The Summer News
×
Sunday, 12 May 2024

ਲੁਧਿਆਣਾ ‘ਚ ਪਸ਼ੂਆਂ ਦੇ ਚਮੜੀ ਰੋਗ ਦੀ ਜਾਂਚ ਲਈ 81 ਟੀਮਾਂ ਦਾ ਗਠਨ

ਲੁਧਿਆਣਾ, 08 ਅਗਸਤ (ਸਿਮਰਨ ) – ਪਸ਼ੂਆਂ ਵਿੱਚ ਛੂਤ ਵਾਲੀ ਚਮੜੀ ਦੀ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੁਧਿਆਣਾ ਵਿੱਚ ਪਸ਼ੂਆਂ ਦੇ ਮਾਹਿਰ ਡਾਕਟਰਾਂ ਦੀਆਂ 81 ਟੀਮਾਂ ਦਾ ਗਠਨ ਕੀਤਾ ਗਿਆ ਹੈ।


ਜ਼ਿਲ੍ਹੇ ਵਿੱਚ ਹੁਣ ਤੱਕ 3640 ਪਸ਼ੂ ਚਮੜੀ ਦੀ ਬਿਮਾਰੀ ਤੋਂ ਪ੍ਰਭਾਵਿਤ ਪਾਏ ਗਏ ਹਨ ਅਤੇ ਟੀਮਾਂ ਵੱਲੋਂ ਪ੍ਰਭਾਵਿਤ ਖੇਤਰਾਂ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਪਸ਼ੂ ਪਾਲਕਾਂ ਨੂੰ ਬਿਮਾਰੀ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।


ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਕਿਹਾ ਕਿ ਪਸ਼ੂ ਪਾਲਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਜੇਕਰ ਕੋਈ ਪਸ਼ੂ ਚਮੜੀ ਦੀ ਬਿਮਾਰੀ ਤੋਂ ਪੀੜਤ ਪਾਇਆ ਜਾਂਦਾ ਹੈ ਤਾਂ ਉਹ ਤੁਰੰਤ ਨਜ਼ਦੀਕੀ ਪਸ਼ੂ ਡਿਸਪੈਂਸਰੀ/ਹਸਪਤਾਲ ਨਾਲ ਸੰਪਰਕ ਕਰਨ।


ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਬਿਮਾਰੀ ਤੋਂ ਪੀੜਤ ਪਸ਼ੂਆਂ ਨੂੰ 102f ਤੋਂ 104f ਤੱਕ ਤੇਜ਼ ਬੁਖਾਰ ਹੋ ਜਾਂਦਾ ਹੈ, ਪਸ਼ੂ ਖਾਣਾ-ਪੀਣਾ ਛੱਡ ਦਿੰਦਾ ਹੈ ਅਤੇ ਚਮੜੀ ‘ਤੇ ਥੱਫੜ ਪੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਪਸ਼ੂ ਵਿੱਚ ਅਜਿਹੇ ਲੱਛਣ ਦਿਖਾਈ ਦਿੰਦੇ ਹਨ, ਤਾਂ ਤੰਦਰੁਸਤ ਪਸ਼ੂਆਂ ਨੂੰ ਪ੍ਰਭਾਵਿਤ ਪਸ਼ੂਆਂ ਤੋਂ ਵੱਖ ਕਰ ਦੇਣਾ ਚਾਹੀਦਾ ਹੈ ਅਤੇ ਤੁਰੰਤ ਨੇੜਲੀ ਪਸ਼ੂ ਡਿਸਪੈਂਸਰੀ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਹ ਬਿਮਾਰੀ ਬਰਸਾਤ ਦੇ ਮੌਸਮ ਵਿੱਚ ਮੱਛਰਾਂ ਦੇ ਕੱਟਣ ਨਾਲ ਜ਼ਿਆਦਾ ਫੈਲਦੀ ਹੈ। ਇਸ ਲਈ, ਪਸ਼ੂਆਂ ਦੇ ਆਲੇ ਦੁਆਲੇ ਨੂੰ ਸਾਫ਼ ਰੱਖਣਾ ਚਾਹੀਦਾ ਹੈ ਅਤੇ ਸੰਕਰਮਿਤ ਪਸ਼ੂਆਂ ਨੂੰ ਦੂਜਿਆਂ ਤੋਂ ਵੱਖਰਾ ਰੱਖਣਾ ਚਾਹੀਦਾ ਹੈ।


ਇਸ ਤੋਂ ਇਲਾਵਾ, ਪ੍ਰਭਾਵਿਤ ਪਸ਼ੂਆਂ ਨੂੰ ਮੱਛਰਦਾਨੀ ਨਾਲ ਢੱਕਿਆ ਜਾਣਾ ਚਾਹੀਦਾ ਹੈ ਅਤੇ ਅਜਿਹੇ ਪਸ਼ੂਆਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਮਾਸਕ, ਦਸਤਾਨੇ ਅਤੇ ਸੈਨੀਟਾਈਜ਼ਰ ਦੀ ਵਰਤੋਂ ਕਰਨੀ ਚਾਹੀਦੀ ਹੈ।


ਡਿਪਟੀ ਕਮਿਸ਼ਨਰ ਨੇ ਹੋਰਨਾਂ ਪਸ਼ੂ ਪਾਲਕਾਂ ਨੂੰ ਵੀ ਕਿਹਾ ਕਿ ਉਹ ਆਪਣੇ ਤੰਦਰੁਸਤ ਪਸ਼ੂਆਂ ਨੂੰ ਗੈਟ ਪੋਕਸ ਵੈਕਸੀਨ ਦਾ ਟੀਕਾਕਰਨ ਜ਼ਰੂਰ ਕਰਵਾਉਣ, ਜੋ ਕਿ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਮੁਫ਼ਤ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਾਰੇ ਲੋੜੀਂਦੇ ਕਦਮ ਚੁੱਕ ਰਹੀ ਹੈ।


Story You May Like