The Summer News
×
Saturday, 11 May 2024

ਚੋਣ ਜਾਬਤੇ ਦੀ ਸਖਤੀ ਨਾਲ ਪਾਲਣਾ ਕਰਨ ਦੀ ਹਦਾਇਤ

ਸ੍ਰੀ ਮੁਕਤਸਰ ਸਾਹਿਬ 17 ਮਾਰਚ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ, ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਅੱਜ ਇੱਥੇ ਜਿਲ੍ਹੇ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਬੈਠਕ ਕਰਕੇ ਉਹਨਾਂ ਨੂੰ ਚੋਣ ਪ੍ਰਕਿਰਿਆ ਸਬੰਧੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ । ਉਹਨਾਂ ਨੇ ਆਖਿਆ ਕਿ ਡੀਫੇਸਮੈਂਟ ਆਫ ਪ੍ਰਾਪਰਟੀ ਐਕਟ ਦੇ ਅਨੁਸਾਰ ਸਰਕਾਰੀ ਸੰਪੱਤੀ ਤੇ ਕੋਈ ਵੀ ਇਸ਼ਤਿਹਾਰਬਾਜ਼ੀ ਨਹੀਂ ਕੀਤੀ ਜਾ ਸਕਦੀ ਅਤੇ ਪ੍ਰਾਈਵੇਟ ਸੰਪੱਤੀ ਤੇ ਵੀ ਮਾਲਕ ਦੀ ਪ੍ਰਵਾਨਗੀ ਤੋਂ ਬਿਨਾਂ ਸਿਆਸੀ ਇਸ਼ਤਿਹਾਰਬਾਜ਼ੀ ਨਹੀਂ ਕੀਤੀ ਜਾ ਸਕਦੀ। ਇਸ ਮੌਕੇ ਉਨਾਂ ਨੇ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਚੋਣ ਖਰਚੇ ਅਤੇ ਆਦਰਸ ਚੋਣ ਜਾਬਤੇ ਦੇ ਮੈਨੂਅਲ ਦੀ ਸੀਡੀ ਵੀ ਦਿੱਤੀ। ਇਸ ਤੋਂ ਬਿਨਾਂ ਵੱਖ-ਵੱਖ ਪ੍ਰਕਾਰ ਦੇ ਚੋਣ ਖਰਚਿਆਂ ਦੀ ਨਿਰਧਾਰਿਤ ਰੇਟ ਲਿਸਟ ਵੀ ਉਹਨਾਂ ਨੂੰ ਮੁਹਈਆ ਕਰਵਾਈ ਗਈ। ਉਹਨਾਂ ਨੇ ਹਦਾਇਤ ਕੀਤੀ ਕਿ ਹਰ ਪ੍ਰਕਾਰ ਦੀਆਂ ਚੋਣ ਰੈਲੀਆਂ ਕਰਨ ਲਈ ਸੁਵਿਧਾ ਪੋਰਟਲ ਰਾਹੀਂ ਆਨਲਾਈਨ ਪ੍ਰਵਾਨਗੀ ਲਾਜ਼ਮੀ ਤੌਰ ਤੇ ਲਈ ਜਾਵੇ। ਉਨਾਂ ਨੇ ਇਹ ਵੀ ਹਦਾਇਤ ਕੀਤੀ ਕਿ ਚੋਣ ਪ੍ਰਚਾਰ ਦੌਰਾਨ ਬਾਲ ਮਜ਼ਦੂਰੀ ਦੀ ਸਖਤੀ ਨਾਲ ਮਨਾਹੀ ਹੋਵੇਗੀ।


ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਚੋਣਾਂ ਦੌਰਾਨ ਕੀਤੀ ਜਾਣ ਵਾਲੀ ਹਰ ਪ੍ਰਕਾਰ ਦੀ ਇਸ਼ਤਿਹਾਰਬਾਜੀ ਤੇ ਚੋਣ ਕਮਿਸ਼ਨ ਦੀ ਨਜਰ ਰਹੇਗੀ ਅਤੇ ਉਮੀਦਵਾਰ ਇਲੈਕਟ੍ਰੋਨਿਕ ਮੀਡੀਆ, ਈ ਪੇਪਰ,ਸੋਸਲ ਮੀਡੀਆ ਤੇ ਇਸਤਿਹਾਰਬਾਜੀ ਕਰਨ ਤੋਂ ਪਹਿਲਾਂ ਪ੍ਰੀ ਸਰਟੀਫਿਕੇਸ਼ਨ ਜਰੂਰ ਕਰਵਾਉਣ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਟੀਮਾਂ ਦੀ ਸੋਸ਼ਲ ਮੀਡੀਆ ਤੇ ਵੀ ਸਖ਼ਤ ਨਜਰ ਰਹੇਗੀ ਅਤੇ ਝੁੱਠੀਆਂ ਖ਼ਬਰਾਂ ਫੈਲਾਉਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।  ਉਹਨਾਂ ਇਹ ਵੀ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਸ ਵਾਰ ਲੋਕ ਸਭਾ ਹਲਕੇ ਦਾ ਇੱਕ ਉਮੀਦਵਾਰ ਵੱਧ ਤੋਂ ਵੱਧ 95 ਲੱਖ ਰੁਪਏ ਤੱਕ ਦਾ ਚੋਣ ਖਰਚ ਕਰ ਸਕਦਾ ਹੈ। ਉਹਨਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਦਰਸ਼ ਚੋਣ ਜਾਬਤੇ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ।


ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਭਾਗੀਰਥ ਮੀਨਾ ਨੇ ਕਿਹਾ ਕਿ ਪੁਲਿਸ ਵਿਭਾਗ ਪੂਰੀ ਤਰਾਂ ਚੌਕਸ ਹੈ ਅਤੇ ਲੋਕ ਬਿਨਾਂ ਕਿਸੇ ਡਰ ਭੈਅ ਅਤੇ ਲਾਲਚ ਦੇ ਮਤਦਾਨ ਕਰਨ, ਇਸ ਲਈ ਸਾਰੇ ਸੁਰੱਖਿਆ ਇੰਤਜ਼ਾਮ ਕੀਤੇ ਜਾ ਰਹੇ ਹਨ। ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਹੋਏ। ਇਸ ਮੌਕੇ ਐਸਪੀ ਸ੍ਰੀ ਕੰਵਲਜੀਤ ਸਿੰਘ, ਐਸ ਡੀ ਐਮ ਬਲਜੀਤ ਕੌਰ, ਤਹਿਸੀਲਦਾਰ ਚੋਣਾਂ ਹਰਬੰਸ ਸਿੰਘ ਦੀ ਹਾਜ਼ਰ ਸਨ।

Story You May Like