The Summer News
×
Monday, 20 May 2024

ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਪ੍ਰੀਤੀ ਚਾਵਲਾ ਵੱਲੋਂ ਸਰਕਾਰੀ ਸਕੂਲਾਂ ਤੇ ਆਂਗਣਵਾੜੀ ਸੈਂਟਰਾਂ 'ਚ ਮਿਡ ਡੇ ਮੀਲ ਦਾ ਨਿਰੀਖਣ

ਰਾਜਪੁਰਾ/ਪਟਿਆਲਾ, 24 ਮਈ: ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਪ੍ਰੀਤੀ ਚਾਵਲਾ ਨੇ ਪਟਿਆਲਾ ਜ਼ਿਲ੍ਹੇ 'ਚ ਸਰਕਾਰੀ ਐਲੀਮੈਂਟਰੀ ਸਕੂਲਾਂ ਤੇ ਆਂਗਣਵਾੜੀ ਸੈਂਟਰਾਂ ਵਿਖੇ ਵੀ ਮਿਡ ਡੇ ਮੀਲ ਦਾ ਜਾਇਜ਼ਾ ਲਿਆ। ਇਸ ਦੌਰਾਨ ਪ੍ਰੀਤੀ ਚਾਵਲਾ ਨੇ ਸਰਕਾਰੀ ਪ੍ਰਾਈਮਰੀ ਤੇ ਮਿਡਲ ਸਕੂਲ ਜਨਸੂਆ, ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲ ਮਿਰਜਾਪੁਰ, ਸਰਾਕਰੀ ਪ੍ਰਾਇਮਰੀ ਤੇ ਹਾਈ ਸਕੂਲ ਨਲਾਸ ਕਲਾਂ, ਆਂਗਣਵਾੜੀ ਕੇਂਦਰ ਨਲਾਸ ਕਲਾਂ, ਆਂਗਣਵਾੜੀ ਕੇਂਦਰ ਮਿਰਜਾਪੁਰ ਸਮੇਤ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਕੋਟਲਾ ਦਾ ਦੌਰਾ ਕੀਤਾ।


ਫੂਡ ਕਮਿਸ਼ਨ ਮੈਂਬਰ ਨੇ ਸਕੂਲ ਅਧਿਆਪਕਾਂ ਤੇ ਆਂਗਣਵਾੜੀ ਸੈਂਟਰਾਂ 'ਚ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਅਤੇ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਦਿੱਤੇ ਜਾਂਦੇ ਖਾਣੇ ਦੇ ਮਾਮਲੇ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਪੀਣ ਵਾਲੇ ਪਾਣੀ ਦੇ ਸੈਂਪਲ ਜਾਂਚ ਵੀ ਸਮੇਂ-ਸਮੇਂ 'ਤੇ ਜਰੂਰ ਕਰਵਾਏ ਜਾਣ। ਉਨ੍ਹਾਂ ਨੇ ਸਕੂਲਾਂ 'ਚ ਬੱਚਿਆਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਦਾ ਵੀ ਜਾਇਜ਼ਾ ਲਿਆ।


ਪ੍ਰੀਤੀ ਚਾਵਲਾ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ), ਆਂਗਣਵਾੜੀ ਵਰਕਰਾਂ ਤੇ ਸੁਪਰਵਾਈਜ਼ਰਾਂ ਸਮੇਤ ਸਕੂਲ ਦੇ ਅਧਿਆਪਕਾਂ ਨੂੰ ਕੁਝ ਜਰੂਰੀ ਹਦਾਇਤਾਂ ਦਿੱਤੀਆਂ, ਜਿਸ 'ਤੇ ਇਨ੍ਹਾਂ ਨੇ ਭਰੋਸਾ ਦਿੱਤਾ ਕਿ ਬੱਚਿਆਂ ਨੂੰ ਬਿਹਤਰ ਢੰਗ ਨਾਲ ਮਿਡ ਡੇ ਮੀਲ ਖਾਣਾ ਪ੍ਰਦਾਨ ਕਰਨ ਸਬੰਧੀ ਹੋਰ ਵੀ ਸੁਧਾਰ ਕੀਤੇ ਜਾਣਗੇ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਅਰਚਨਾ ਮਹਾਜਨ, ਬੀ.ਪੀ.ਈ.ਓ. ਮਨਜੀਤ ਕੌਰ, ਜ਼ਿਲ੍ਹਾ ਮਿਡ ਡੇਅ ਮੀਲ ਟੀਮ ਤੋਂ ਅੰਜੂ ਸ਼ਰਮਾ ਤੇ ਹਰਸ਼ਰਨ ਸ਼ਰਮਾ ਵੀ ਮੌਜੂਦ ਸਨ।

Story You May Like