The Summer News
×
Sunday, 19 May 2024

ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰਾਂ ਵਲੋਂ ਲੋਕ ਭਲਾਈ ਸਕੀਮਾਂ ਨੂੰ ਹਰੇਕ ਲੋੜਵੰਦ ਤੱਕ ਪੁੱਜਦਾ ਕਰਨ ਦੇ ਹੁਕਮ

ਕਪੂਰਥਲਾ, 23 ਜੂਨ : ਅੱਜ ਇੱਥੇ “ਦਿਸ਼ਾ” ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਰਾਜ ਮੰਤਰੀ,ਉਦਯੋਗ ਤੇ ਕਾਮਰਸ ਸ਼ੋਮ ਪ੍ਰਕਾਸ਼, ਮੈਂਬਰ ਲੋਕ ਸਭਾ ਜਸਬੀਰ ਸਿੰਘ ਡਿੰਪਾ, ਮੈਂਬਰ ਰਾਜ ਸਭਾ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਵਲੋਂ ਕੀਤੀ ਗਈ। ਉਨ੍ਹਾਂ ਅਧਿਕਾਰੀਆਂ ਨੂੰ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨਾ ਯਕੀਨੀ ਬਣਾਉਣ ਲਈ ਕਿਹਾ ਗਿਆ ਅਤੇ ਵਿਕਾਸ ਕੰਮਾਂ ਨੂੰ ਸਮਾਂ ਬੱਧ ਤਰੀਕੇ ਨਾਲ ਮੁਕੰਮਲ ਕਰਨ ਦੇ ਨਾਲ-ਨਾਲ ਕੰਮ ਦੀ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਕੇਂਦਰਿਤ ਕਰਨ ਦੇ ਵੀ ਨਿਰਦੇਸ਼ ਦਿੱਤੇ।


ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਬੈਠਕ ਦੌਰਾਨ ਕੇਂਦਰੀ ਮੰਤਰੀ ਅਤੇ ਐਮ.ਪੀਜ਼ ਵਲੋਂ ਸਬੰਧਿਤ ਵਿਭਾਗਾਂ ਦੇ ਮੁਖੀਆਂ ਨੂੰ ਚੱਲ ਰਹੇ ਵਿਕਾਸ ਕੰਮਾਂ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰਨ ਲਈ ਕਿਹਾ । ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਦੇ ਜੀਵਨ ਪੱਧਰ ਵਿਚ ਹੋਰ ਸੁਧਾਰ ਲਿਆਉਣ ਦੇ ਮਕਸਦ ਨਾਲ ਨਵੇਂ ਵਿਕਾਸ ਕੰਮਾਂ ਸਬੰਧੀ ਐਸਟੀਮੇਟ ਬਣਾ ਕੇ ਭੇਜੇ ਜਾਣ। ਮੀਟਿੰਗ ਦੌਰਾਨ ਲੋਕ ਭਲਾਈ ਯੋਜਨਾਵਾਂ ਜਿਵੇਂ ਕਿ ਪੀ.ਐੱਮ ਆਵਾਸ ਯੋਜਨਾ,ਕੌਮੀ ਸਿਹਤ ਮਿਸ਼ਨ,ਜਲ ਜੀਵਨ ਮਿਸ਼ਨ,ਹਰ ਘਰ ਜਲ ਤਹਿਤ ਟੈਪ ਵਾਟਰ ਕੁਨੈਕਸ਼ਨ,ਸਵੱਛ ਭਾਰਤ ਮਿਸ਼ਨ,ਪ੍ਰਧਾਨ ਮੰਤਰੀ ਗ੍ਰਾਮੀਨ ਸੜਕ ਯੋਜਨਾ ਤਹਿਤ ਸੜਕਾਂ ਦੇ ਨਿਰਮਾਣ, ਨੈਸ਼ਨਲ ਪਰਿਵਾਰ ਭਲਾਈ ਸਕੀਮ,ਬੇਟੀ ਬਚਾਓ ਬੇਟੀ ਪੜਾਓ, ਮਨਰੇਗਾ ਤੇ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਸਬੰਧੀ ਸੰਖੇਪ ਵਿਚ ਵਿਚਾਰ-ਵਟਾਂਦਰੇ ਕੀਤੇ ਗਏ।


