The Summer News
×
Wednesday, 15 May 2024

ਸਤਵੇਂ ਪੇਅ ਸਕੇਲ ਨੂੰ ਲਾਗੂ ਕਰਨ ਵਾਲਾ ਬਣੇਗਾ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਪੰਜਾਬ ਦਾ ਪਹਿਲਾ ਕਾਲਜ: ਡਾ. ਸ. ਪ. ਸਿੰਘ

ਲੁਧਿਆਣਾ : ਪੰਜਾਬ ਵਿੱਚ ਉਚੇਰੀ ਸਿੱਖਿਆ ਦੇ ਨਾਲ ਜੁੜੇ ਹੋਏ ਅਦਾਰੇ ਜਿਥੇ ਇਕ ਤਰਫ਼ ਆਰਥਿਕ ਸੰਕਟ ਦਾ ਸਾਹਮਣਾ ਕਰਦੇ ਹੋਏ ਸਤਵੇਂ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਤੋਂ ਅਸਮਰਥ ਹਨ, ਉਥੇ ਦੂਜੀ ਤਰਫ਼ ਗੁਜਰਾਂਵਾਲਾ ਖਾਲਸਾ ਐਜੂਕਸ਼ਨ ਕੌਂਸਲ, ਲੁਧਿਆਣਾ ਵਲੋਂ ਇਕ ਇਤਿਹਾਸਕ ਫੈਸਲਾ ਲੈਂਦੇ ਹੋਏ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਦੇ ਟੀਚਿੰਗ ਸਟਾਫ ਨੂੰ ਸਤਵੇਂ ਪੇਅ ਕਮਿਸ਼ਨ ਅਨੁਸਾਰ ਸੋਧੇ ਹੋਏ ਪੇਅ ਸਕੇਲ ਦੇ ਸਾਰੇ ਲਾਭ ਦੇਣ ਦਾ ਫੈਸਲਾ ਕਰਦੇ ਹੋਏ ਸਮੂਹ ਸਟਾਫ਼ ਮੈਂਬਰਾਂ ਦੇ ਹੱਕ ਵਿੱਚ ਮਤਾ ਪਾਸ ਕਰਕੇ ਡੀ.ਪੀ.ਆਈ(ਕਾਲਜ) ਨੂੰ ਅਗਲੇਰੀ ਕਾਰਵਾਈ ਲਈ ਅੱਜ ਸਾਰੇ ਕੇਸ ਭੇਜ ਦਿੱਤੇ ਗਏ ਹਨ। ਇਥੇ ਇਹ ਵਿਸ਼ੇਸ਼ ਤੌਰ ਉੱਪਰ ਜਿਕਰਯੋਗ ਹੈ ਕਿ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਪੰਜਾਬ ਦਾ ਪਹਿਲਾ ਕਾਲਜ ਹੈ ਕਿ ਜਿਥੇ ਸਟਾਫ਼ ਮੈਂਬਰਾਂ ਨੂੰ ਸਤਵੇਂ ਪੇਅ ਕਮਿਸ਼ਨ ਅਨੁਸਾਰ ਸੋਧੇ ਹੋਏ ਪੇਅ ਸਕੇਲ ਦੇ ਵਿੱਤੀ ਲਾਭ ਪ੍ਰਾਪਤ ਹੋਣਗੇ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਜਰਾਂਵਾਲਾ ਖਾਲਸਾ ਐਜੂਕਸ਼ਨ ਕੌਂਸਲ ਦੇ ਪ੍ਰਧਾਨ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਗੁਜਰਾਂਵਾਲਾ ਖਾਲਸਾ ਐਜੂਕਸ਼ਨਲ ਕੌਂਸਲ ਦੇ ਆਨਰੇਰੀ ਜਨਰਲ ਸਕੱਤਰ ਹਰਸ਼ਰਨ ਸਿੰਘ ਨਰੂਲਾ ਨੇ ਦੱਸਿਆ ਕਿ ਗੁਜਰਾਂਵਾਲਾ ਖਾਲਸਾ ਐਜੂਕਸ਼ਨ ਕੌਂਸਲ ਦੀ ਇਹ ਸੁਨਿਹਰੀ ਰਵਾਇਤ ਹੈ ਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਨਵੀਂ ਦਿੱਲੀ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਜਾਰੀ ਨਿਰਦੇਸ਼ਾਂ ਦੀ ਹਮੇਸ਼ਾ ਇੰਨ-ਬਿੰਨ ਪਾਲਣਾ ਕਰਦੇ ਹੋਏ ਸਟਾਫ਼ ਮੈਂਬਰਾਂ ਨੂੰ ਉਹਨਾਂ ਦੇ ਬਣਦੇ ਹੱਕਾਂ ਅਨੁਸਾਰ ਵਿੱਤੀ ਲਾਭ ਮੁਹੁੱਈਆ ਕਰਵਾਏ ਜਾਂਦੇ ਹਨ। ਉਹਨਾਂ ਕਿਹਾ ਕਿ ਕਰੋਨਾ ਕਾਲ ਦੇ ਆਰੰਭ ਵਿੱਚ ਵੀ ਜਿਥੇ ਸਾਰੀਆਂ ਵਿਦਿਅਕ ਸੰਸਥਾਵਾਂ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀਆਂ ਸਨ, ਉਸ ਸਮੇਂ ਵੀ ਗੁਜਰਾਂਵਾਲਾ ਖਾਲਸਾ ਐਜੂਕਸ਼ਨ ਕੌਂਸਲ ਵਲੋਂ ਸਮੂਹ ਸਟਾਫ ਨੂੰ ਤਨਖਾਹਾਂ ਦਾ ਭੁਗਤਾਨ ਬਿਨਾਂ ਕਿਸੇ ਕਟੌਤੀ ਦੇ ਨਿਰੰਤਰ ਕੀਤਾ ਜਾਂਦਾ ਰਿਹਾ ਹੈ। 


