The Summer News
×
Monday, 20 May 2024

ਰਾਮਗੜ੍ਹੀਆ ਗਰਲਜ਼ ਕਾਲਜ ਦੇ  ਐੱਨ .ਐੱਨ . ਐੱਸ.ਯੂਨਿਟ ਅਤੇ ਰੈੱਡ ਰਿਬਨ ਕਲੱਬ ਨੇ ਮਨਾਇਆ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ 

ਲੁਧਿਆਣਾ, 22 ਫਰਵਰੀ : ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੇ  ਐੱਨ .ਐੱਨ. ਐੱਸ . ਯੂਨਿਟ ਅਤੇ ਰੈੱਡ ਰਿਬਨ ਕਲੱਬ ਵੱਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ " ਪੰਜਾਬੀ ਅਧਿਆਤਮਕ ਸਾਹਿਤ ਦਾ ਅਨਮੋਲ ਖ਼ਜ਼ਾਨਾ ਗੁਰਬਾਣੀ " ਵਿਸ਼ੇ 'ਤੇ ਆਧਾਰਿਤ ਲੈਕਚਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਅੰਮ੍ਰਿਤਸਰ ਤੋਂ ਰਾਜਪਾਲ ਸਿੰਘ ਮੁੱਖ ਵਕਤਾ ਦੇ ਤੌਰ 'ਤੇ ਅਤੇ ਉਹਨਾਂ  ਦੇ ਨਾਲ ਮੈਡਮ ਸਤਵੰਤ ਕੌਰ ਕਾਲਜ ਵਿਹੜੇ ਪਹੁੰਚੇ। ਜਿਨ੍ਹਾਂ ਦਾ ਕਾਰਜਕਾਰੀ ਪ੍ਰਿੰਸੀਪਲ ਮੈਡਮ ਜਸਪਾਲ ਕੌਰ ਨੇ ਨਿੱਘਾ ਸਵਾਗਤ ਕੀਤਾ।


ਰਾਜਪਾਲ ਸਿੰਘ ਨੇ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਗੁਰਬਾਣੀ ਦੇ ਅਧਿਆਤਮਕ ਵਿਚਾਰਾਂ ਦੀ ਸਾਂਝ ਵਿਦਿਆਰਥਣਾਂ ਨਾਲ ਪਾਈ ਤੇ ਉਨ੍ਹਾਂ ਨੂੰ ਧਰਮ ਦੇ ਰਸਤੇ 'ਤੇ ਚੱਲਦੇ ਹੋਏ ਨੈਤਿਕ ਗੁਣ ਧਾਰਨ ਕਰਨ ਦੀ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਮਨੁੱਖ ਦੇ ਵਿਅਕਤੀਤਵ ਨੂੰ ਨਿਖਾਰਨ ਲਈ ਜ਼ਰੂਰੀ ਹੈ ਕਿ ਅਸੀਂ ਧਰਮ ਦੇ ਰਸਤੇ ਤੇ ਚੱਲ ਕੇ ਸੁਚਜੀ ਜੀਵਨ ਜਾਚ ਅਪਣਾਈਏ। ਉਹਨਾਂ ਨੇ ਦੱਸਿਆ ਕਿ ਸਾਡੇ  ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਧਿਆਤਮਕ ਸਾਹਿਤ ਦਾ ਅਨਮੋਲ ਖ਼ਜ਼ਾਨਾ ਹੈ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਮੋਬਾਈਲ ਫੋਨ ਦੀ ਬਿਨਾਂ ਲੋੜ ਤੋਂ ਵਰਤੋਂ ਕਰਨ ਦੇ ਨੁਕਸਾਨ ਬਾਰੇ ਵੀ ਦੱਸਿਆ।  


