The Summer News
×
Friday, 10 May 2024

ਕਨਵ ਨੂੰ 2.1 ਮਿਲੀਅਨ ਡਾਲਰ (17.50 ਕਰੋੜ ਰੁਪਏ) ਦੀ ਲਾਗਤ ਨਾਲ ਦਿੱਤੀ ਗਈ ਜੀਨ ਥੈਰੇਪੀ: ਐਮਪੀ ਅਰੋੜਾ

ਲੁਧਿਆਣਾ, 15 ਜੁਲਾਈ, 2023: ਸੰਸਦ ਮੈਂਬਰ ਸੰਜੀਵ ਅਰੋੜਾ ਦੀ ਅਗਵਾਈ ਹੇਠ ਸ਼ਹਿਰ ਦੀਆਂ ਗੈਰ ਸਰਕਾਰੀ ਸੰਸਥਾਵਾਂ ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ ਅਤੇ ਸਮਵੇਦਨਾ ਟਰੱਸਟ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਮੁਹਿੰਮ "ਲੈਟਸ ਸੇਵ ਕਨਵ - ਹੈਲਪ ਬੀਫੋਰ ਇਟਸ ਟੂ ਲੇਟ" ਦੇ ਆਖਰਕਾਰ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ। ਨਵੀਂ ਦਿੱਲੀ ਦੇ ਰਹਿਣ ਵਾਲੇ ਕਰੀਬ ਡੇਢ ਸਾਲ ਦੇ ਕਨਵ ਦਾ ਨਵੀਂ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਇਲਾਜ ਕੀਤਾ ਗਿਆ ਹੈ।


ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ ਚਲਾ ਰਹੇ ਅਰੋੜਾ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਨਵ ਜਾਂਗੜਾ ਦਾ ਇਲਾਜ ਵੀਰਵਾਰ ਨੂੰ ਡਾ: ਰਤਨਾ ਦੁਆ ਪੁਰੀ (ਸਰ ਗੰਗਾ ਰਾਮ ਹਸਪਤਾਲ) ਵੱਲੋਂ ਕੀਤਾ ਗਿਆ ਸੀ। ਕਨਵ ਨੂੰ ਜ਼ੋਲਗੇਨਸਮਾ ਨਾਮਕ ਜੀਨ ਥੈਰੇਪੀ ਦਿੱਤੀ ਗਈ ਸੀ, ਜਿਸਦੀ ਕੀਮਤ 17.50 ਕਰੋੜ ਰੁਪਏ (2.1 ਮਿਲੀਅਨ ਡਾਲਰ) ਹੈ।


ਅਰੋੜਾ ਨੇ ਅੱਗੇ ਦੱਸਿਆ ਕਿ ਜੀਨ ਥੈਰੇਪੀ ਦਾ ਇੱਕ ਪੈਕ, ਜ਼ੋਲਗੇਨਐਸਐਮਏ (ਮੇਡ ਇਨ ਯੂਐਸਏ) ਇਸ ਸਾਲ ਜੂਨ ਵਿੱਚ ਯੂਕੇ ਦੇ ਡਰਬਿਨ ਪੀਐਲਸੀ (ਯੂਨੀਫਾਰ ਗਰੁੱਪ ਦਾ ਹਿੱਸਾ) ਤੋਂ 21,25,000 ਡਾਲਰ (ਲਗਭਗ 17.50 ਕਰੋੜ ਰੁਪਏ) ਦੀ ਲਾਗਤ ਨਾਲ ਆਯਾਤ ਕੀਤਾ ਗਿਆ ਸੀ। ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਨਵ ਦੁਆਰਾ 25 ਮਈ, 2023 ਨੂੰ ਦਿੱਤੀ ਗਈ ਇੱਕ ਅਰਜ਼ੀ ਦੇ ਬਾਅਦ ਇਸ ਜੀਵਨ ਬਚਾਉਣ ਵਾਲੀ ਦਵਾਈ ਦੇ ਆਯਾਤ 'ਤੇ ਕਸਟਮ ਡਿਊਟੀ ਛੋਟ ਸਰਟੀਫਿਕੇਟ (ਸੀਡੀਈਸੀ) ਪ੍ਰਦਾਨ ਕੀਤਾ ਸੀ। ਅਰੋੜਾ ਨੇ ਦੱਸਿਆ ਕਿ ਇਹ ਤਸਦੀਕ ਕੀਤਾ ਗਿਆ ਸੀ ਕਿ ਕਨਵ ਜਾਂਗੜਾ ਵੱਲੋਂ ਆਪਣੀ ਵਰਤੋਂ ਲਈ ਇਹ ਦਵਾਈ ਦਰਾਮਦ ਕੀਤੀ ਜਾ ਰਹੀ ਹੈ ਅਤੇ ਇਹ ਜੀਵਨ ਬਚਾਉਣ ਵਾਲੀ ਦਵਾਈ ਹੈ ਜਿਸ ਨੂੰ ਕਸਟਮ ਡਿਊਟੀ ਦੀ ਅਦਾਇਗੀ ਤੋਂ ਛੋਟ ਹੈ।


