The Summer News
×
Monday, 20 May 2024

ਪੰਚਾਇਤੀ ਚੋਣਾਂ ਤੋਂ ਪਹਿਲਾਂ ਕਾਂਗਰਸ ਅਤੇ ਅਕਾਲੀ ਦਲ ਨੂੰ ਵੱਡਾ ਝੱਟਕਾ

*- ਵਿਧਾਇਕ ਹਰਦੀਪ ਸਿੰਘ ਮੁੰਡੀਆਂ ਦੀ ਅਗਵਾਈ ‘ਚ ਕਰੀਬ 25 ਪੰਚਾਇਤਾਂ ਨੇ ਫੜਿਆ ‘ਆਪ‘ ਦਾ ਪੱਲਾ*


ਲੁਧਿਆਣਾ, 25 ਸਤੰਬਰ (ਦਲਜੀਤ ਵਿੱਕੀ) - ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੀਆਂ ਲੋਕ ਹਿਤੈਸ਼ੀ ਨੀਤੀਆਂ ਦੇ ਚੱਲਦਿਆਂ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ‘ਆਪ‘ ‘ਚ ਸ਼ਾਮਲ ਹੋ ਰਹੇ ਹਨ, ਉੱਥੇ ਅੱਜ ਸਥਾਨਕ ਵੀਰ ਪੈਲਸ, ਜਮਾਲਪੁਰ ਵਿਖੇ ਆਯੋਜਿਤ ਰਸਮੀ ਸਮਾਗਮ ਮੌਕੇ 25 ਤੋਂ 30 ਪੰਚਾਇਤਾਂ ਨੇ ਕਾਂਗਰਸ ਅਤੇ ਅਕਾਲੀ ਦਲ ਪਾਰਟੀਆਂ ਨੂੰ ਅਲਵਿਦਾ ਕਹਿ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ।


ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਦੀ ਅਗਵਾਈ ਵਿੱਚ ਕਰੀਬ 25-30 ਪੰਚਾਇਤਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਨ ਮੌਕੇ, ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਲਾਲਜੀਤ ਸਿੰਘ ਭੁੱਲਰ, ਪ੍ਰਵਾਸੀ ਮਾਮਲੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੋਂ ਇਲਾਵਾ ਵਿਧਾਇਕ  ਦਲਜੀਤ ਸਿੰਘ ਭੋਲਾ ਗਰੇਵਾਲ, ਸ੍ਰੀ ਅਸ਼ੋਕ ਪਰਾਸ਼ਰ ਪੱਪੀ, ਚੇਅਰਮੈਨ ਖੰਡ ਮਿੱਲ ਬੁੱਢੇਵਾਲ ਸ. ਜੋਰਾਵਰ ਸਿੰਘ ਵਲੋਂ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦੇਣ ਦਾ ਵਾਅਦਾ ਵੀ ਕੀਤਾ।


ਵਿਧਾਇਕ ਮੁੰਡੀਆਂ ਵਲੋਂ ਆਪਣੇ ਸੁਆਗਤੀ ਸੰਬੋਧਨ ਦੌਰਾਨ ਕੈਬਨਿਟ ਮੰਤਰੀ ਸਹਿਬਾਨ, ਵੱਖ-ਵੱਖ ਪੰਚਾਇਤਾਂ ਦੇ ਨੁਮਾਇੰਦਿਆਂ ਅਤੇ ਆਪ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਕਰੀਬ 45 ਕਰੋੜ ਰੁਪਏ ਦੀ ਲਾਗਤ ਨਾਲ ਫੋਕਲ ਪੁਆਇੰਟ ਦੀਆਂ ਸੜਕਾਂ ਦਾ ਨਿਰਮਾਣ ਕਰਵਾਇਆ, ਹਲਕੇ ਨੂੰ 4 ਮੁਹੱਲਾ ਕਲੀਨਿਕ ਦਿੱਤੇ, 2 ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਅਤੇ ਗੁਰੂਦੁਆਰਾ ਦੇਗ ਸਰ ਸਾਹਿਬ, ਕਟਾਣਾ ਸਾਹਿਬ ਵਾਲੀ ਸੜਕ ਦਾ ਨਿਰਮਾਣ ਕਰਵਾਇਆ ਜੋ ਹਲਕੇ ਦੇ ਲੋਕਾਂ ਦੀ ਚਿਰੌਕਣੀ ਮੰਗ ਸੀ। ਉਨ੍ਹਾਂ ਦੁਹਰਾਇਆ ਕਿ ਰਾਹੋਂ ਰੋਡ ਵਾਲੀ ਸੜਕ ਦਾ ਵੀ ਜਲਦ ਨਿਰਮਾਣ ਕਰਵਾਇਆ ਜਾਵੇਗਾ ਜਿਸ ਨਾਲ 15-20 ਸਾਲ ਤੋਂ ਦੁਖੀ ਲੋਕਾਂ ਨੂੰ ਰਾਹਤ ਮਿਲੇਗੀ।


