The Summer News
×
Monday, 20 May 2024

ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ ਸਲਾਨਾ ਖੇਡ ਸਮਾਗਮ ਕਰਵਾਇਆ ਗਿਆ

ਲੁਧਿਆਣਾ : ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ 6 ਅਪ੍ਰੈਲ 2023 ਨੂੰ ਸਲਾਨਾ ਖੇਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਰਘਬੀਰ ਸਿੰਘ ਸੋਹਲ ਅਤੇ ਡਾ.ਸਤੀਸ਼ ਸ਼ਰਮਾ ਨੇ ਖੇਡ ਮੇਲੇ ਦਾ ਉਦਘਾਟਨ ਅਤੇ ਪ੍ਰਧਾਨਗੀ ਕਰਨ ਹਿੱਤ ਸ਼ਿਰਕਤ ਕੀਤੀ। ਰਾਮਗੜ੍ਹੀਆ ਐਜੂਕੇਸ਼ਨਲ ਕੋਂਸਲ ਦੇ ਪ੍ਰਧਾਨ ਰਣਜੋਧ ਸਿੰਘ, ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਮੈਡਮ ਜਸਪਾਲ ਕੌਰ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ: ਰਾਣੀ ਕੌਰ ਨੇ ਕਾਲਜ ਪਹੁੰਚੇ।

 

ਇਸ ਮੌਕੇ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਮੈਂਬਰ ਸਾਹਿਬਾਨ, ਰਾਮਗੜ੍ਹੀਆ ਵਿਦਿਅਕ ਸੰਸਥਾਵਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ: ਨਰਿੰਦਰ ਕੌਰ ਸੰਧੂ, ਸਾਬਕਾ ਪ੍ਰਿੰਸੀਪਲ ਡਾ:ਰਾਜੇਸ਼ਵਰਪਾਲ ਕੌਰ, ਸਾਬਕਾ ਪ੍ਰਾਧਿਆਪਕਾ ਡਾ: ਰਿਪਨਦੀਪ ਕੌਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਖੇਡ ਮੇਲੇ ਦਾ ਆਰੰਭ ਕਰਦੇ ਹੋਏ ਰਘਬੀਰ ਸਿੰਘ ਸੋਹਲ ਨੇ ਝੰਡਾ ਲਹਿਰਾ ਕੇ ਮਾਰਚ ਪਾਸਟ ਤੋਂ ਸਲਾਮੀ ਲਈ ਤੇ ਨਾਲ ਹੀ ਸਹੁੰ ਚੱਕਣ ਦੀ ਰਸਮ ਅਦਾ ਕੀਤੀ। ਹਰ ਟੀਮ ਵਿੱਚ ਸਪੋਰਟਸ ਤੇ ਨਾਨ ਸਪੋਰਟਸ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ। ਇਸ ਵਿੱਚ 50,100,200,400ਤੇ  ਮੀਟਰ ਰੇਸ, ਲੌਂਗ ਜੰਪ, ਹਾਈ ਜੰਪ, ਡਿਸਕਸ ਥ੍ਰੋ, ਜੈਵਲਿਨ ਥ੍ਰੋ, ਸ਼ਾਟ ਪੁੱਟ ਆਦਿ ਤੇ ਦੂਸਰੇ ਪਾਸੇ ਚਮਚ ਆਲੂ ਰੇਸ, ਥ੍ਰੀ ਲੈੱਗ ਰੇਸ, ਚਾਟੀ ਰੇਸ, ਬੋਰੀ ਰੇਸ, ਰੱਸਾ ਟੱਪਣਾ ਆਦਿ ਮਨੋਰੰਜਕ  ਖੇਡਾਂ ਦਾ ਆਯੋਜਨ ਕੀਤਾ ਗਿਆ।

 

