The Summer News
×
Monday, 20 May 2024

ਕੰਮ ਵਾਲੀ ਜਗ੍ਹਾ ਤੇ ਔਰਤ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨਾ ਲਾਜ਼ਮੀ : ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ 19 ਮਈ : ਔਰਤਾਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨਾ ਸਭ ਲਈ ਲਾਜ਼ਮੀ ਹੈ ਤਾਂ ਜੋ ਔਰਤਾਂ ਸਰਕਾਰੀ ਦਫਤਰਾਂ ਵਿੱਚ ਆਪਣੀਆਂ  ਸ਼ਾਨਦਾਰ ਸੇਵਾਵਾਂ ਦੇ ਸਕਣ ਅਤੇ ਔਰਤ ਦੀ ਗਰਿਮਾ ਨੂੰ ਸੁਨਿਸ਼ਚਿਤ ਬਣਾਇਆ ਜਾ ਸਕੇ। ਇਹ ਪ੍ਰਗਟਾਵਾ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਨੇ ਅੱਜ ਦਫਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਿਖੇ ਜਿ਼ਲ੍ਹੇ ਵਿੱਚ ਤਾਇਨਾਤ ਸਮੂਹ ਲੇਡੀ ਅਧਿਕਾਰੀਆਂ ਅਤੇ ਕਰਮਚਾਰਨਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।


ਡਿਪਟੀ ਕਮਿਸ਼ਨਰ ਨੇ ਕਿਹਾ ਕਿ ਔਰਤਾਂ ਦੇ ਹੱਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਸ੍ਰੀ ਮੁਕਤਸਰ ਸਾਹਿਬ ਵਿਖੇ ਔਰਤਾਂ ਲਈ ਕਰੱਚ-ਕਮ ਰੈਸਟ ਰੂਮ ਬਣਾਉਣ ਦਾ ਨਿਰਣਾ ਲਿਆ ਗਿਆ ਜਿੱਥੇ ਗਰਭਵਤੀ ਔਰਤਾਂ ਆਪਣੇ ਕੰਮ-ਕਾਜ ਦੇ ਸ਼ਡਿਊਲ ਵਿੱਚੋਂ ਕੁਝ ਸਮਾਂ ਆਰਾਮ ਕਰ ਸਕਣ ਅਤੇ ਕੰਮ-ਕਾਜੀ ਔਰਤਾਂ ਜਰੂਰਤ ਅਨੁਸਾਰ ਆਪਣੇ ਛੋਟੇ ਬੱਚਿਆਂ ਨੂੰ ਲਿਆ ਸਕਣ। ਇਸ ਦੇ ਨਾਲ ਹੀ ਗਰਾਊਂਡ ਫਲੋਰ ਤੇ ਇੱਕ ਵਾਸ਼ਰੂਮ ਬਣਾਉਣ ਦਾ ਨਿਰਣਾ ਲਿਆ ਗਿਆ।


ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਕੰਮ ਵਾਲੀ ਜਗ੍ਹਾ ਤੇ ਔਰਤ ਤੇ ਹੋਣ ਵਾਲੇ ਯੋਨ ਉਤਪੀੜਨ ਦੇ ਕਾਨੂੰਨ ਨੂੰ ਲਾਗੂ ਕਰਨ ਲਈ ਜਿਲ੍ਹਾ ਮਾਲ ਅਫਸਰ, ਸ੍ਰੀਮਤੀ ਸਰੋਜ ਰਾਣੀ ਦੀ ਪ੍ਰਧਾਨਗੀ ਹੇਠ ਇੰਟਰਨਲ ਸਿ਼ਕਾਇਤ ਕਮੇਟੀ ਦਾ ਗਠਨ ਕੀਤਾ ਗਿਆ। ਉਹਨਾਂ ਜਿਲ੍ਹਾ ਬਾਲ ਸੁਰੱਖਿਆ ਅਫਸਰ, ਡਾ. ਸ਼ਿਵਾਨੀ ਨਾਗਪਾਲ ਨੂੰ ਨਿਯਮਾਂ ਅਨੁਸਾਰ ਕਮੇਟੀ ਦੀ ਮੀਟਿੰਗ ਕਰਵਾਉਣ ਸਬੰਧੀ ਅਤੇ ਇਸ ਬਾਰੇ ਸਮੇਂ-ਸਮੇਂ ਤੇ ਜਾਗਰੂਕਤਾ ਕਰਨ ਦੇ ਆਦੇਸ਼ ਵੀ ਦਿੱਤੇ।


ਜਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕਿ ਯੋਨ-ਉਤਪੀੜਨ ਤਹਿਤ ਕਿਸੇ ਉੱਚ-ਅਧਿਕਾਰੀ/ਸਹਿ-ਕਰਮਚਾਰੀ ਵੱਲੋਂ ਮਹਿਲਾ ਮੈਂਬਰਾਂ ਨਾਲ ਅਣਸੁਖਾਵਾਂ ਵਿਵਹਾਰ ਕਰਨਾ, ਜਿਸ ਤੇ ਔਰਤਾਂ ਅਸਹਿਜ ਤੇ ਡਰਿਆ ਮਹਿਸੂਸ ਕਰਦੀਆਂ ਹਨ ਜਾ ਕਿਸੇ ਤਰ੍ਹਾਂ ਦੇ ਨਾ-ਪਸੰਦ ਸਰੀਰਕ, ਵਾਚਨਿਕ, ਆਵਾਚਨਿਕ ਵਤੀਰੇ ਸ਼ਾਮਿਲ ਹਨ। ਜਿਲ੍ਹਾ ਮਾਲ ਅਫਸਰ, ਸ੍ਰੀਮਤੀ ਸਰੋਜ ਰਾਣੀ ਨੇ ਮਹਿਲਾ ਅਧਿਕਾਰੀਆਂ, ਕਰਮਚਾਰਨਾਂ ਨੂੰ ਕਿਹਾ ਗਿਆ ਕਿ ਕੋਈ ਵੀ ਮਹਿਲਾ ਆਪਣੇ ਕੰਮ-ਕਾਜੀ ਸਮੇਂ ਦੌਰਾਨ ਅਣਸੁਖਾਵਾਂ ਵਿਵਹਾਰ ਮਹਿਸੂਸ ਕਰਦੀ ਹੈ ਤਾਂ ਇਸ ਸਬੰਧੀ “ਸ਼ੀ ਪੋਰਟਲ” ਤੇ ਆਨਲਾਈਨ ਅਤੇ ਲਿਖਤੀ ਰੂਪ ਵਿੱਚ ਵੀ ਸ਼ਿਕਾਇਤ ਦਰਜ ਕਰਵਾ ਸਕਦੀ ਹੈ। ਇਸ ਮੌਕੇ ਤੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਸ੍ਰੀ ਮੁਕਤਸਰ ਸਾਹਿਬ ਦੇ ਸਾਰੇ ਮਹਿਲਾ ਅਧਿਕਾਰੀ/ਕਰਮਚਾਰੀ ਸ਼ਾਮਿਲ ਸਨ। 

Story You May Like