The Summer News
×
Tuesday, 21 May 2024

ਪੰਜਾਬੀ ਫਿਲਮ ਅਦਾਕਾਰਾ ਦਲਜੀਤ ਕੌਰ ਦਾ ਵਿਛੋੜਾ

ਪੰਜਾਬੀ ਫਿਲਮਾਂ ਦੀ ਹੇਮਾ ਮਾਲਿਨੀ ਵਜੋਂ ਜਾਣੀ ਜਾਂਦੀ ਅਦਾਕਾਰਾ ਦਲਜੀਤ ਕੌਰ ਦੀ ਮੌਤ ਦੀ ਖ਼ਬਰ ਨਾਲ ਪਾਲੀਵੁੱਡ ਤੇ ਬਾਲੀਵੁੱਡ ਵਿੱਚ ਸੋਗ ਦੀ ਲਹਿਰ ਹੈ। ਪਿਛਲੇ ਕ‍ਈ ਸਾਲਾਂ ਤੋਂ ਡਮੈਂਸ਼ੀਆ ਰੋਗ ਤੋਂ ਪੀੜਤ ਦਲਜੀਤ ਕੌਰ ਭਾਵੇਂ ਹੁਣ ਫਿਲਮ ਸਨਅਤ ਦੀਆਂ ਸਰਗਰਮੀਆਂ ਤੋਂ ਬੇਖਬਰ ਸੀ ਪਰ ਆਪਣੇ ਕੈਰੀਅਰ ਦੌਰਾਨ ਉਸਨੂੰ ਪੰਜਾਬੀ ਫ਼ਿਲਮਾਂ ਦੀ ਕੁਈਨ ਵਜੋਂ ਜਾਣਿਆ ਜਾਂਦਾ ਰਿਹ‍ਾ। ਉਸਨੇ 100 ਤੋਂ ਵੱਧ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ। ਇਸ ਤੋਂ ਇਲਾਵਾ, ਉਸਨੇ ਦਸ ਬਾਲੀਵੁੱਡ ਫਿਲਮਾਂ ਵਿੱਚ ਵੀ ਚੰਗੀਆਂ ਭੂਮਿਕਾਵਾਂ ਨਿਭਾਈਆਂ ਹਨ।


