The Summer News
×
Tuesday, 21 May 2024

ਡਿਪਟੀ ਕਮਿਸ਼ਨਰ ਵੱਲੋਂ ਪਟਿਆਲਾ ਸ਼ਹਿਰ ਲਈ ਨਹਿਰੀ ਪਾਣੀ ਪ੍ਰਾਜੈਕਟ ਦਾ ਜਾਇਜ਼ਾ

ਪਟਿਆਲਾ, 8 ਮਈ: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਅਬਲੋਵਾਲ ਵਿਖੇ ਨਹਿਰੀ ਪਾਣੀ 'ਤੇ ਅਧਾਰਤ ਪ੍ਰਾਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਇਸ ਦੇ ਕੰਮ 'ਚ ਤੇਜੀ ਲਿਆਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਡਿਪਟੀ ਕਮਿਸ਼ਨਰ ਨੇ ਐਲ.ਐਂਡ.ਟੀ ਤੇ ਜਲ ਸਪਲਾਈ ਵਿਭਾਗ ਨੂੰ ਹਦਾਇਤ ਕੀਤੀ ਕਿ ਪਾਈਪ ਲਾਇਨਾਂ ਵਿਛਾਉਣ ਕਰਕੇ ਟੁੱਟੀਆਂ ਸੜਕਾਂ ਦੀ ਮੁਰੰਮਤ ਦੇ ਕੰਮ 'ਚ ਹੋਰ ਤੇਜੀ ਲਿਆਂਦੀ ਜਾਵੇ।


ਸਾਕਸ਼ੀ ਸਾਹਨੀ ਨੇ ਇਸ ਕੰਮ ਦੀ ਦੇਖ-ਰੇਖ ਕਰ ਰਹੇ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਯੁਗਲ ਕਿਸ਼ੋਰ ਨੂੰ ਹਦਾਇਤ ਕੀਤੀ ਕਿ ਜਲ ਦੀ ਪੂਰਤੀ ਲਈ ਨਵੀਆਂ ਪਾਈਪ ਲਾਇਨਾਂ ਵਿਛਾਉਣ ਬਾਅਦ ਟੁੱਟੀਆਂ ਸੜਕਾਂ ਦੀ ਮੁਰੰਮਤ ਨਾਲੋ-ਨਾਲ ਕਰਵਾਉਣ ਸਮੇਤ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸ਼ਿਕਾਇਤ ਸੈਲ ਨੂੰ ਹੋਰ ਕਾਰਗਰ ਬਣਾਇਆ ਜਾਵੇ। ਇਸ 'ਤੇ ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਦੀ ਮੁਰੰਮਤ ਲਈ ਇੱਕ ਹੈਲਪਲਾਈਨ ਨੰਬਰ 99151-49866 ਜਾਰੀ ਕੀਤਾ ਗਿਆ ਹੈ, ਜਿਸ 'ਤੇ ਆਮ ਲੋਕ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।


ਜਲ ਸਪਲਾਈ ਦੇ ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਅਬਲੋਵਾਲ ਵਿਖੇ ਭਾਖੜਾ ਤੋਂ ਪਾਣੀ ਲੈਣ ਲਈ ਭਾਖੜਾ 'ਤੇ ਗੇਟ ਲਗਾਉਣ ਦਾ ਕੰਮ ਚੱਲ ਰਿਹਾ ਹੈ ਜੋ 15 ਜੂਨ ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਕਰੀਬ 347 ਕਿਲੋਮੀਟਰ ਪਾਇਪ ਲਾਈਨ ਵਿਛਾਈ ਜਾਣੀ ਹੈ, ਜਿਸ 'ਚੋਂ 91 ਕਿਲੋਮੀਟਰ ਦੇ ਕਰੀਬ ਪਾਇਪਲਾਈਨ ਵਿਛਾਈ ਜਾ ਚੁੱਕੀ ਹੈ ਅਤੇ ਪੱਟੀਆਂ ਗਈਆਂ 72 ਕਿਲੋਮੀਟਰ ਸੜਕਾਂ 'ਚੋਂ 26 ਕਿਲੋਮੀਟਰ ਸੜਕਾਂ ਦੀ ਮੁਰੰਮਤ ਕਰ ਦਿੱਤੀ ਗਈ ਹੈ। ਜਿਸ 'ਤੇ ਡਿਪਟੀ ਕਮਿਸ਼ਨਰ ਨੇ ਇਸ ਕੰਮ 'ਚ ਤੇਜੀ ਲਿਆਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਜਿਹੜੀਆਂ ਸੜਕਾਂ ਅਜੇ ਮੁਰੰਮਤ ਹੋਣ ਵਾਲੀਆਂ ਹਨ, ਉਨ੍ਹਾਂ ਨੂੰ ਪਹਿਲ ਦੇ ਅਧਾਰ 'ਤੇ ਠੀਕ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਕੋਈ ਸਮੱਸਿਆ ਨਾ ਆਵੇ ਅਤੇ ਜਿਸ ਥਾਂ 'ਤੇ ਲੋਕਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਤਾਂ ਉਸਦਾ ਵੀ ਨਿਪਟਾਰਾ ਤੁਰੰਤ ਕਰਵਾਇਆ ਜਾਵੇ।

Story You May Like