ਖੇਡ ਸਮਾਗਮ ਵਿੱਚ ਬੀ. ਏ. ਭਾਗ ਦੂਜਾ ਦੀ ਵਿਦਿਆਰਥਣ ਸੀਮਾ ਨੂੰ ਸਪੋਰਟਸ ਵਰਗ ਵਿੱਚ ਬੈਸਟ ਖਿਡਾਰਣ ਅਤੇ ਬੀ.ਕਾਮ. ਭਾਗ ਤੀਜਾ ਦੀ ਵਿਦਿਆਰਥਣ ਪ੍ਰੀਤੀ ਨੂੰ ਨਾਨ ਸਪੋਰਟਸ ਵਰਗ ਵਿੱਚ ਬੈਸਟ ਖਿਡਾਰਣ ਐਲਾਨਿਆ ਗਿਆ। ਆਏ ਮਹਿਮਾਨਾਂ ਨੇ ਜਿੱਤੇ ਹੋਏ ਖਿਡਾਰੀਆਂ ਨੂੰ ਇਨਾਮ ਤਕਸੀਮ ਅਤੇ ਵਿਦਿਆਰਥਣਾਂ ਦਾ ਹੌਂਸਲਾ ਵਧਾਉਂਦਿਆ ਕਿਹਾ ਕਿ, ‘’ਖੇਡਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ ਤੇ ਨੌਂਜਵਾਨਾਂ ਲਈ ਤਾਂ ਇਹ ਹੋਰ ਵੀ ਜ਼ਰੂਰੀ ਹੈ ਤਾਂ ਜੋ ਉਹ ਸਿੱਖਿਆ ਦੇ ਨਾਲ ਖੇਡਾਂ ਨੂੰ ਵੀ ਅਪਣਾਉਣ ਜਿਸ ਨਾਲ ਉਨ੍ਹਾਂ ਦਾ ਸੰਪੂਰਨ ਵਿਕਾਸ ਹੋ ਸਕੇ। ਉਹਨਾਂ ਨੇ  ਵਿਦਿਆਰਥੀਆਂ ਨੂੰ ਕਿਤਾਬੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ।"

 

ਕਾਲਜ ਪ੍ਰਿੰ. ਮੈਡਮ ਜਸਪਾਲ ਕੌਰ ਨੇ ਵਿਭਾਗ ਦੇ ਮੁਖੀ ਪ੍ਰੋ: ਰਾਣੀ ਕੌਰ ਨੂੰ ਇਸ ਖੇਡ ਮੇਲੇ ਦੇ ਆਯੋਜਨ ਦੀ ਸਫ਼ਲਤਾ ਲਈ ਵਧਾਈ ਦਿੰਦਿਆਂ ਕਿਹਾ ਕਿ ਸਾਡੀਆਂ ਖਿਡਾਰਣਾਂ ਨੇ ਖੇਡਾਂ ਦੇ ਹਰ ਖੇਤਰ ਵਿੱਚ ਅਨੇਕਾਂ  ਵਾਰ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ ਸਾਨੂੰ ਆਪਣੀਆਂ ਧੀਆਂ ਤੇ ਮਾਣ ਹੈ। ਰਣਜੋਧ ਸਿੰਘ ਨੇ ਖਿਡਾਰਨਾਂ ਨੂੰ ਸੰਬੋਧਨ ਕਰਕੇ ਕਿਹਾ ਕਿ ਖੇਡਾਂ ਮਨੁੱਖ ਨੂੰ ਬਹੁਤ ਕੁੱਝ ਸਿਖਾਉਂਦੀਆਂ ਹਨ ਖੇਡਾਂ ਦੁਆਰਾ ਅਸੀਂ ਇਕ ਤੰਦਰੁਸਤ ਸਰੀਰ ਨੂੰ ਪਾ ਸਕਦੇ ਹਾਂ। ਖੇਡਾਂ ਦੇ ਨਾਲ ਆਪਣੇ ਅੰਦਰ ਆਤਮ-ਵਿਸ਼ਵਾਸ, ਏਕਤਾ ਅਤੇ ਆਪਸੀ ਸਹਿਯੋਗ ਦੀ ਭਾਵਨਾ ਨੂੰ ਵੀ ਵਧਾ ਸਕਦੇ ਹਾਂ। ਕਾਲਜ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਅਖੀਰ ਵਿੱਚ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਲੋਟੇ ਨੇ ਜਿੱਤੀਆਂ ਹੋਈਆਂ ਖਿਡਾਰਣਾਂ ਨੂੰ ਵਧਾਈ ਦਿੱਤੀ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। 

Story You May Like