ਅਰੋੜਾ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਅੱਜ ਨਵੀਂ ਦਿੱਲੀ ਵਿਖੇ ਕਨਵ ਅਤੇ ਉਸ ਦੇ ਮਾਤਾ-ਪਿਤਾ ਅਮਿਤ ਅਤੇ ਗਰਿਮਾ ਨਾਲ ਮੁਲਾਕਾਤ ਕੀਤੀ ਅਤੇ ਕਨਵ ਦੀ ਲੰਬੀ ਉਮਰ ਦਾ ਆਸ਼ੀਰਵਾਦ ਦਿੱਤਾ। ਕਨਵ ਦੇ ਮਾਪਿਆਂ ਨੇ ਅਰੋੜਾ ਦੇ ਯਤਨਾਂ ਲਈ ਧੰਨਵਾਦ ਕੀਤਾ। ਸਾਰੇ ਲੋਕਾਂ ਦੀ ਮਦਦ ਨਾਲ ਕਨਵ ਨੂੰ ਕਿਵੇਂ ਬਚਾਇਆ ਗਿਆ ਇਸ ਬਾਰੇ ਚਰਚਾ ਕਰਦੇ ਹੋਏ ਕਨਵ ਦੇ ਪਰਿਵਾਰਕ ਮੈਂਬਰ ਭਾਵੁਕ ਹੋ ਗਏ।


ਅਰੋੜਾ ਨੇ ਦੱਸਿਆ ਕਿ ਕਨਵ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਹਾਲਾਂਕਿ ਕਾਨਵ ਅਗਲੇ ਕੁਝ ਮਹੀਨਿਆਂ ਤੱਕ ਡਾਕਟਰਾਂ ਦੀ ਨਿਗਰਾਨੀ ਹੇਠ ਰਹੇਗਾ।


ਅਰੋੜਾ ਨੇ ਰਾਜ ਸਭਾ ਵਿੱਚ ਆਪਣੀ ਪਾਰਟੀ ਦੇ ਆਗੂ ਸ਼੍ਰੀ ਸੰਜੇ ਸਿੰਘ ਦੀ ਤਾਰੀਫ਼ ਕੀਤੀ, ਜਿਨ੍ਹਾਂ ਨੇ ਅਮਿਤ ਨਾਲ ਉਨ੍ਹਾਂ ਦੀ ਜਾਣ-ਪਛਾਣ ਕਰਵਾਈ। ਉਸ ਤੋਂ ਬਾਅਦ, ਸ਼ਹਿਰ-ਅਧਾਰਤ ਐਨਜੀਓ ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ ਅਤੇ ਸਮਵੇਦਨਾ ਟਰੱਸਟ ਨੇ ਕਨਵ ਦੀ ਜ਼ਿੰਦਗੀ ਬਚਾਉ ਲਈ "ਲੈਟਸ ਸੇਵ ਕਨਵ - ਹੈਲਪ ਬੀਫੋਰ ਇਟਸ ਟੂ ਲੇਟ" ਮੁਹਿੰਮ ਦੀ ਸ਼ੁਰੂਆਤ ਕੀਤੀ। ਇਹ ਮੁਹਿੰਮ ਕਨਵ ਦੀ ਦੁਰਲੱਭ ਜੈਨੇਟਿਕ ਬਿਮਾਰੀ ਐਸਐਮਏ (ਸਪਾਈਨਲ ਮਸਕੂਲਰ ਐਟ੍ਰੋਫੀ) ਟਾਈਪ 1 ਦੇ ਇਲਾਜ ਲਈ ਫੰਡ ਇਕੱਠਾ ਕਰਨ ਵਿੱਚ ਮਦਦ ਕਰਨ ਲਈ ਸ਼ੁਰੂ ਕੀਤੀ ਗਈ ਸੀ। ਇਹ ਇੱਕ ਜੈਨੇਟਿਕ ਬਿਮਾਰੀ ਹੈ ਜੋ ਸਾਡੇ ਸਰੀਰ ਦੀਆਂ ਜ਼ਿਆਦਾਤਰ ਹਰਕਤਾਂ ਨੂੰ ਨਿਯੰਤਰਿਤ ਕਰਨ ਲਈ ਜ਼ਿੰਮੇਵਾਰ ਨਾੜੀਆਂ ਨੂੰ ਨਸ਼ਟ ਕਰ ਦਿੰਦੀ ਹੈ।