ਇਸ ਮੌਕੇ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਵਲੋਂ ਰਿਵਾਇਤੀ ਪਾਰਟੀ ‘ਤੇ ਵਰ੍ਹਦਿਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਪੰਚਾਇਤਾਂ ਕੋਲ ਕਾਂਗਰਸ ਅਤੇ ਅਕਾਲੀ ਦਲ ਤੋਂ ਇਲਾਵਾ ਕੋਈ ਬਦਲ ਨਹੀਂ ਸੀ ਅਤੇ ਇਨ੍ਹਾਂ ਦੀ ਸਥਿਤੀ ਇੱਕੇ ਪਾਸੇ ਖੂਹ ਤੇ ਦੂਸਰੇ ਪਾਸੇ ਖਾਈ ਵਾਲੀ ਬਣੀ ਹੋਈ ਸੀ। ਉਨ੍ਹਾਂ ਅੱਗੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਲੋਂ ਲੋਕਾਂ ਨੂੰ ਗੁੰਮਰਾਹ ਕਰਨ ਲਈ 25 ਸਾਲ ਰਾਜ ਕਰਨ ਦੀ ਗੱਲਾਂ ਕੀਤੀਆਂ ਗਈਆਂ, ਕਾਰੋਬਾਰਾਂ ‘ਚ ਹਿੱਸੇ ਪਾਏ ਜਾਂਦੇ ਸਨ ਅਤੇ ਪਰਿਵਾਰਬਾਦ ਨੂੰ ਬੜਾਵਾ ਦਿੱਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਵਿੱਚ ਆਮ ਘਰਾਂ ਦੇ ਨੌਜਵਾਨ ਸਰਪੰਚ, ਵਿਧਾਇਕ ਅਤੇ ਮੰਤਰੀ ਬਣ ਕੇ ਆਮ ਲੋਕਾਂ ਵਿੱਚ ਰਹਿ ਕੇ ਕੰਮ ਕਰਦੇ ਹਨ ਜਦਕਿ ਪਹਿਲਾਂ ਵੋਟਾਂ ਪੈਣ ਤੋਂ ਬਾਅਦ ਕੋਈ ਲੱਭਦਾ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਡੇਢ ਸਾਲ ਦੇ ਅੰਦਰ ਪੰਜਾਬ ‘ਚ ਕਰੀਬ 30-35 ਸੈਲਰ ਨਵੇਂ ਲੱਗ ਚੁੱਕੇ ਹਨ। 


ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਕਾਰੋਬਾਰ ਦੇ ਨਾਲ ਆਪਣੀ ਤੰਦਰੁਸਤੀ ਦਾ ਵੀ ਖਿਆਲ ਰੱਖਣ ਜਿਸ ਲਈ ਚੰਗਾ ਦੁੱਧ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਖਪਤ ਅਨੁਸਾਰ ਸਿਰਫ 25 ਫੀਸਦ ਸ਼ੁੱਧ ਦੁੱਧ ਦੀ ਪ੍ਰੋਡਕਸ਼ਨ ਹੋ ਰਹੀ ਹੈ ਅਤੇ ਬਾਜਾਰ ਵਿੱਚ 75 ਫੀਸਦ ਦੁੱਧ ਮਿਲਾਵਟੀ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਨਰੋਏ ਪੰਜਾਬ ਦੀ ਸਿਰਜਣਾ ਲਈ ਜਿਹੜੇ ਪੰਜਾਬੀ ਘਰ ਵਿੱਚ 2-4 ਪਸ਼ੂ ਰੱਖਣ ਵਿੱਚ ਸਮਰੱਥ ਹੋਨ ਉਹ ਜ਼ਰੂਰ ਰੱਖਣ।