ਅੰਤ ਵਿੱਚ ਉਹਨਾਂ ਨੇ ਵਿਦਿਆਰਥਣਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ।  ਮੈਡਮ ਪ੍ਰਿੰਸੀਪਲ ਨੇ ਕੌਮਾਂਤਰੀ ਮਾਤ ਭਾਸ਼ਾ ਦਿਹਾੜੇ ਦੇ ਮੌਕੇ ਮਾਂ ਬੋਲੀ ਪੰਜਾਬੀ ਦੀ ਮਿਠਾਸ , ਸਰਲਤਾ,  ਸਪਸ਼ਟਤਾ ਆਦਿ ਅਨੇਕਾਂ  ਗੁਣਾਂ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਕੋਈ ਵੀ ਕੌਮ ਆਪਣੀ ਮਾਂ ਬੋਲੀ ਦੇ ਸਾਏ ਹੇਠ ਹੀ ਆਪਣਾ ਸਰਵਪੱਖੀ ਵਿਕਾਸ ਕਰ ਸਕਦੀ ਹੈ। ਇਸ ਮੌਕੇ ਵਲੰਟੀਅਰਾਂ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਦਰਸਾਉਂਦੇ ਪੋਸਟਰ  ਬਣਾਏ  ਤੇ ਸਲੋਗਨ ਲਿਖੇ । ਵਿਦਿਆਰਥੀਆਂ ਨੇ ਮਾਂ ਬੋਲੀ ਪੰਜਾਬੀ ਪ੍ਰਤੀ ਆਪਣੇ ਮਨ ਦੇ ਭਾਵ ਪੇਸ਼ ਕੀਤੇ।


ਪੰਜਾਬੀ ਵਿਭਾਗ ਦੇ  ਪ੍ਰੋ.ਹਰਬਿੰਦਰ ਕੌਰ ਨੇ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕਰਦੇ ਕਿਹਾ ਕਿ ਅੱਜ ਸਾਡੀ ਤ੍ਰਾਸਦੀ ਹੈ ਕਿ ਵਿਸ਼ਵੀਕਰਨ ਦੇ ਦੌਰ ਵਿਚ ਅਸੀਂ ਆਪਣੀ ਮਾਤ ਭਾਸ਼ਾ ਨਾਲੋਂ ਟੁੱਟਦੇ ਜਾ ਰਹੇ ਹਾਂ ਸਾਨੂੰ ਲੋੜ ਹੈ ਆਪਣੀ ਮਾਂ ਬੋਲੀ ਨੂੰ ਬਚਾ ਕੇ ਰੱਖਣ ਦੀ ਆਓ ਸਾਰੇ ਰਲ ਮਿਲ ਕੇ ਹੰਭਲਾ ਮਾਰੀਏ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਨੇ ਮਾਂ ਬੋਲੀ ਦਿਵਸ ਦੇ ਮੌਕੇ ਵਿਦਿਆਰਥਣਾਂ ਨੂੰ ਮਾਂ ਬੋਲੀ ਪੰਜਾਬੀ ਵਿੱਚ ਕਿਤਾਬਾਂ ਪੜ੍ਹਨ ਦੇ ਸ਼ੌਂਕ ਨੂੰ ਉਜਾਗਰ ਕਰਨ ਲਈ ਪ੍ਰੇਰਿਤ ਕਰਦੇ ਕਿਹਾ ਕਿ ਮਾਂ ਬੋਲੀ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੁੰਦਾ ਹੈ ਸਾਨੂੰ  ਹਮੇਸ਼ਾ ਇਸ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ।


ਇਸ ਮੌਕੇ ਪੋਸਟ  ਗ੍ਰੈਜੂਏਟ  ਪੰਜਾਬੀ ਵਿਭਾਗ ਦੇ ਅਧਿਆਪਕ ਸਹਿਬਾਨ ,ਐੱਨ. ਐੱਨ .ਐੱਸ . ਯੂਨਿਟ ਅਤੇ ਰੈੱਡ ਰਿਬਨ ਕਲੱਬ ਦੇ ਪ੍ਰੋਗਰਾਮ ਅਫ਼ਸਰ ਡਾ. ਹਰਬਿੰਦਰ ਕੌਰ,ਪ੍ਰੋ. ਕਿਰਨ  ਪ੍ਰੋ. ਹਿਨਾ  ਅਤੇ ਵਿਦਿਆਰਥੀ ਸਮਾਗਮ ਵਿੱਚ ਸ਼ਾਮਲ ਹੋਏ ।ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਲੋਟੇ ਨੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੇ ਮੌਕੇ ਨੂੰ ਵਧਾਈ ਭਰਿਆ ਸੰਦੇਸ਼ ਦਿੰਦੇ ਸਾਰਿਆਂ ਦਾ ਧੰਨਵਾਦ ਕੀਤਾ।

Story You May Like