The Summer News
×
Saturday, 01 June 2024

ਪਿੰਡ ਮਵੀ ਸੱਪਾਂ ਤੋਂ ਡਿਜੀਟਲ ਫਾਈਨੈਂਸ ਮੁਹਿੰਮ ਦੀ ਹੋਈ ਸ਼ੁਰੂਆਤ

ਪਟਿਆਲਾ, 6 ਮਈ: ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਵੱਲੋਂ ਬਲਾਕ ਪਟਿਆਲਾ ਵਿੱਚ ਅਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਅਧੀਨ ਪਿੰਡਾਂ ’ਚ ਡਿਜੀਟਲ ਫਾਈਨੈਂਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਈਸ਼ਾ ਸਿੰਘਲ ਨੇ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਮਵੀ ਸੱਪਾ ਵਿਖੇ ਲੱਗੇ ਇਸ ਡਿਜੀਟਲ ਫਾਈਨੈਂਸ ਕੈਂਪ ਦਾ ਮੁੱਖ ਮਕਸਦ ਪਿੰਡ ਵਾਸੀਆਂ ਨੂੰ ਡਿਜੀਟਲ ਫਾਇਨਾਂਸ਼ੀਅਲ ਟ੍ਰਾਂਜ਼ੇਕਸ਼ਨਜ਼ ਬਾਰੇ ਜਾਗਰੂਕ ਕਰਨਾ ਹੈ। ਜਿੱਥੇ ਇੱਕ ਪਾਸੇ ਸਵੈ ਸਹਾਇਤਾ ਸਮੂਹ ਦੀਆਂ ਔਰਤਾਂ ਮਿਸ਼ਨ ਅਧੀਨ ਟ੍ਰੇਨਿੰਗ ਲੈ ਕੇ ਆਪਣੇ ਪਿੰਡ ਵਿੱਚ ਬੀ.ਸੀ. ਪੁਆਇੰਟ ਖੋਲ੍ਹ ਰਹੀਆਂ ਹਨ, ਦੂਜੇ ਪਾਸੇ ਸਰਕਾਰ ਇਹਨਾਂ ਕੈਂਪਾਂ ਜ਼ਰੀਏ ਬੀ.ਸੀ. ਸਖੀ ਦੇ ਕੰਮ ਵਿੱਚ ਵਾਧਾ ਕਰਨ ਲਈ ਪਿੰਡ ਵਾਸੀਆਂ ਨੂੰ ਨਾਲ ਜੋੜਨ ਦਾ ਕੰਮ ਕੀਤਾ ਜਾ ਰਿਹਾ ਹੈ।


ਕੈਂਪ ਵਿੱਚ ਪੰਜਾਬ ਗਰਾਮੀਣ ਬੈਂਕ ਦੇ ਮੈਨੇਜਰ ਜੋਗਿੰਦਰ ਸਿੰਘ ਨੇ ਕੈਂਪ ਵਿੱਚ ਹਿੱਸਾ ਲੈ ਰਹੇ ਮੈਂਬਰਾਂ ਨੂੰ ਡਿਜੀਟਲ ਟ੍ਰਾਂਜ਼ੇਕਸ਼ਨ ਬਾਰੇ ਵਡਮੁੱਲੀ ਜਾਣਕਾਰੀ ਮੁਹੱਈਆ ਕਰਵਾਈ। ਬੈਂਕ ਮੈਨੇਜਰ ਵੱਲੋਂ ਮੈਂਬਰਾਂ ਨੂੰ ਬੈਂਕ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਤੇ ਚਰਚਾ ਕਰਦੇ ਹੋਏ ਪਿੰਡ ਵਾਸੀਆਂ ਨੂੰ ਬੀਮਾ, ਅਟੱਲ ਪੈਨਸ਼ਨ ਯੋਜਨਾ, ਬੱਚਤ ਖਾਤਾ ਆਦਿ ਬਾਰੇ ਜਾਣੂ ਕਰਵਾਇਆਂ ਗਿਆ। ਇਸ ਕੈਂਪ ਦਾ ਮੁੱਖ ਮੰਤਵ ਪਿੰਡ ਵਾਸੀਆਂ ਨੂੰ ਪਿੰਡ ਦੀ ਬੈਂਕ ਕਾਰਸਪੋਡੈਂਟ ਸਖੀ ਨੂੰ ਪਿੰਡ ਵਾਸੀਆਂ ਨਾਲ ਜਾਣੂ ਕਰਵਾਉਂਦੇ ਹੋਏ ਬੀ.ਸੀ. ਸਖੀ ਵੱਲੋਂ ਮੁਹੱਈਆ ਕਰਵਾਇਆਂ ਜਾ ਰਹੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਦੇਣਾ ਹੈ।


ਕੈਂਪ ਵਿੱਚ ਬੀ.ਸੀ. ਸਖੀ ਰਜਵੰਤ ਕੌਰ ਵੱਲੋਂ ਪਿੰਡ ਵਾਸੀਆਂ ਨੂੰ ਖ਼ਾਸ ਤੌਰ ਤੇ ਹਾਜ਼ਰ ਮਹਿਲਾ ਮੈਂਬਰਾਂ ਨੂੰ ਡਿਜੀਟਲ ਗਰਾਮੀਣ ਭਾਰਤ ਸਿਰਜਨ ਲਈ ਵੱਖ-ਵੱਖ ਸਹੂਲਤਾਂ ਬਾਰੇ ਜਾਣੂ ਕਰਵਾਇਆਂ ਗਿਆ। ਜਿਸ ਵਿੱਚ ਪੇਂਡੂ ਗਰੀਬ ਮਹਿਲਾਵਾਂ ਨੂੰ ਬੱਚਤ ਖਾਤੇ, ਡਿਜੀਟਲ ਪੈਸੇ ਦੇ ਲੈਣ-ਦੇਣ, ਪੀ.ਐਮ.ਐਸ.ਬੀ.ਵਾਈ., ਪੀ.ਐਮ.ਜੇ.ਜੇ.ਬੀ.ਵਾਈ., ਏ.ਪੀ.ਵਾਈ., ਸੁਕੱਨੀਆ ਸਮਰ‌ਿਧੀ, ਹੈਲਥ ਇੰਸ਼ੋਰੈਂਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਗਈ।