ਇਸ ਮੌਕੇ ਉੱਪਰ ਕਾਲਜ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਕਿਹਾ ਕਿ ਡਾ. ਸ. ਪ. ਸਿੰਘ ਅਤੇ ਸ. ਹਰਸ਼ਰਨ ਸਿੰਘ ਨਰੂਲਾ ਦੀ ਅਗਵਾਈ ਹੇਠ ਗੁਜਰਾਂਵਾਲਾ ਖਾਲਸਾ ਐਜੂਕਸ਼ਨ ਕੌਂਸਲ ਜਿਥੇ ਇਕ ਤਰਫ਼ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ, ਉਥੇ ਦੂਜੀ ਤਰਫ਼ ਕਾਲਜ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਕੰਮ ਕਰ ਰਹੇ ਸਟਾਫ਼ ਮੈਂਬਰਾਂ ਦੀ ਵਿੱਤੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੀ ਨਿੰਰਤਰ ਯਤਨਸ਼ੀਲ ਹੈ। ਕਾਲਜ ਪ੍ਰਬੰਧਕ ਕਮੇਟੀ ਵਲੋਂ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਦੇ ਬਹੁਪੱਖੀ ਵਿਕਾਸ ਲਈ ਅਨੇਕਾਂ ਮਹੱਤਵਪੁਰਨ ਯੋਜਨਾਵਾਂ ਉਲੀਕੀਆਂ ਗਈਆਂ ਹਨ ਅਤੇ ਉਹਨਾਂ ਯੋਜਨਾਵਾਂ ਨੂੰ ਸਫਲਤਾ ਪੂਰਵਕ ਲਾਗੂ ਵੀ ਕੀਤਾ ਗਿਆ ਹੈ।