ਦਲਜੀਤ ਕੌਰ ਦਾ ਜਨਮ ਪੱਛਮੀ ਬੰਗਾਲ ਦੇ ਸਿਲੀਗੁੜੀ ਵਿੱਚ ਹੋਇਆ ਸੀ। ਪਰ ਉਸਦਾ ਪਰਿਵਾਰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਸੁਧਾਰ ਦੇ ਨੇੜੇ ਪਿੰਡ ਐਤੀਆਣਾ ਵਿੱਚ ਰਹਿੰਦਾ ਸੀ। ਦਲਜੀਤ ਕੌਰ ਨੇ ਦਾਰਜੀਲਿੰਗ ਦੇ ਕਾਨਵੈਂਟ ਤੋਂ ਸਕੂਲ ਦੀ ਪੜ੍ਹਾਈ ਪੂਰੀ ਕੀਤੀ। ਪੜ੍ਹਾਈ ਦੌਰਾਨ ਦਲਜੀਤ ਕੌਰ ਦਾ ਰੁਝਾਨ ਖੇਡਾਂ ਅਤੇ ਐਕਟਿੰਗ ਵੱਲ ਸੀ ਅਤੇ ਉਹ ਇਹਨਾਂ ਵਿੱਚੋਂ ਹੀ ਕਿਸੇ ਖੇਤਰ ਵਿੱਚ ਆਪਣਾ ਕੈਰੀਅਰ ਬਨਾਉਣਾ ਚਾਹੁੰਦੀ ਸੀ। ਦਲਜੀਤ ਕੌਰ ਦੇ ਪਿਤਾ ਚਾਹੁੰਦੇ ਸਨ ਕਿ ਦਲਜੀਤ ਡਾਕਟਰ ਬਣੇ। ਪਰ ਦਲਜੀਤ ਕੌਰ ਨੇ ਮੈਡੀਕਲ ਦੀ ਲਾਈਨ ਨਹੀਂ ਚੁਣੀ, ਕਿਉਂਕਿ ਉਹ ਇੱਕ ਸਫਲ ਅਭਿਨੇਤਰੀ ਬਣਨਾ ਚਾਹੁੰਦੀ ਸੀ। ਇਸਲਈ ਦਿੱਲੀ ਦੇ ਸ਼੍ਰੀਰਾਮ ਕਾਲਜ ਤੋਂ ਗਰੈਜੂਏਸ਼ਨ ਕਰਨ ਮਗਰੋਂ ਆਪਣੇ ਐਕਟਿੰਗ ਦੇ ਸ਼ੌਕ ਨੂੰ ਕੈਰੀਅਰ ਵਿੱਚ ਬਦਲਣ ਲਈ ਪੂਨਾ ਫਿਲਮ ਇੰਸਟਿਟਿਊਟ ਵਿੱਚ ਦਾਖਲਾ ਲਿਆ। ਪੂਨਾ ਇੰਸਟਿਟਿਊਟ ਵਿੱਚ ਕੋਰਸ ਦੌਰਾਨ ਦਲਜੀਤ ਨੇ ਕਈ ਸ਼ਾਰਟ ਫਿਲਮਾਂ ਵਿੱਚ ਭੂਮਿਕਾਵਾਂ ਕਰਕੇ ਆਪਣੀ ਅਦਾਕਾਰੀ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਅਤੇ ਉਸਨੂੰ ਬਾਲੀਵੁੱਡ ਤੋਂ ਕਈ ਆਫ਼ਰ ਵੀ ਮਿਲੇ। ਪਰ ਇੱਤਫਾਕ ਇਹ ਬਣਿਆ ਕਿ ਬਤੋਰ ਅਭਿਨੇਤਰੀ ਉਸਨੇ ਪੰਜਾਬੀ ਫਿਲਮ ਉਦਯੋਗ ਵਿੱਚ ਪ੍ਰਵੇਸ਼ ਕਰਨ ਵਾਲੇ ਪੰਜਾਬੀ ਦੇ ਮਹਾਨ ਗੀਤਕਾਰ ਇੰਦਰਜੀਤ ਹਸਨਪੁਰੀ ਦੀ ਫਿਲਮ 'ਦਾਜ' ਵਿੱਚ ਡੈਬਿਊ ਕੀਤਾ ਅਤੇ ਫਿਰ ਪੰਜਾਬੀ ਸਿਨੇਮਾ ਦਾ ਇੱਕ ਜ਼ਰੂਰੀ ਹਿੱਸਾ ਬਣ ਗਈ।
'ਪੁੱਤ ਜੱਟਾਂ ਦੇ', 'ਸੈਦਾਂ ਜੋਗਣ', 'ਪਟੋਲਾ', 'ਜੀ ਆਇਆਂ ਨੂੰ' ਜਿਹੀਆਂ ਸੌ ਦੇ ਕਰੀਬ ਫਿਲਮਾਂ ਵਿੱਚ ਕੰਮ ਕੀਤਾ। ਬਾਲੀਵੁੱਡ ਦੀਆਂ ਦਰਜਨ ਦੇ ਕਰੀਬ ਫਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦੇ ਜੌਹਰ ਵਿਖਾਏ।
ਪਰ ਪਤੀ ਸ: ਹਰਮਿੰਦਰ ਸਿੰਘ ਦਿਓਲ ਦੇ ਦੇਹਾਂਤ ਤੋਂ ਬਾਅਦ ਦਲਜੀਤ ਕੌਰ ਸਦਮੇ ਵਿੱਚ ਚਲੀ ਗਈ ਤੇ ਫਿਲਮਾਂ ਤੋਂ ਦੂਰੀ ਬਣਾ ਲਈ। ਉਸਦੇ ਦੇਹਾਂਤ ਦੀ ਖ਼ਬਰ ਨੇ ਸਿਨੇ ਪ੍ਰੇਮੀਆਂ, ਖਾਸਕਰ ਪੰਜਾਬੀ ਸਿਨੇਮਾ ਦੇ ਦਰਸ਼ਕਾਂ ਨੂੰ ਉਦਾਸ ਕਰ ਦਿੱਤਾ ਹੈ। 


- ਅਸ਼ਵਨੀ ਜੇਤਲੀ                                                                       

Story You May Like