ਕੈਂਪ ਵਿੱਚ ਉਚੇਚੇ ਤੌਰ ’ਤੇ ਰੀਨਾ ਰਾਣੀ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਪੀ.ਐਸ.ਆਰ.ਐਲ.ਐਮ ਵੱਲੋਂ ਹਾਜ਼ਰੀ ਲਗਵਾਈ ਗਈ ਅਤੇ ਪੇਂਡੂ ਗਰੀਬ ਔਰਤਾਂ ਨੂੰ ਡਿਜੀਟਲ ਟ੍ਰਾਂਸੈਕਸ਼ਨ ਕਰਨ ਬਾਰੇ ਪ੍ਰੇਰਿਤ ਕੀਤਾ ਗਿਆ। ਕੈਂਪ ਵਿੱਚ ਸ਼ਾਮਲ ਵਰੁਨ ਪ੍ਰਾਸ਼ਰ ਬੀ.ਪੀ.ਐਮ ਪੀ.ਐਸ.ਆਰ.ਐਲ.ਐਮ ਵੱਲੋਂ ਡਿਜੀਟਲ ਟ੍ਰਾਂਸੈਕਸ਼ਨ ਅਪਣਾਉਣ ਦੇ ਨਾਲ ਨਾਲ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਪੀ.ਪੀ.ਐਫ., ਸੁਕੰਨੀਆ ਸਮਰਿੱਧੀ ਯੋਜਨਾ, ਓਵਰ ਡਰਾਫ਼ਟ ਸਹੂਲਤ, ਚੈੱਕ ਦੀ ਵਰਤੋ ਬਾਰੇ ਵਿਸਥਾਰਪੂਰਵਕ ਜਾਣਕਾਰੀ ਪੇਂਡੂ ਗਰੀਬ ਔਰਤਾਂ ਨੂੰ ਦਿੱਤੀ ਗਈ। ਇਸ ਤੋਂ ਇਲਾਵਾ ਨਾਰੀ ਸਸ਼ਕਤੀਕਰਨ ਦੀਆਂ ਮਿਸਾਲਾਂ ਦਿੰਦੇ ਹੋਏ ਮੈਂਬਰਾਂ ਨੂੰ ਆਜੀਵਿਕਾ ਮਿਸ਼ਨ ਅਧੀਨ ਪ੍ਰਤੀ ਘਰ ਆਜੀਵਿਕਾ ਦੇ ਦੋ ਤੋਂ ਤਿੰਨ ਸਾਧਨ ਤਿਆਰ ਕਰਨ ਲਈ ਪ੍ਰੇਰਿਤ ਕੀਤਾ ਗਿਆ। ਪਿੰਡ ਦੇ ਸਰਪੰਚ ਸ਼੍ਰੀ ਕ੍ਰਿਸ਼ਨ ਵੱਲੋਂ ਸਰਕਾਰ ਦੀ ਇਸ ਮੁਹਿੰਮ ਦੀ ਪੁਰਜ਼ੋਰ ਸ਼ਲਾਘਾ ਕਰਦੇ ਹੋਏ ਪਿੰਡ ਵਾਸੀਆਂ ਨੂੰ ਬੀ.ਸੀ. ਸਖੀ ਨਾਲ ਅਸਾਨ ਬੈਂਕਿੰਗ ਲਈ ਜੁੜਨ ਲਈ ਕਿਹਾ ਗਿਆ।


ਬੈਂਕ ਮੈਨੇਜਰ ਨੇ ਬੈਂਕ ਦੀਆਂ ਵੱਖ-ਵੱਖ ਸਕੀਮਾਂ ਤੇ ਚਰਚਾ ਕਰਦੇ ਹੋਏ ਪਿੰਡ ਵਾਸੀਆਂ ਦੇ ਸਕੀਮਾਂ ਦਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦੇ ਨੁਮਾਇੰਦੇ ਸੀਮਾ ਰਾਣੀ ਅਤੇ ਹਰਜੋਤ ਕੌਰ ਵੱਲੋਂ ਹੋਰ ਵੱਧ ਤੋਂ ਵੱਧ ਪੇਂਡੂ ਗਰੀਬ ਔਰਤਾਂ ਨੂੰ ਮਿਸ਼ਨ ਨਾਲ ਜੁੜਨ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਪਿੰਡ ਦੇ ਪੰਚ ਸਾਹਿਬਾਨ, ਸੀਨੀਅਰ ਸਕੈਂਡਰੀ ਸਕੂਲ ਦੇ ਅਧਿਆਪਕ, ਆਸ਼ਾ ਅਤੇ ਆਂਗਣਵਾੜੀ ਵਰਕਰ ਆਦਿ ਸ਼ਾਮਲ ਹੋਏ।

Story You May Like