ਇਸ ਤੋਂ ਇਲਾਵਾ “ਦਿਸ਼ਾ” ਕਮੇਟੀ ਵਲੋਂ ਪੀ.ਐੱਮ ਆਵਾਸ ਯੋਜਨਾ ਤਹਿਤ 1922 ਯੋਗ ਲਾਭਪਾਤਰੀਆਂ ਨੂੰ 2.46 ਕਰੋੜ ਰੁਪਏ ਦੀ ਅਦਾਇਗੀ ਦੀ ਵੀ ਸਮੀਖਿਆ ਕੀਤੀ ਗਈ ਅਤੇ ਪੀ.ਐੱਮ ਸਨਮਾਨ ਨਿੱਧੀ ਯੋਜਨਾ ਤਹਿਤ ਜ਼ਿਲ੍ਹੇ ਦੇ 28784 ਕਿਸਾਨਾਂ ਨੂੰ ਦਿੱਤੇ ਜਾ ਰਹੇ ਲਾਭਾਂ ਬਾਰੇ ਵੀ ਗੱਲਬਾਤ ਕੀਤੀ ਗਈ। ਉਨ੍ਹਾਂ ਅਧਿਕਾਰੀਆਂ ਨੂੰ ਕਿਸਾਨਾਂ ਦੇ ਕੇ.ਵਾਈ.ਸੀ ਨੂੰ ਮੁਕੰਮਲ ਕਰਨ ਦੇ ਹੁਕਮ ਵੀ ਦਿੱਤੇ। ਉਨਾਂ ਜਿਲੇ ਵਿੱਚ ਭੂਮੀ ਸਿਹਤ ਸਬੰਧੀ 3750 ਕਾਰਡ ਬਣਾਉਣ ਬਾਰੇ ਵੀ ਜਾਣਕਾਰੀ ਦਿੱਤੀ । ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਬਾਰਿਸ਼ ਦੇ ਪਾਣੀ ਦੀ ਸੁਚੱਜੀ ਸਾਂਭ ਸੰਭਾਲ ਨੂੰ ਯਕੀਨੀ ਬਣਾਉਣ ਦੇ ਲਈ ਕਿਹਾ ਗਿਆ ਤਾਂ ਜੋ ਧਰਤੀ ਹੇਠ ਡਿੱਗਦੇ ਪਾਣੀ ਦੇ ਪੱਧਰ ਨੂੰ ਬਚਾਇਆ ਜਾ ਸਕੇ।


ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਵਾਤਾਵਰਣ ਦੀ ਸੁਰੱਖਿਆ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ ਦਿੰਦਿਆਂ ਅੰਮ੍ਰਿਤ ਸਰੋਵਰ ਸਕੀਮ ਨੂੰ ਨਿੱਜੀ ਦਿਲਚਸਪੀ ਦੇ ਨਾਲ ਲਾਗੂ ਕਰਨਾ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਛੱਪੜਾਂ ਦੇ ਪਾਣੀ ਦੀ ਵੱਧ ਤੋਂ ਵੱਧ ਸਫ਼ਾਈ ਕਰਕੇ ਇਸ ਦੀ ਸਿੰਚਾਈ ਲਈ ਵਰਤੋਂ ਕੀਤੀ ਜਾ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਨੇ “ਦਿਸ਼ਾ” ਕਮੇਟੀ ਦੇ ਚੇਅਰਪਰਸਨ ਅਤੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕ ਭਲਾਈ ਸਕੀਮਾਂ ਨੂੰ ਹੇਠਲੇ ਪੱਧਰ ਤੇ ਲਾਗੂ ਕਰਨਾ ਯਕੀਨੀ ਬਣਾਇਆ ਜਾਵੇਗਾ ਅਤੇ ਵਿਕਾਸ ਕੰਮਾਂ ਦੀ ਗੁਣਵੱਤਾ ਅਤੇ ਪ੍ਰਾਜੈੱਕਟ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾਵੇਗਾ।


 

Story You May Like