The Summer News
×
Wednesday, 15 May 2024

ਸੁਲਤਾਨਪੁਰ ਲੋਧੀ ਨੂੰ ਧਾਰਮਿਕ ਟੂਰਜ਼ਿਮ ਸਿਟੀ ਵਜੋਂ ਕੀਤਾ ਜਾਵੇ ਵਿਕਸਿਤ : ਸੰਤ ਸੀਚੇਵਾਲ

ਸੁਲਤਨਾਪੁਰ ਲੋਧੀ : ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ ਨਾਲ ਗੱਲਬਾਤ ਕਰਦਿਆ ਮੰਗ ਕੀਤੀ ਕਿ ਸੁਲਤਾਨਪੁਰ ਲੋਧੀ ਨੂੰ ਧਾਰਮਿਕ ਟੂਰਜ਼ਿਮ ਸਿਟੀ ਵਜੋਂ ਵਿਕਸਿਤ ਕੀਤਾ ਜਾਵੇ। ਇਸ ਮੌਕੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ‘ਚ ਨਤਮਸਤਕ ਹੋਣ ਲਈ ਆਏ ਸਕੱਤਰ ਅਜੋਏ ਸ਼ਰਮਾ ਦੇ ਨਾਲ ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਈਸ਼ਾ ਕਾਲੀਆ, ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ, ਐਸ.ਡੀ.ਐਮ ਚੰਦਰਾਜੋਯਤੀ ਸਿੰਘ ਤੇ ਤਹਿਸੀਲਦਾਰ ਹਰਲੀਨ ਕੌਰ ਵੀ ਹਾਜ਼ਰ ਸੀ।


ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸਮਾਰਟ ਸਿਟੀ ਐਲਾਨੇ ਸੁਲਤਾਨਪੁਰ ਲੋਧੀ ਨੂੰ ਦੇਸ਼ ਵਿੱਚ ਮਾਡਲ ਸਿਟੀ ਵਜੋਂ ਬਣਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਵੇਈਂ ਦੇ ਰਹਿੰਦੇ ਕਿਨਾਰਿਆ ਤੇ ਪੱਥਰ ਲਗਾਇਆ ਜਾਵੇ। ਉਹਨਾਂ ਕਿਹਾ ਕਿ 550 ਸਾਲਾਂ ਤੋਂ ਪਹਿਲਾਂ ਪਵਿੱਤਰ ਵੇਈਂ ਚਾਰੇ ਪਾਸੇ ਲਾਇਟਾਂ ਦਾ ਪੂਰਾ ਪ੍ਰਬੰਧ ਸੀ ਤੇ ਸਾਰੀਆਂ ਲਾਇਟਾਂ ਪੂਰੀਆਂ ਤਰ੍ਹਾਂ ਨਾਲ ਚੱਲਦੀਆਂ ਸੀ, ਰਾਤ ਵੇਲੇ ਪਵਿੱਤਰ ਵੇਈਂ ਦਾ ਨਜ਼ਾਰਾ ਅਦਭੁੱਤ ਹੁੰਦਾ ਸੀ। ਪਰ 550 ਸਾਲਾਂ ਦੌਰਾਨ ਸਰਕਾਰੀ ਤੌਰ ਤੇ ਕੀਤੇ ਪ੍ਰਬੰਧਾਂ ਨੇ ਜਿੱਥੇ ਇਸਦੇ ਸਾਰੇ ਢਾਂਚੇ ਨੂੰ ਖਰਾਬ ਕਰ ਦਿੱਤਾ ਹੈ ਉਥੇ ਹੀ ਇਸਦੇ ਕਿਨਾਰਿਆਂ ਤੇ ਲਾਇਟਾਂ ਤੇ ਹੋਰ ਸਾਰੇ ਪ੍ਰਬੰਧ ਅਸਤ ਵਿਅਸਤ ਕਰ ਦਿੱਤੇ ਹਨ। ਸੰਤ ਸੀਚੇਵਾਲ ਨੇ ਇਹ ਮੰਗ ਵੀ ਉਠਾਈ ਕਿ ਪੰਜਾਬ ਦੇ ਟਰੀਟਮੈਂਟ ਪਲਾਟਾਂ ਨੂੰ ਉੱਦੋਂ ਹੀ ਬਚਾਇਆ ਜਾ ਸਕਦਾ ਹੈ ਜਦੋਂ ਸ਼ਹਿਰਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ 135 ਲੀਟਰ ਦੇ ਹਿਸਾਬ ਨਾਲ ਕੀਤੀ ਜਾਵੇਗੀ।


ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਦੱਸਿਆ ਕਿ ਉਹ ਇੱਥੋਂ ਆਉਣ ਤੋਂ ਪਹਿਲਾਂ ਅਧਿਕਾਰੀਆਂ ਨਾਲ ਸੁਲਤਾਨਪੁਰ ਲੋਧੀ ਦੇ ਵਿਕਾਸ ਕਾਰਜਾਂ ਸੰਬੰਧੀ ਪਹਿਲਾਂ ਹੀ ਮੀਟਿੰਗ ਕਰਕੇ ਆਏ ਹਨ। ਉਹਨਾਂ ਸੰਤ ਸੀਚੇਵਾਲ ਨੂੰ ਭੋਰਸਾ ਦਿੰਦਿਆ ਕਿਹਾ ਕਿ ਪਵਿੱਤਰ ਕਾਲੀ ਵੇਈਂ ਨੂੰ ਸਮਾਰਟ ਸਿਟੀ ਦਾ ਹਿੱਸਾ ਬਣਾ ਕੇ ਇਸਦੇ ਰਹਿੰਦੇ ਕਾਰਜ ਪੂਰੇ ਕੀਤੇ ਜਾਣਗੇ। ਉਹਨਾਂ ਸੰਤ ਸੀਚੇਵਾਲ ਨੂੰ ਵੀ ਅਪੀਲ ਕੀਤੀ ਕਿ ਉਹ ਪਵਿੱਤਰ ਕਾਲੀ ਵੇਈਂ ਵਾਂਗ ਲੁਧਿਆਣੇ ਦੇ ਦੂਸ਼ਿਤ ਬੁੱਢੇ ਦਰਿਆ ਨੂੰ ਸਾਫ ਕਰਨ ਵਿੱਚ ਮਦੱਦ ਕਰਨ। ਉਪਰੰਤ ਸੰਤ ਸੀਚੇਵਾਲ ਵੱਲੋਂ ਅਜੋਏ ਸ਼ਰਮਾ ਤੇ ਉਹਨਾਂ ਦੇ ਨਾਲ ਆਏ ਅਧਿਕਾਰੀਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੁਰਜੀਤ ਸਿੰਘ ਸੰਟੀ, ਅੰਮ੍ਰਿਤਪਾਲ ਸਿੰਘ, ਦਇਆ ਸਿੰਘ ਆਦਿ ਹਾਜ਼ਰ ਸਨ।

Story You May Like