The Summer News
×
Tuesday, 14 May 2024

ਆਬਕਾਰੀ ਵਿਭਾਗ ਵੱਲੋਂ 2 ਕਾਰਾਂ ‘ਚੋਂ ਜੌਨੀ ਵਾਕਰ ਰੈੱਡ ਲੇਬਲ ਵਿਸਕੀ ਦੀਆਂ 20 ਪੇਟੀਆਂ ਬ੍ਰਾਮਦ, ਦੋ ਕਾਬੂ

ਲੁਧਿਆਣਾ, 28 ਜੁਲਾਈ : ਸ਼ਾਲਿਨ ਆਹਲੂਵਾਲੀਆ ਡੀ.ਸੀ. ਆਬਕਾਰੀ ਪਟਿਆਲਾ ਜ਼ੋਨ ਦੀ ਸਿੱਧੀ ਨਿਗਰਾਨੀ ਹੇਠ ਲੁਧਿਆਣਾ ਐਕਸਾਈਜ਼ ਟੀਮ ਵੱਲੋਂ ਸ਼ਰਾਬ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕੀਤਾ ਗਿਆ। ਸੁਨੀਤਾ ਜਗਪਾਲ ਏ.ਸੀ. ਆਬਕਾਰੀ ਲੁਧਿਆਣਾ ਪੂਰਬੀ ਦੀ ਅਗਵਾਈ ਵਾਲੀ ਟੀਮ ਜਿਸ ਵਿੱਚ ਮਨਪ੍ਰੀਤ ਸਿੰਘ ਈ.ਓ. ਲੁਧਿਆਣਾ ਪੂਰਬੀ ਅਤੇ ਆਬਕਾਰੀ ਇੰਸਪੈਕਟਰ ਅਤੇ ਸਟਾਫ਼ ਨੇ ਭਾਰਤ ਨਗਰ ਚੌਂਕ ਵਿਖੇ 2 ਕਾਰਾਂ ਵਿੱਚੋਂ ਜੌਨੀ ਵਾਕਰ ਰੈੱਡ ਲੇਬਲ ਦੀਆਂ 20 ਪੇਟੀਆਂ ਬਰਾਮਦ ਕਰਕੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਸੀ. ਆਬਕਾਰੀ ਪਟਿਆਲਾ ਜ਼ੋਨ ਸ਼ਾਲੀਨ ਆਹਲੂਵਾਲੀਆ ਨੇ ਦੱਸਿਆ ਕਿ ਸਕਾਚ ਵਿਸਕੀ ਅਤੇ ਪ੍ਰੀਮੀਅਮ ਡੀਲਕਸ ਮਾਰਕਾ ਸ਼ਰਾਬ ਦੀ ਤਸਕਰੀ ਕਰਨ ਵਾਲੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਗੁਪਤ ਸੂਚਨਾ ਦੇ ਆਧਾਰ ‘ਤੇ ਸਥਾਨਕ ਭਾਰਤ ਨਗਰ ਚੌਕ ਵਿਖੇ ਚੈਕਿੰਗ ਪੁਆਇੰਟ ਲਗਾਇਆ ਗਿਆ।


ਉਨ੍ਹਾਂ ਦੱਸਿਆ ਕਿ ਆਬਕਾਰੀ ਟੀਮ ਨੇ ਕਾਰਾਂ ਨੂੰ ਰੋਕ ਕੇ ਇਨ੍ਹਾਂ ਕਾਰਾਂ ‘ਚੋਂ ਜੌਨੀ ਵਾਕਰ ਰੈੱਡ ਲੇਬਲ ਵਿਸਕੀ ਦੀਆਂ 20 ਪੇਟੀਆਂ ਜ਼ਬਤ ਕਰਕੇ ਲੁਧਿਆਣਾ ਦੇ ਵਿਨੀਤ ਕੁਮਾਰ ਅਤੇ ਚੰਡੀਗੜ੍ਹ ਦੇ ਤਨਵੀਰ ਸਿੰਘ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵਿੱਚੋਂ ਇੱਕ ਚੰਡੀਗੜ੍ਹ ਵਾਸੀ ਪ੍ਰਿੰਸ ਕੁਕਰੇਜਾ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਦੋਵਾਂ ਮੁਲਜ਼ਮਾਂ ਨੂੰ ਥਾਣਾ ਡਵੀਜ਼ਨ ਨੰਬਰ 5 ਲੁਧਿਆਣਾ ਲਿਜਾਇਆ ਗਿਆ ਅਤੇ ਉਨ੍ਹਾਂ ਖ਼ਿਲਾਫ਼ ਐਫ.ਆਈ.ਆਰ. ਦਰਜ਼ ਕੀਤੀ ਗਈ।


ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਪੰਜਾਬ ਵਿੱਚ ਮਹਿੰਗੀ ਸਕਾਚ ਵਿਸਕੀ ਦੀ ਤਸਕਰੀ ਕਰਨ ਵਾਲੇ ਵੱਡੇ ਰੈਕੇਟ ਦਾ ਹਿੱਸਾ ਹਨ ਅਤੇ ਟੀਮਾਂ ਸ਼ਰਾਬ ਦੇ ਸਰੋਤ ਦਾ ਪਤਾ ਲਗਾਉਣ ਲਈ ਕੰਮ ਕਰ ਰਹੀਆਂ ਸਨ।


ਸ਼ਾਲੀਨ ਆਹਲੂਵਾਲੀਆ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਨਜਾਇਜ਼ ਸ਼ਰਾਬ ਵਿਰੁੱਧ ਸ਼ਿਕੰਜਾ ਹੋਰ ਤੇਜ਼ ਕੀਤਾ ਜਾਵੇਗਾ ਅਤੇ ਇਸ ਵਿੱਚ ਸ਼ਾਮਲ ਪਾਏ ਜਾਣ ਵਾਲੇ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ 83 ਜਾਅਲੀ ਹੋਲੋਗ੍ਰਾਮ ਆਬਕਾਰੀ ਲੇਬਲ ਵੀ ਜ਼ਬਤ ਕੀਤੇ ਗਏ ਹਨ।


Story You May Like