿਲਵਾਨੀ ਦੀਆਂ ਕੁਝ ਬਰੀਕਿਆਂ ਬਾਰੇ ਵੀ ਪੱਤਰਕਾਰਾਂ ਨਾਲ ਗੱਲਬਾਤ ਕੀਤੀ। 

 

ਜਾਣਕਾਰੀ ਦਿੰਦਿਆ ਕਾਮਰੇਡ ਜਗਜੀਤ ਸਿੰਘ ਨੇ ਦੱਸਿਆ ਕਿ ਲੱਚਰ ਕਲਚਰ ਦੇ ਪਿੱਛੇ ਲੱਗ ਕੇ ਅੱਜ ਦੀ ਨੌਜਵਾਨ ਪੀੜ੍ਹੀ ਆਪਣਾ ਅਮੀਰ ਸੱਭਿਆਚਾਰ ਅਤੇ ਵਿਰਸਾ ਭੁੱਲਦੀ ਜਾ ਰਹੀ ਹੈ। ਪਹਿਲੇ ਸਮਿਆਂ ਵਿੱਚ ਘਰ ਦੇ ਕੰਮ ਕਰਦੇ ਹੋਏ ਵੀ ਲੋਕ ਅਤੇ ਖ਼ਾਸ ਧਿਆਨ ਰੱਖਦੇ ਸਨ ਅਤੇ ਹਰ ਘਰ ਵਿੱਚ ਖੇਡਾਂ ਅਤੇ ਪਹਿਲਵਾਨੀ ਸਿਖਰਾਂ ਤੇ ਹੁੰਦੀਆਂ ਸਨ ਅੱਜ ਨੌਜਵਾਨ ਨਸ਼ਿਆਂ ਦਾ ਗੁਲਾਮ ਹੋ ਕੇ ਜਵਾਨੀ ਖ਼ਰਾਬ ਕਰ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਲਚਰ ਸਭਿਆਚਾਰ ਹੀ ਹੈ। ਸ਼ਹੀਦ ਭਗਤ ਸਿੰਘ ਸੱਭਿਆਚਾਰਕ ਕਲੱਬ ਰਾਹੀ ਪਿੰਡ ਦੇ ਕੁਝ ਸੂਝਵਾਨ ਵਿਅਕਤੀ ਲਗਾਤਾਰ ਆਪਣੇ ਸੱਭਿਆਚਾਰ ਨੂੰ ਸਮਰਪਤ ਸਮਾਗਮ ਕਰਵਾਉਂਦੇ ਆ ਰਹੇ ਹਨ ਅਤੇ ਹੁਣ ਢਾਈ ਸਾਲਾਂ ਤੋਂ ਨਾਮੀ ਪਹਿਲਵਾਨਾਂ ਸਹਿਯੋਗ ਨਾਲ ਨੌਜਵਾਨਾਂ ਨੂੰ ਨਸ਼ਿਆਂ ਦੇ ਜਾਲ ਵਿੱਚੋਂ ਕੱਢਣ ਦਾ ਇੱਕ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਖਾੜੇ ਵਿੱਚ ਸਿਖਲਾਈ ਦੇ ਰਹੇ ਨਾਮੀ ਪਹਿਲਵਾਨ ਬਹੁਤ ਸਾਰੇ ਇਨਾਮ ਜਿੱਤ ਚੁੱਕੇ ਹਨ।

 

