The Summer News
×
Tuesday, 21 May 2024

ਵੈਟਨਰੀ ਯੂਨੀਵਰਸਿਟੀ ਵਿਖੇ ਪੌਦੇ ਲਗਾਉਣ ਦੀ ਮੁਹਿੰਮ ਕੀਤੀ ਗਈ ਆਰੰਭ

ਲੁਧਿਆਣਾ, 29 ਜੁਲਾਈ – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਮਿਲਖ਼ ਸੰਗਠਨ ਦੇ ਲੈਂਡਸਕੇਪਿੰਗ ਵਿੰਗ ਨੇ ਯੂਨੀਵਰਸਿਟੀ ਵਿਖੇ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ।ਇਹ ਮੁਹਿੰਮ ਵਿਸ਼ਵ ਬੈਂਕ ਦੀ ਵਿਤੀ ਸਹਾਇਤਾ ਨਾਲ ਚਲਾਏ ਜਾ ਰਹੇ ਸੰਸਥਾ ਵਿਕਾਸ ਯੋਜਨਾ ਪ੍ਰਾਜੈਕਟ ਅਧੀਨ ਆਯੋਜਿਤ ਕੀਤੀ ਗਈ।ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਮੁਹਿੰਮ ਦਾ ਉਦਘਾਟਨ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਵਿਚ ਬਿਸਮਾਰਕੀਆ ਪਾਮ ਦਾ ਬੂਟਾ ਲਗਾ ਕੇ ਕੀਤਾ।


ਡਾ. ਬਲਜੀਤ ਸਿੰਘ ਸਿੰਘ, ਵਾਈਸ ਪ੍ਰੈਜ਼ੀਡੈਂਟ (ਖੋਜ), ਯੂਨੀਵਰਸਿਟੀ ਆਫ ਸਸਕੈਵਚਨ, ਕੈਨੇਡਾ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਬੜੇ ਉਤਸਾਹ ਨਾਲ ਪੌਦੇ ਲਗਾ ਕੇ ਇਸ ਵਿਚ ਯੋਗਦਾਨ ਦਿੱਤਾ।ਪੌਦੇ ਲਗਾਉਣ ਦੀ ਇਹ ਮੁਹਿੰਮ ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਸਮਰਪਿਤ ’ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਜਸ਼ਨਾਂ ਦੇ ਹਿੱਸੇ ਵਜੋਂ ਆਯੋਜਿਤ ਕੀਤੀ ਗਈ। ਇਸ ਮੁਹਿੰਮ ਅਧੀਨ ਅਗਲੇ ਪੜਾਵਾਂ ਵਿਚ 750 ਤੋਂ ਵਧੇਰੇ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾ ਕੇ ’ਹਰਿਆ ਭਰਿਆ ਯੂਨੀਵਰਸਿਟੀ ਕੈਂਪਸ’ ਬਨਾਉਣ ਦਾ ਟੀਚਾ ਪੂਰਨ ਕੀਤਾ ਜਾਵੇਗਾ।ਇਨ੍ਹਾਂ ਪੜਾਵਾਂ ਅਧੀਨ ਯੂਨੀਵਰਸਿਟੀ ਦੇ ਪ੍ਰਸ਼ਾਸਕੀ ਬਲਾਕ, ਵਿਭਿੰਨ ਕਾਲਜਾਂ, ਵੈਟਨਰੀ ਹਸਪਤਾਲ ਅਤੇ ਯੂਨੀਵਰਸਿਟੀ ਦੇ ਹੋਸਟਲਾਂ ਦੇ ਬਾਹਰ ਵੀ ਪੌਦੇ ਲਗਾਏ ਜਾਣਗੇ।


ਡਾ. ਇੰਦਰਜੀਤ ਸਿੰਘ ਨੇ ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰੁੱਖ ਲਗਾਉਣ ਦਾ ਕਾਰਜ ਸਾਨੂੰ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਜ਼ਰੂਰ ਕਰਨਾ ਚਾਹੀਦਾ ਹੈ।ਇਹ ਇਕ ਅਜਿਹੀ ਵਾਤਾਵਰਣ ਸਨੇਹੀ ਗਤੀਵਿਧੀ ਹੈ ਜਿਸ ਦੀ ਸਾਡੀ ਧਰਤੀ ਨੂੰ ਬਹੁਤ ਲੋੜ ਹੈ।ਉਨ੍ਹਾਂ ਇਹ ਵੀ ਕਿਹਾ ਕਿ ਰੁੱਖ ਲਗਾਉਣ ਤੋਂ ਬਾਅਦ ਉਨ੍ਹਾਂ ਨੂੰ ਪਾਲਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਨ੍ਹਾਂ ਨਾਲ ਸਾਡੇ ਲੰਮੇ ਸਮੇਂ ਦੇ ਫਾਇਦੇ ਜੁੜੇ ਹੋਏ ਹਨ।


ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਲੈਂਡਸਕੇਪਿੰਗ ਵਿੰਗ ਦੀ ਸਮੁੱਚੀ ਟੀਮ ਨੂੰ ਇਸ ਮੁਹਿੰਮ ਨੂੰ ਸਿਰੇ ਚੜ੍ਹਾਉਣ ਲਈ ਕੀਤੇ ਸੁਹਿਰਦ ਯਤਨਾਂ ਵਾਸਤੇ ਵਧਾਈ ਦਿੱਤੀ।ਉਨ੍ਹਾਂ ਨੇ ਯੂਨੀਵਰਸਿਟੀ ਦੇ ਸਾਰੇ ਅਧਿਕਾਰੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਦਾ ਇਸ ਸਮਾਗਮ ਵਿਚ ਹਿੱਸਾ ਲੈਣ ਲਈ ਧੰਨਵਾਦ ਕੀਤਾ।


Story You May Like