The Summer News
×
Thursday, 09 May 2024

ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਬਰਸਾਤੀ ਪਾਣੀ ਜਮ੍ਹਾ ਨਾ ਹੋਣ ਦਿੱਤਾ ਜਾਵੇ : ਸਿਵਲ ਸਰਜਨ

ਸ੍ਰੀ ਮੁਕਤਸਰ ਸਾਹਿਬ, 19 ਮਈ: ਸਿਹਤ ਵਿਭਾਗ ਵੱਲੋਂ ਨੈਸ਼ਨਲ ਵੈਕਟਰ ਬੋਰਨ ਡਜ਼ੀਜ਼ ਕੰਟਰੋਲ ਪ੍ਰੋਗਾਰਮ ਅਧੀਨ ਡੇਂਗੂ ਮਲੇਰੀਆ ਦੀ ਬੀਮਾਰੀ ਦੇ ਫੈਲਣ ਤੋਂ ਬਚਾਅ ਲਈ ਲਗਾਤਾਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧ ਵਿਚ ਡਾ. ਰੰਜੂ ਸਿੰਗਲਾ, ਸਿਵਲ ਸਰਜਨ ਨੇ ਦੱਸਿਆ ਬੀਤੇ ਦਿਨੀ ਹੋਈ ਬਰਸਾਤ ਕਾਰਨ ਡੇਂਗੂ ਅਤੇ ਮਲੇਰੀਆ ਦਾ ਖਤਰਾ ਵਧ ਗਿਆ, ਇਸ ਲਈ ਸਾਨੂੰ ਕਿਸੇ ਜਗ੍ਹਾ ਵਿਚ ਬਰਸਾਤੀ ਪਾਣੀ ਜਮ੍ਹਾ ਨਹੀ ਹੋਣ ਦੇਣਾ ਚਾਹੀਦਾ ਤਾਂ ਜੋ ਮੱਛਰ ਦੇ ਪੈਦਾਇਸ਼ ਨੂੰ ਰੋਕਿਆ ਜਾ ਸਕੇ।


ਉਨ੍ਹਾ ਦੱਸਿਆ ਕਿ ਸ਼ੁੱਕਰਵਾਰ ਡਰਾਈ ਡੇ ਮੌਕੇ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਰੈੱਡ ਕਰਾਸ ਭਵਨ, ਗੁਰੂ ਗੋਬਿੰਦ ਸਿੰਘ ਪਾਰਕ, ਮਾਤਾ ਭਾਗ ਕੌਰ ਪਾਰਕ, ਸਬਜੀ ਮੰਡੀ, ਫਾਇਰ ਬ੍ਰਿਗੇਡ ਦਫਤਰ, ਸਿਟੀ ਥਾਨਾ, ਫੂਡ ਸਪਲਾਈ ਦਫਤਰ, ਸੀਵਰੇਜ ਪਲਾਂਟ ਵਿਚ ਸਿਹਤ ਵਿਭਾਗ ਦੀ ਟੀਮ ਵਲੋਂ ਪਾਣੀ ਦੀਆਂ ਟੈਂਕੀਆਂ, ਕੂਲ਼ਰ, ਗਮਲਿਆਂ, ਹੋਰ ਪਾਣੀ ਇਕੱਠਾ ਹੋਣ ਦੇ ਸਰੋਤ ਆਦਿ ਚੈਕ ਕਰਕੇ ਜਮ੍ਹਾ ਹੋਏ ਪਾਣੀ ਦੇ ਸਰੋਤਾਂ ਨੂੰ ਖਾਲੀ ਕਰਵਾਇਆ ਗਿਆ ਅਤੇ ਖੜੇ ਪਾਣੀ ਵਿਚ ਐਂਟੀ ਲਾਰਵੇ ਦਾ ਸਪਰੇ ਕੀਤਾ ਗਿਆ।


ਇਸ ਸਮੇਂ ਜਿਲ੍ਹਾ ਹੈਲਥ ਇੰਸਪੈਕਟਰ ਲਾਲ ਚੰਦ ਵੀ ਟੀਮਾਂ ਨਾਲ ਮੌਜੂਦ ਰਹੇ ਅਤੇ ਉਨ੍ਹਾ ਇਸ ਮੌਕੇ ਆਮ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇਂਗੂ ਦਾ ਮੱਛਰ ਇਕ ਹਫਤੇ ਤੋਂ ਵੱਧ ਜਮ੍ਹਾ ਹੋਏ ਸਾਫ ਪਾਣੀ ਵਿਚ ਪਨਪਦਾ ਹੈ, ਮੱਛਰ ਦੀਆਂ ਤਿੰਨ ਸਟੇਜਾਂ ਅੰਡਾ, ਲਾਰਵਾ ਅਤੇ ਪਿਊਪਾ ਪਾਣੀ ਵਿੱਚ ਹੁੰਦੀਆਂ ਹਨ ਤੇ ਇਸ ਦਾ ਜੀਵਨ ਕਾਲ ਇਕ ਹਫਤੇ ਦਾ ਹੁੰਦਾ ਹੈ।


ਉਨਾ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਹਰ ਹਫਤੇ ਸ਼ੁੱਕਰਵਾਰ ਡਰਾਈ ਡੇ ਦੇ ਤੌਰ ਤੇ ਮਨਾਉਣਾ ਚਾਹੀਦਾ ਹੈ ਅਤੇ ਇਸ ਦਿਨ ਜਮ੍ਹਾ ਕੀਤੇ ਹੋਏ ਪਾਣੀ ਦੇ ਸਰੋਤਾਂ ਨੂੰ ਇਕ ਵਾਰ ਖਾਲੀ ਕਰਕੇ ਸੁਕਾਉਣਾ ਚਾਹੀਦਾ ਹੈ ਪਾਣੀ ਇਕੱਠਾ ਨਹੀ ਹੋਣ ਦੇਣਾ ਚਾਹੀਦਾ।


ਉਨ੍ਹਾਂ ਦੱਸਿਆ ਬੁਖਾਰ ਹੋਣ ਦੀ ਸੂਰਤ ਵਿਚ ਨੇੜੇ ਸਰਕਾਰੀ ਸਿਹਤ ਸੰਸਥਾ ਵਿਚ ਜਾਣਾ ਚਾਹੀਦਾ ਹੈ, ਸਰਕਾਰੀ ਹਸਪਤਾਲਾਂ ਵਿਚ ਡੇਂਗੂ ਅਤੇ ਮਲੇਰੀਆ ਦੇ ਟੈਸਟ ਅਤੇ ਇਲਾਜ ਮੁਫਤ ਕੀਤਾ ਜਾਂਦਾ ਹੈ।ਇਸ ਮੌਕੇ ਸੁਖਵਿੰਦਰ ਸਿੰਘ, ਗੁਰਜੀਤ ਸਿੰਘ, ਗੁਰਸੇਵਕ ਸਿੰਘ ਅਤੇ ਬ੍ਰੀਡਿੰਗ ਚੈਕਰ ਹਾਜ਼ਰ ਸਨ।

Story You May Like