ਉੱਥੇ ਹੀ ਪਹਿਲਵਾਨ ਅਰਸ਼ ਭਾਗੋਵਾਲ ਨੇ ਦੱਸਿਆ ਕਿ ਉਹ ਇੱਕ ਰੈਸਲਰ ਹੈ ਅਤੇ 24 ਮੋਟਰ ਸਾਈਕਲ ,ਹਾਲ ਹੀ ਵਿੱਚ ਇਕ ਥਾਰ ਗੱਡੀ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਅਤੇ ਸੋਨੇ ਦੇ ਮੈਡਲ ਅਤੇ ਗਹਿਣੇ ਜਿੱਤ ਚੁੱਕਿਆ ਹੈ ਅਤੇ ਸਪੋਰਟਸ ਕੋਟੇ ਵਿਚ ਹੀ ਪੰਜਾਬ ਪੁਲਿਸ ਵਿੱਚ ਉਸ ਨੂੰ ਨੌਕਰੀ ਮਿਲੀ ਹੈ। ਉਸਦੇ ਦਾਦਾ ਜੀ ਵੀ ਕੋਹਲਾ ਪਹਿਲਵਾਨ ਦੇ ਨਾਮ ਨਾਲ ਮਸ਼ਹੂਰ ਸਨ ਅਤੇ ਉਨ੍ਹਾਂ ਤੋਂ ਹੀ ਉਸ ਨੂੰ ਪਹਿਲਵਾਨੀ ਦਾ ਸ਼ੌਂਕ ਲਗਿਆ। ਉਸ ਨੇ ਪਹਿਲਵਾਨੀ ਅਲੋਪ ਹੋਣ ਦੇ ਦੋ ਕਾਰਨ ਪਹਿਲਾਂ ਸਰਕਾਰ ਦੀ ਇਸ ਖੇਡ ਪ੍ਰਤੀ ਅਣਗਹਿਲੀ ਅਤੇ ਦੂਜਾ ਮਹਿੰਗਾਈ ਨੂੰ ਦੱਸਿਆ। ਉਸ ਨੇ ਰੋਸ ਜਦਾਉਂਦਿਆਂ ਕਿਹਾ ਕਿ ਕਿਸੇ ਸਰਕਾਰ ਵੱਲੋਂ ਪਹਿਲਵਾਨੀ ਨੂੰ ਪ੍ਰਫੁਲਤ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ। ਰਵਾਇਤੀ ਖੇਡਾਂ ਦੇ ਖਿਡਾਰੀਆਂ ਲਈ ਤਾਂ ਅੱਗੇ ਕੋਈ ਸਕੋਪ ਹੀ ਨਹੀਂ ਹੈ।

 

ਜੇਕਰ ਸਰਕਾਰ ਪਹਿਲਵਾਨਾਂ ਦੀ ਯੋਗ ਡਾਈਟ ਦਾ ਹੀ ਧਿਆਨ ਰੱਖ ਲਵੇ ਤਾਂ ਨਤੀਜੇ ਸੂਧਰ ਸਕਦੇ ਹਨ। ਅੱਜ ਦੇ ਮਹਿੰਗਾਈ ਦੇ ਦੌਰ ਵਿੱਚ ਦੁੱਧ ,ਘਿਓ, ਪਨੀਰ ਦੇ ਨਾਲ ਸਪਲੀਮੈਂਟ ਵੀ ਜ਼ਰੂਰੀ ਹੋ ਗਏ ਹਨ। ਗਰੀਬ ਘਰ ਦਾ ਨੌਜਵਾਨ ਤਾਂ ਭਲਵਾਨੀ ਕਰਨ ਦੀ ਸੋਚ ਵੀ ਨਹੀਂ ਸਕਦਾ। 

 

ਅਖਾੜੇ ਨਾਲ ਜੁੜੇ ਇੱਕ ਹੋਰ ਨਾਮੀ ਪਹਿਲਵਾਨ ਮੇਜਰ ਸਿੰਘ ਤਲਵੰਡੀ ਗੋਰਾਇਆ ਨੇ ਦੱਸਿਆ ਕਿ ਉਹ ਹੁਣ ਤੱਕ ਚਾਲੀ ਮੋਟਰ ਸਾਈਕਲ ਜਿੱਤ ਚੁੱਕਿਆ ਹੈ ਅਤੇ ਉਸ ਦੇ ਪਿਤਾ ਜੀ ਵੀ ਪਹਿਲਵਾਨ ਸਨ। ਉਸਨੇ ਕਿਹਾ ਕਿ ਮਾਂ ਬਾਪ ਨੂੰ ਸ਼ੁਰੂ ਤੋਂ ਹੀ ਬੱਚਿਆਂ ਨੂੰ ਕਿਸੇ ਨਾ ਕਿਸੇ ਖੇਡ ਵਲ ਪਾਉਣਾ ਚਾਹੀਦਾ ਹੈ ਉਹਨਾਂ ਦਾ ਦਿਮਾਗ ਫਾਲਤੂ ਕਮਾਂ ਅਤੇ ਨਸ਼ਿਆਂ ਵੱਲ ਨਾ ਮੁੜੇ।

 

Story You May Like