ਉਨ੍ਹਾਂ ਵਿਧਾਇਕ ਮੁੰਡੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦਾ ਭਾਰੀ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜ਼ਮੀਨੀ ਪੱਧਰ ‘ਤੇ ਉਨ੍ਹਾਂ ਲੋਕਾਂ ਦੀ ਕਿੰਨੀ ਸੇਵਾ ਕੀਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਲੋਕਾਂ ਦੀਆਂ ਸਾਰੀਆਂ ਮੰਗਾਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾਵੇਗਾ ਅਤੇ ਪੰਜਾਬ ਨੂੰ ਹਰ ਪੱਖੋ ਮੋਹਰੀ ਸੂਬਾ ਬਣਾਇਆ ਜਾਵੇਗਾ।


 


ਪ੍ਰਵਾਸੀ ਮਾਮਲੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਸਰਦਾਰ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਇਨ੍ਹਾਂ ਪੰਚਾਇਤਾਂ ਨੇ ਆਪ ਪਾਰਟੀ ਦਾ ਰੁਖ ਕੀਤਾ ਹੈ ਅਤੇ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਵਾਧਾ ਕੀਤਾ ਹੈ ਜਿਸ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਵਿਸ਼ਵਾਸ ਦੁਆਇਆ ਕਿ ਉਨ੍ਹਾਂ ਦੇ ਸਾਰੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ।


 


ਇਸ ਮੌਕੇ ਕਰਮਜੀਤ ਸਿੰਘ ਗਰੇਵਾਲ ਖਾਸੀ ਕਲਾਂ, ਜਸਪ੍ਰੀਤ ਸਿੰਘ ਪੰਧੇਰ ਸਰਪੰਚ ਪਿੰਡ ਢੇਰੀ, ਸੋਨੀ ਗਰੇਵਾਲ ਪਿੰਡ ਹਵਾਸ ਸਰਪੰਚ, ਗੁਰਦੀਪ ਸਿੰਘ ਖਾਸੀ ਖੁਰਦ ਸਰਪੰਚ, ਰਵੀ ਸਰਪੰਚ ਪਿੰਡ ਜਗੀਰਪੁਰ, ਬੇਅੰਤ ਸਿੰਘ ਸਰਪੰਚ ਨਾਮਦੇਵ ਕਲੋਨੀ, ਕਾਲਾ ਸਰਪੰਚ ਗੌਤਮ ਕਲੋਨੀ, ਦਵਿੰਦਰ ਸਿੰਘ ਸਰਪੰਚ ਜਮਾਲਪੁਰ ਲੇਲੀ, ਹਰਜਿੰਦਰ ਸਿੰਘ ਕਨੇਜਾ ਪੰਚਾਇਤ ਮੈਂਬਰ, ਮਮਤਾ ਦੇਵੀ ਸਰਪੰਚ ਰਾਮਨਗਰ, ਸੁਖਦੇਵ ਸਿੰਘ ਸਰਪੰਚ ਕੰਡਿਆਣਾ ਖੁਰਦ, ਕਰਮਜੀਤ ਸਿੰਘ ਸਰਪੰਚ ਸਾਧੂ ਸਿੰਘ ਨਗਰ, ਰਵਿੰਦਰ ਸਿੰਘ ਗਰੇਵਾਲ ਸਰਪੰਚ ਪਿੰਡ ਕਰੌੜ ਸਮੇਤ ਪੰਚਾਇਤ, ਹਰਜਿੰਦਰਜੀਤ ਸਿੰਘ ਸਾਬਕਾ ਸਰਪੰਚ ਪਿੰਡ ਕਰੌੜ, ਮਨਦੀਪ ਸਿੰਘ ਸੋਨੂੰ ਸਰਪੰਚ ਪਿੰਡ ਕਨੇਜਾ ਸਮੇਤ ਪੰਚਾਇਤ, ਸੁਰਜੀਤ ਸਿੰਘ ਸਾਬਕਾ ਸਰਪੰਚ ਪਿੰਡ ਪ੍ਰਤਾਪਗ੍ਹੜ, ਸੁਰਜੀਤ ਸਿੰਘ ਸਾਬਕਾ ਸਰਪੰਚ ਪਿੰਡ ਸੀੜਾ ਵੀ ਮੌਜੂਦ ਸਨ।

Story You May Like