The Summer News
×
Wednesday, 15 May 2024

ਰਾਏਕੋਟ ਦੇ ਪਿੰਡ ਗੋਂਦਵਾਲ ਦਾ ਨਾਮ 10ਵੀਂ ਦੇ ਨਤੀਜਿਆਂ ਵਿੱਚ ਰੌਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਦਾ ਵਿਸ਼ੇਸ਼ ਸਨਮਾਨ

ਰਾਏਕੋਟ, 28 ਮਈ (ਦਲਵਿੰਦਰ ਸਿੰਘ ਰਛੀਨ) : ਪਿੰਡ ਗੋਂਦਵਾਲ ਦਾ 10ਵੀਂ ਦੇ ਨਤੀਜਿਆਂ ਵਿਚ ਨਾਮ ਰੌਸ਼ਨ ਕਰਨ ਵਾਲੀਆਂ ਦੋ ਵਿਦਿਆਰਥਣਾਂ ਨੂੰ ਅੱਜ ਗ੍ਰਾਮ ਪੰਚਾਇਤ ਅਤੇ ਭਾਰਤੀ ਕਿਸਾਨ ਯੂਨੀਅਨ(ਰਾਜੇਵਾਲ) ਬਲਾਕ ਰਾਏਕੋਟ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।


ਇਸ ਮੌਕੇ ਸਰਪੰਚ ਸੁਖਪਾਲ ਸਿੰਘ ਸਿੱਧੂ ਅਤੇ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਪਿੰਡ ਦੇ ਪਤਵੰਤਿਆਂ ਨੇ ਵਿਦਿਆਰਥਣ ਅਮਨਜੋਤ ਕੌਰ ਪੁੱਤਰੀ ਗੋਬਿੰਦ ਸਿੰਘ,  ਜਿਸ ਨੇ ਦਸਵੀ ਚੋਂ 98 ਫ਼ੀਸਦੀ ਅੰਕ ਹਾਸਲ ਕਰਕੇ ਸੂਬੇ ’ਚੋਂ 9ਵਾਂ ਤੇ ਜ਼ਿਲ੍ਹੇ ’ਚੋਂ ਤੀਜਾ ਅਤੇ ਵਿਦਿਆਰਥਣ ਵੰਦਨੀ ਕੁਮਾਰੀ ਪੁੱਤਰੀ ਦਿਨੇਸ਼ ਸ਼ਾਹ ਨੇ 97.69 ਫੀਸਦੀ ਅੰਕਾਂ ਨਾਲ ਪੰਜਾਬ ’ਚੋਂ 115ਵਾਂ ਅਤੇ ਜ਼ਿਲ੍ਹੇ ’ਚੋਂ 13ਵਾਂ ਸਥਾਨ ਹਾਸਲ ਕੀਤਾ ਹੈ, ਦੀ ਸਨਮਾਨ ਚਿੰਨ ਅਤੇ ਸਿਰੋਪਾਉ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ।


ਉਨ੍ਹਾਂ ਆਖਿਆ ਕਿ ਇੰਨ੍ਹਾਂ ਵਿਦਿਆਰਥਣਾਂ ’ਤੇ ਪੂਰੇ ਪਿੰਡ ਗੋਂਦਵਾਲ ਮਾਣ ਹੈ, ਜਿਨ੍ਹਾਂ ਮਿਹਨਤਕਸ਼ ਪਰਵਾਰਾਂ ਵਿਚੋਂ ਉੱਠ ਕੇ ਪੂਰੇ ਪੰਜਾਬ ਵਿਚ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਵਿਦਿਆਰਥਣਾਂ ਦੀ ਉਚੇਰੀ ਪੜ੍ਹਾਈ ਵਿਚ ਸਹਿਯੋਗ ਦੇਣਗੇ, ਉਥੇ ਹੀ ਉਨ੍ਹਾਂ ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਪੰਜਾਬੀਆਂ ਨੂੰ ਵੀ ਇਨ੍ਹਾਂ ਹੋਣਹਾਰ ਵਿਦਿਆਰਥਣਾਂ ਦੀ ਅਗਲੇਰੀ ਪੜ੍ਹਾਈ ਵਿਚ ਆਰਥਿਕ ਸਹਾਇਤਾ ਕਰਨ ਦੀ ਅਪੀਲ ਕੀਤੀ।


ਇਸ ਮੌਕੇ ਵਿਦਿਆਰਥਣ ਅਮਨਜੋਤ ਕੌਰ ਨੇ ਦੱਸਿਆ ਕਿ ਉਹ ਟਾਈਮਟੇਬਲ ਬਣਾ ਕੇ ਪੜ੍ਹਾਈ ਕਰਦੀ ਸੀ ਅਤੇ ਹਰ ਇੱਕ ਵਿਸ਼ੇ ਨੂੰ ਢੁਕਵਾਂ ਸਮਾਂ ਦਿੰਦੀ ਸੀ, ਜਿਸ ਸਦਕਾ ਹੀ ਉਹ ਮੈਰਿਟ ਵਿਚ ਆਈ ਹੈ ਅਤੇ ਅੱਗੇ ਉਹ ਏਅਰ ਫੋਰਸ ਵਿਚ ਜਾ ਕੇ ਦੇਸ਼ ਦੀ ਸੇਵਾ ਕਰਨੀ ਚਾਹੁੰਦੀ ਹੈ, ਉਥੇ ਹੀ ਵਿਦਿਅਰਥਣ ਵੰਦਨੀ ਕੁਮਾਰੀ ਨੇ ਦੱਸਿਆ ਕਿ ਉਸ ਦੇ ਪਿਤਾ ਮਿਹਨਤ ਮਜ਼ਦੂਰੀ ਕਰਕੇ ਉਨ੍ਹਾਂ ਦੇ ਟੱਬਰ ਦਾ ਪਾਲਣ-ਪੋਸਣ ਕਰਦੇ ਹਨ ਅਤੇ ਉਹ ਹਮੇਸ਼ਾਂ ਹੀ ਉਸ ਨੂੰ ਪੜ੍ਹਾਈ ਲਈ ਪ੍ਰੇਰਿਤ ਕਰਦੇ ਰਹਿੰਦੇ ਸਨ, ਜਦਕਿ ਉਹ ਬੈਂਕ ਮੈਨੇਜ਼ਰ ਬਣਨਾ ਚਾਹੁੰਦੀ ਹੈ।

Story You May Like