The Summer News
×
Sunday, 19 May 2024

ਸਿਹਤ ਟੀਮਾਂ ਵੱਲੋਂ ਖ਼ੁਸ਼ਕ ਦਿਵਸ ਮੌਕੇ 13530 ਘਰਾਂ/ਥਾਂਵਾਂ ’ਚ ਪਾਣੀ ਦੇ ਖੜੇ ਸਰੋਤਾਂ ਦੀ ਕੀਤੀ ਚੈਕਿੰਗ

ਪਟਿਆਲਾ 26 ਮਈ : ਡੇਂਗੂ ਬਿਮਾਰੀ ਦੀ ਰੋਕਥਾਮ ਲਈ ਚਲਾਏ ਜਾ ਰਹੇ ਹਰੇਕ ਹਫ਼ਤੇ ਫਰਾਈਡੇ-ਡਰਾਈਡੇ ਅਭਿਆਨ ਤਹਿਤ ਸਿਵਲ ਸਰਜਨ ਡਾ. ਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸ਼ਹਿਰ ਦੀਆਂ ਵੱਖ ਵੱਖ ਕਲੋਨੀਆਂ/ ਗਲੀਆਂ/ਮੁਹੱਲਿਆਂ ਹੀਰਾਬਾਗ, ਤੱਫਜਲਪੁਰਾ, ਰਾਘੋਮਾਜਰਾ, ਮਾਡਲ ਟਾਊਨ, ਸੁਖਰਾਮ ਕਲੋਨੀ ਆਦਿ ਵਿੱਚ ਡੇਂਗੂ ਲਾਰਵੇ ਦੀ ਜਾਂਚ ਲਈ ਪਾਣੀ ਦੇ ਖੜੇ ਸਰੋਤਾਂ ਦੀ ਚੈਕਿੰਗ ਕੀਤੀ। ਇਹਨਾਂ ਟੀਮਾਂ ਦੀ ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਵੱਲੋਂ ਫ਼ੀਲਡ ਵਿੱਚ ਜਾ ਕੇ ਨਿਰੀਖਣ ਕੀਤਾ।


ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਦੱਸਿਆ ਕਿ ਅੱਜ ਮੁਹਿੰਮ ਅਧੀਨ ਸਿਹਤ ਟੀਮਾਂ ਵੱਲੋਂ ਜ਼ਿਲ੍ਹੇ ਦੇ 13530 ਘਰਾਂ ਵਿਚ ਪਹੁੰਚ ਕੇ ਡੇਂਗੂ ਲਾਰਵੇ ਦੀ ਚੈਕਿੰਗ ਕੀਤੀ ਗਈ ਅਤੇ 114 ਥਾਂਵਾਂ ਤੇ ਲਾਰਵਾ ਮਿਲਿਆ। ਜਿਸ ਨੂੰ ਟੀਮਾਂ ਵੱਲੋਂ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਉਹਨਾਂ ਕਿਹਾ ਕਿ ਬੀਤੇ ਦੋ ਦਿਨਾਂ ਤੋਂ ਰੁਕ ਰੁਕ ਕੇ ਹੋ ਰਹੀ ਬਾਰਸ਼ ਕਾਰਨ ਨੀਵੇਂ ਥਾਂਵਾਂ ਅਤੇ ਘਰਾਂ ਵਿੱਚ ਪਏ ਟੁੱਟੇ ਫ਼ੁੱਟੇ ਬਰਤਨਾਂ ਵਿੱਚ ਪਾਣੀ ਇਕੱਠਾ ਹੋਣ ਦੀਆਂ ਸੰਭਾਵਨਾ ਹਨ ਅਤੇ ਹਵਾ ਵਿੱਚ ਨਮੀ ਹੋਣ ਕਾਰਨ ਮੱਛਰਾਂ ਦੀ ਪੈਦਾਇਸ਼ ਲਈ ਅਨੁਕੂਲ ਵਾਤਾਵਰਣ ਹੈ।ਇਸ ਲਈ ਪਾਣੀ ਦੀ ਖੜੋਤ ਨੂੰ ਖ਼ਤਮ ਕਰਨਾ ਯਕੀਨੀ ਬਣਾਇਆ ਜਾਵੇ।          


ਜ਼ਿਲ੍ਹਾ ਐਪੀਡੋਲੋਜਿਸਟ ਡਾ. ਸੁਮੀਤ ਸਿੰਘ ਨੇ ਕਿਹਾ ਕਿ ਸੀਜ਼ਨ ਦੌਰਾਨ ਕੂਲਰਾਂ ਨੂੰ ਵਰਤੋਂ ਵਿੱਚ ਲਿਆਉਣ ਤੋਂ ਪਹਿਲਾਂ ਉਹਨਾਂ ਵਿੱਚ ਪਿਆ ਪੁਰਾਣਾ ਫੂਸ ਕੱਢ ਕੇ ਸਾੜ ਦਿੱਤਾ ਜਾਵੇ ਅਤੇ ਨਵਾਂ ਫੂਸ ਵਰਤਿਆ ਜਾਵੇ। ਉਹਨਾਂ ਕਿਹਾ ਕਿ ਡੇਂਗੂ ਕਿ ਇੱਕ ਵਾਇਰਲ ਬੁਖ਼ਾਰ ਹੈ ਜੋ ਕਿ ਏਡੀਜ ਮੱਛਰ ਦੇ ਦਿਨ ਵੇਲੇ ਕੱਟਣ ਤੇ ਫੈਲਦਾ ਹੈ ਅਤੇ ਇਹ ਮੱਛਰ ਸਾਫ਼ ਖੜੇ ਪਾਣੀ ਵਿਚ ਪੈਦਾ ਹੁੰਦਾ ਹੈ। ਉਹਨਾਂ ਲੋਕਾਂ ਨੂੰ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਆਪਣੇ ਘਰਾਂ ਦੀਆਂ ਛੱਤਾਂ ਜਾਂ ਵਿਹੜੇ ਵਿੱਚ ਪਏ ਟੁੱਟੇ-ਫੁੱਟੇ ਬਰਤਨਾਂ ਨੂੰ ਮੂਧਾ ਮਾਰਨ ਜਾਂ ਨਸ਼ਟ ਕਰਨ, ਗਮਲਿਆਂ, ਕੂਲਰਾਂ,ਫ਼ਰਿਜ ਦੀਆਂ ਟਰੇਆਂ ਨੂੰ ਸਾਫ਼ ਕਰਨਾ ਯਕੀਨੀ ਬਣਾਉਣ ਅਤੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਾਉਣ ਦੀ ਅਪੀਲ ਕੀਤੀ।ਮੱਛਰਾਂ ਦੇ ਕੱਟਣ ਤੋਂ ਬਚਾਅ ਲਈ ਮੱਛਰ ਭਜਾਓ ਕਰੀਮ ਜਾਂ ਮੱਛਰਦਾਨੀ ਦੀ ਵਰਤੋਂ ਕੀਤੀ ਜਾਵੇ।ਉਹਨਾਂ ਕਿਹਾ ਕਿ ਕਿਸੇ ਵੀ ਕਿਸਮ ਦਾ ਬੁਖ਼ਾਰ ਹੋਣ ਤੇ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ। ਡੇਂਗੂ ਬੁਖ਼ਾਰ ਦੀ ਜਾਂਚ ਅਤੇ ਇਲਾਜ  ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਕੀਤਾ ਜਾਂਦਾ ਹੈ।

Story You May Like