The Summer News
×
Saturday, 18 May 2024

ਕਾਊਂਟਰ ਇੰਟੈਲੀਜੈਂਸ ਨੂੰ ਮਿਲੀ ਵੱਡੀ ਸਫਲਤਾ, 15 ਕਿਲੋ ਹੈਰੋਇ/ਨ ਸਮੇਤ ਨ/ਸ਼ਾ ਤਸਕਰ ਗ੍ਰਿਫਤਾ/ਰ

ਫ਼ਿਰੋਜ਼ਪੁਰ : ਪਰਮਜੀਤ : ਕਾਊਂਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਦੀ ਪੁਲਸ ਨੇ 15 ਕਿਲੋ ਹੈਰੋਇਨ ਸਮੇਤ ਇਕ ਸਮੱਗਲਰ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਰੇਂਜ ਸਰਦਾਰ ਲਖਬੀਰ ਸਿੰਘ ਨੇ ਦੱਸਿਆ ਕਿ ਫ਼ਾਜ਼ਿਲਕਾ ਸਰਹੱਦ ਨਾਲ ਲੱਗਦੇ ਪਿੰਡ ਮੋਹੜ ਜਮਸ਼ੇਰ ਦੇ ਰਹਿਣ ਵਾਲੇ ਤਸਕਰ ਪ੍ਰੀਤਮ ਸਿੰਘ ਪੁੱਤਰ ਅਰਜੁਨ ਸਿੰਘ ਨੂੰ ਪੁਲਿਸ ਨੇ ਹੈਰੋਇਨ ਸਮੇਤ ਕਾਬੂ ਕੀਤਾ ਹੈ, ਜਿਸ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰ ਹੈਰੋਇਨ ਦੀ ਇਸ ਖੇਪ ਨੂੰ ਟਰੈਕਟਰ ਟਰਾਲੀ ਵਿੱਚ ਲੱਦਿਆ ਇੱਕ ਟੋਕਰੀ ਵਿੱਚ ਛੁਪਾ ਕੇ ਢਾਣੀ ਖਰੜਾਂਵਾਲੀ ਵੱਲ ਲਿਜਾ ਰਿਹਾ ਸੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਕਾਊਂਟਰ ਇੰਟੈਲੀਜੈਂਸ ਪੁਲੀਸ ਨੇ ਇਸ ਨੂੰ ਹੈਰੋਇਨ ਦੀ ਖੇਪ ਸਮੇਤ ਕਾਬੂ ਕਰ ਲਿਆ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹੜ੍ਹ ਦੌਰਾਨ ਇਸ ਸਮੱਗਲਰ ਨੇ ਪਾਕਿਸਤਾਨ ਤੋਂ ਦਰਿਆਈ ਰਸਤੇ ਰਾਹੀਂ ਹੈਰੋਇਨ ਮੰਗਵਾਈ ਸੀ, ਜਿਸ ਨੂੰ ਉਹ ਹੁਣ ਪਾਣੀ ਘਟਣ 'ਤੇ ਟਰਾਲੀ ਵਿਚ ਭਰ ਰਿਹਾ ਸੀ।


ਉਸ ਨੇ ਦੱਸਿਆ ਕਿ ਉਸ ਦਾ ਪੂਰਾ ਪਰਿਵਾਰ ਇਸ ਤਸਕਰੀ ਵਿਚ ਸ਼ਾਮਲ ਹੈ ਅਤੇ ਜਦੋਂ ਹੜ੍ਹ ਦੌਰਾਨ ਪਿੰਡ ਦੇ ਸਾਰੇ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਆ ਗਏ ਸਨ ਤਾਂ ਇਹ ਤਸਕਰ ਪਰਿਵਾਰ ਘਰ ਹੀ ਰਿਹਾ, ਜਿਸ ਕਾਰਨ ਪੁਲਸ ਦਾ ਵੀ ਸ਼ੱਕ ਬਣ ਗਿਆ।  ਉਨ੍ਹਾਂ ਦੱਸਿਆ ਕਿ ਪ੍ਰੀਤਮ ਸਿੰਘ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦਾ ਕੇਸ ਦਰਜ ਹੈ ਅਤੇ ਉਸ ਦੀ ਪਤਨੀ ਤੇ ਜਵਾਈ ਵੀ ਇਸ ਵਿੱਚ ਸ਼ਾਮਲ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਏ.ਆਈ.ਜੀ. ਲਖਬੀਰ ਸਿੰਘ ਨੇ ਦੱਸਿਆ ਕਿ ਪਿਛਲੇ 45 ਦਿਨਾਂ ਵਿੱਚ ਫ਼ਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਪੁਲਿਸ ਨੇ 145 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ 45 ਦਿਨਾਂ ਤੋਂ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਅਰਬਾਂ ਰੁਪਏ ਹੈ।

Story You May Like