ਕਨਵ ਦੇ ਮਾਤਾ-ਪਿਤਾ - ਅਮਿਤ ਅਤੇ ਗਰਿਮਾ, ਇੱਕ ਮੱਧ-ਵਰਗੀ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਮਹਿੰਗੇ ਇਲਾਜ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਸਨ। ਇਸ ਤਰ੍ਹਾਂ, ਸ਼ਹਿਰ-ਅਧਾਰਤ ਗੈਰ-ਸਰਕਾਰੀ ਸੰਗਠਨਾਂ ਨੇ ਲੋਕਾਂ ਨੂੰ ਮਨੁੱਖੀ ਆਧਾਰ 'ਤੇ ਦਾਨ ਦੀ ਅਪੀਲ 'ਤੇ ਵਿਚਾਰ ਕਰਨ ਅਤੇ ਇੱਕ ਕੀਮਤੀ ਜਾਨ ਬਚਾਉਣ ਲਈ ਖੁੱਲ੍ਹੇ ਦਿਲ ਨਾਲ ਦਾਨ ਕਰਨ ਦੀ ਬੇਨਤੀ ਕਰਨ ਲਈ ਸੁਹਿਰਦ ਅਤੇ ਠੋਸ ਯਤਨ ਕੀਤੇ। ਕੀਤਾ ਗਿਆ ਦਾਨ ਸੀਐਸਆਰ ਐਕਟ ਲਈ ਯੋਗ ਸੀ।


ਸੰਸਦ ਮੈਂਬਰ ਰਾਘਵ ਚੱਢਾ, ਹੰਸ ਰਾਜ ਹੰਸ, ਸੰਜੇ ਸਿੰਘ, ਵਿਵੇਕ ਤਨਖਾ, ਸੰਜੀਵ ਅਰੋੜਾ, ਰਾਮਚੰਦਰ ਜਾਂਗੜਾ, ਪ੍ਰਿਯੰਕਾ ਚਤੁਰਵੇਦੀ, ਰਵਨੀਤ ਸਿੰਘ ਬਿੱਟੂ, ਸੰਤ ਬਲਬੀਰ ਸਿੰਘ ਸੀਚੇਵਾਲ, ਪ੍ਰਵੇਸ਼ ਵਰਮਾ, ਅਸ਼ੋਕ ਮਿੱਤਲ ਅਤੇ ਮਨੀਸ਼ ਤਿਵਾੜੀ ਨੇ ਵੀ ਕਨਵ ਦੇ ਹੱਕ ਵਿੱਚ ਸਮਰਥਨ ਕੀਤਾ ਸੀ। ਇਸ ਤੋਂ ਇਲਾਵਾ, ਕਪਿਲ ਸ਼ਰਮਾ, ਸੋਨੂੰ ਸੂਦ, ਫਰਾਹ ਖਾਨ, ਵਿਦਿਆ ਬਾਲਨ, ਚੰਕੀ ਪਾਂਡੇ, ਰਾਜਪਾਲ ਯਾਦਵ, ਵਿਸ਼ਾਲ ਡਡਲਾਨੀ, ਅਲੀ ਅਸਗਰ, ਭਾਰਤੀ ਸਿੰਘ, ਪੰਕਜ ਤ੍ਰਿਪਾਠੀ, ਸ਼ਕਤੀ ਕਪੂਰ ਅਤੇ ਕੀਕੂ ਸ਼ਾਰਦਾ ਸਮੇਤ ਮਸ਼ਹੂਰ ਹਸਤੀਆਂ ਨੇ ਵੀ ਕਨਵ ਦਾ ਸਮਰਥਨ ਕੀਤਾ ਸੀ।


ਅਰੋੜਾ ਨੇ ਕਿਹਾ ਕਿ ਉਹ ਦਵਾਈ ਨੂੰ ਸਸਤੀ ਕੀਮਤ 'ਤੇ ਉਪਲਬਧ ਕਰਵਾਉਣ ਵਿੱਚ ਮਦਦ ਲਈ ਇਹ ਮਾਮਲਾ ਸੰਸਦ ਵਿੱਚ ਉਠਾਉਣ ਜਾ ਰਹੇ ਹਨ। ਨਾਲ ਹੀ, ਖੋਜ ਅਤੇ ਵਿਕਾਸ ਵਿੱਚ ਵਸੀਲੇ ਖਰਚਣ ਦੀ ਬੇਨਤੀ ਕਰਨਗੇ ਤਾਂ ਜੋ ਇਲਾਜ ਕਿਫਾਇਤੀ ਹੋ ਸਕੇ।


ਅਰੋੜਾ ਨੇ ਕਨਵ ਦੀ ਜਾਨ ਬਚਾਉਣ ਵਿੱਚ ਯੋਗਦਾਨ ਪਾਉਣ ਵਾਲੇ ਸਾਰਿਆਂ ਦਾ ਧੰਨਵਾਦ ਕੀਤਾ।

Story You May Like