ਇਸ ਮੌਕੇ ਉੱਪਰ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਕਾਲਜ ਯੂਨਿਟ ਦੇ ਪ੍ਰਧਾਨ ਮਨਜੀਤ ਸਿੰਘ ਬਟਾਲਵੀ, ਸਕੱਤਰ ਡਾ. ਭੁਪਿੰਦਰ ਕੌਰ ਅਤੇ ਟੀਚਿੰਗ ਯੂਨੀਅਨ ਦੇ ਸਮੂਹ ਮੈਂਬਰਾਂ ਵਲੋਂ ਧੰਨਵਾਦ ਪ੍ਰਸਤਾਵ ਪਾਸ ਕੀਤਾ ਗਿਆ । ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਦੇ ਟੀਚਿੰਗ ਯੂਨੀਅਨ ਦੇ ਮੈਂਬਰਾਂ ਵਲੋਂ ਕਾਲਜ ਪ੍ਰਬੰਧਕ ਕਮੇਟੀ ਤੇ ਕਾਲਜ ਪ੍ਰਿੰਸੀਪਲ ਦੀ ਸ਼ਲਾਘਾ ਕਰਦਿਆਂ ਗੁਜਰਾਂਵਾਲਾ ਖਾਲਸਾ ਐਜੂਕਸ਼ਨਲ ਕੌਂਸਲ ਦੇ ਵਲੋਂ ਲਏ ਗਏ ਫੈਸਲੇ ਦਾ ਸਵਾਗਤ ਕਰਦੇ ਹੋਏ ਧੰਨਵਾਦ ਪ੍ਰਗਟ ਕੀਤਾ ਅਤੇ ਇਹ ਆਸ ਪ੍ਰਗਟਾਈ ਕਿ ਕਾਲਜ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਸਮੂਹ ਸਟਾਫ਼ ਹਮੇਸ਼ਾ ਦੀ ਤਰ੍ਹਾਂ ਕਾਲਜ ਦੇ ਵਿਕਾਸ ਲਈ ਕੋਸ਼ਿਸ਼ ਕਰਦਾ ਰਹੇਗਾ।


ਇਸ ਅਵਸਰ ਉਤੇ ਪ੍ਰੋਫੈਸਰ ਸ਼ਰਨਜੀਤ ਕੌਰ, ਡਾ. ਦਲੀਪ ਸਿੰਘ ਅਤੇ ਡਾ. ਹਰਪ੍ਰੀਤ ਸਿੰਘ ਦੁਆ ਨੇ ਡਾ. ਸ. ਪ. ਸਿੰਘ, ਹਰਸ਼ਰਨ ਸਿੰਘ ਨਰੂਲਾ ਅਤੇ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਵਲੋਂ ਲਏ ਗਏ ਇਸ ਸਾਕਾਰਾਤਮਕ ਤੇ ਇਤਿਹਾਸਕ ਫੈਸਲੇ ਦੀ ਭਰਭੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਗੁਜਰਾਂਵਾਲਾ ਖਾਲਸਾ ਐਜੂਕਸ਼ਨਲ ਕੌਂਸਲ ਵਲੋਂ ਦੇ ਇਸ ਫੈਸਲੇ ਤੋਂ ਪ੍ਰੇਰਿਤ ਹੋ ਕੇ ਨੇੜਲੇ ਭਵਿੱਖ ਵਿੱਚ ਪੰਜਾਬ ਦੇ ਵੱਖ-ਵੱਖ ਕਾਲਜਾਂ ਦੀਆਂ ਪ੍ਰਬੰਧਕ ਕਮੇਟੀਆਂ ਆਪਣੇ ਸਟਾਫ ਮੈਂਬਰਾਂ ਨੂੰ ਸਤਵੇਂ ਪੇਅ ਕਮਿਸ਼ਨ ਅਨੁਸਾਰ ਸੋਧੇ ਹੋਏ ਪੇਅ ਸਕੇਲ ਦੇ ਲਾਭ ਦੇਣਾ ਸੁਨਿਸ਼ਚਿਤ ਕਰਨਗੀਆਂ।

Story You May Like