The Summer News
×
Tuesday, 21 May 2024

ਰਾਏਕੋਟ ਦੇ ਪਿੰਡ ਸ਼ਹਿਬਾਜ਼ਪੁਰਾ ਵਿਖੇ ਬਲਾਕ ਪੱਧਰੀ ਪ੍ਰਾਇਮਰੀ ਸਕੂਲੀ ਖੇਡਾਂ ਆਰੰਭ

ਰਾਏਕੋਟ, 12 ਅਕਤੂਬਰ(ਦਲਵਿੰਦਰ ਸਿੰਘ ਰਛੀਨ) ਰਾਏਕੋਟ ਦੇ ਪਿੰਡ ਸ਼ਹਿਬਾਜ਼ਪੁਰਾ ਵਿਖੇ ਸਥਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿੱਚ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤਹਿਤ ਬਲਾਕ ਪੱਧਰੀ ਪ੍ਰਾਇਮਰੀ ਸਕੂਲੀ ਖੇਡਾਂ ਦੀ ਆਰੰਭਤਾ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਇਤਬਾਰ ਹੇਠ ਹੋਈ। ਜਿਸ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਅਤੇ ਡਿਪਟੀ ਡੀਈਓ ਜਸਵਿੰਦਰ ਸਿੰਘ ਨੇ ਰੀਬਨ ਕੱਟ ਕੇ ਖੇਡਾਂ ਦਾ ਆਗਾਜ਼ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਖੇਡਾਂ ਨਿਰਵਿਘਨਤਾ ਸਹਿਤ ਨੇਪਰੇ ਚੜ੍ਹਨ ਸਬੰਧੀ ਗੁਰੂ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ। 


ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ ਨੂੰ ਨਸ਼ਾ ਮੁਕਤ ਕਰਕੇ ਖੇਡਾਂ ਵਿੱਚ ਮੋਹਰੀ ਸੂਬਾ ਬਣਾਉਣ ਲਈ ਯਤਨਸ਼ੀਲ ਹੈ ਕਿਉਂਕਿ ਖੇਡਾਂ ਨਾਲ ਜਿੱਥੇ ਸਰੀਰ ਤੰਦਰੁਸਤ ਅਤੇ ਮਜ਼ਬੂਤ ਰਹਿੰਦਾ ਹੈ, ਉੱਥੇ ਹੀ ਖੇਡਾਂ ਰਾਹੀਂ ਖਿਡਾਰੀ ਦਾ ਸਮਾਜ ਵਿਚ ਮਾਣ ਸਨਮਾਨ ਵੀ ਵੱਧਦਾ ਹੈ। ਇਸ ਮੌਕੇ ਡਿਪਟੀ ਡੀ ਈ ਓ ਜਸਵਿੰਦਰ ਸਿੰਘ ਨੇ ਆਖਿਆ ਕਿ ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਪੱਧਰ ਤੇ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਦੇ ਮਕਸਦ ਤਹਿਤ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਵਿੱਚ ਸੈਂਟਰ ਜੇਤੂ ਖਿਡਾਰੀ ਭਾਗ ਲੈਣਗੇ, ਬਲਕਿ ਇਨ੍ਹਾਂ ਖੇਡਾਂ ਦੌਰਾਨ ਇੱਕ ਵੱਖਰੀ ਪਹਿਲ ਕੀਤੀ ਜਾ ਰਹੀ ਹੈ। ਜਿਸ ਦੌਰਾਨ ਸੈਕੰਡਰੀ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ ਤਾਇਨਾਤ ਕੀਤੇ ਗਏ ਹਨ ਜੋ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੀ ਚੋਣ ਕਰਨਗੇ ਅਤੇ ਛੇਵੀਂ ਸੱਤਵੀਂ ਦੀਆਂ ਜਮਾਤਾਂ ਵਿਚ ਜਾਣ 'ਤੇ ਉਨ੍ਹਾਂ ਨੂੰ ਹੋਰ ਮਿਹਨਤ ਕਰਵਾਈ ਜਾਵੇਗੀ ਖੇਡਾਂ ਦੇ ਖੇਤਰ ਵਿੱਚ ਹੋਰ ਮੱਲਾਂ ਮਾਰ ਸਕਣ। ਬੀਪੀਈਓ ਇਤਬਾਰ ਸਿੰਘ ਅਤੇ ਸੈਂਟਰ ਇੰਚਾਰਜ ਰਾਜ ਮਹਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਅੱਜ ਇਨ੍ਹਾਂ ਬਲਾਕ ਪੱਧਰੀ ਖੇਡਾਂ ਦਾ ਰਸਮੀ ਉਦਘਾਟਨ ਕੀਤਾ ਗਿਆ ਹੈ, ਜਦਕਿ 14 ਤੇ 15 ਅਕਤੂਬਰ ਨੂੰ ਵੱਖ ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ।

Story You May Like