The Summer News
×
Sunday, 12 May 2024

ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੀ ਤਰਫੋਂ ਸੈਟੇਲਾਈਟ ਰਾਹੀਂ ਰੱਖੀ ਜਾ ਰਹੀ ਹੈ ਖੇਤਾਂ ’ਤੇ ਨਜ਼ਰ

ਸੰਗਰੂਰ, 24 ਅਪ੍ਰੈਲ : ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਭਾਗੀ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਣਕ ਦੀ ਵਾਢੀ ਮਗਰੋਂ ਖੇਤਾਂ ਵਿੱਚ ਤੂੜੀ ਤੋਂ ਬਾਦ ਦੀ ਰਹਿੰਦ ਖੂਹੰਦ ਨੂੰ ਅੱਗ ਨਾ ਲਾਉਣ ਬਾਰੇ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਵਿਆਪਕ ਪੱਧਰ ’ਤੇ ਜਾਗਰੂਕਤਾ ਮੁਹਿੰਮ ਚਲਾਏ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ।


ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਾਲਾਂਕਿ ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਘੱਟ ਵਾਪਰਦੀਆਂ ਹਨ ਪਰ ਫਿਰ ਵੀ ਵਧੇਰੇ ਚੌਕਸੀ ਵਰਤਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੀ ਤਰਫੋਂ ਸੈਟੇਲਾਈਟ ਰਾਹੀਂ ਖੇਤਾਂ ’ਤੇ ਨਿਰੰਤਰ ਨਜ਼ਰ ਰੱਖੀ ਜਾਂਦੀ ਹੈ ਅਤੇ ਵਿਭਾਗੀ ਟੀਮਾਂ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੇ ਇਲਾਕਿਆਂ ਵਿੱਚ ਵਧੇਰੇ ਮੁਸਤੈਦੀ ਰੱਖਣ, ਜਿਥੇ ਪਿਛਲੇ ਸਾਲਾਂ ਵਿੱਚ ਰਹਿੰਦ ਖੂਹੰਦ ਨੂੰ ਸਾੜਨ ਦੀਆਂ ਘਟਨਾਵਾਂ ਵਧੇਰੇ ਵਾਪਰੀਆਂ ਸਨ। ਜੋਰਵਾਲ ਨੇ ਕਿਹਾ ਕਿ ਨਿਰੰਤਰ ਜਾਗਰੂਕਤਾ ਦੇ ਸਦਕਾ ਕਿਸਾਨ ਵੀਰ ਤੇ ਜਿੰਮੀਦਾਰ ਨਾੜ ਨੂੰ ਸਾੜਨ ਦੇ ਮਾੜੇ ਰੁਝਾਨ ਨੂੰ ਹਮੇਸ਼ਾਂ ਲਈ ਛੱਡ ਦੇਣਗੇ। ਉਨ੍ਹਾਂ ਕਿਹਾ ਕਿ ਖੇਤੀਬਾੜੀ ਤੇ ਸਹਿਕਾਰਤਾ ਵਿਭਾਗ ਦੇ ਅਧਿਕਾਰੀ ਪਿੰਡਾਂ ਵਿੱਚ ਲਗਾਏ ਜਾਣ ਵਾਲੇ ਕੈਂਪਾਂ ਦੌਰਾਨ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਤੇ ਸੰਦਾਂ ਦੀ ਉਪਲਬਧਤਾ ਬਾਰੇ ਜਾਣੂ ਕਰਵਾਉਣ ਅਤੇ ਖੇਤਾਂ ਵਿੱਚ ਰਹਿੰਦ ਖੂਹੰਦ ਨੂੰ ਰਲਾਉਣ ਦੇ ਫਾਇਦਿਆਂ ਬਾਰੇ ਵੀ ਮਾਹਿਰਾਂ ਵੱਲੋਂ ਜਾਣਕਾਰੀ ਪ੍ਰਦਾਨ ਕੀਤੀ ਜਾਵੇ।


ਡਿਪਟੀ ਕਮਿਸ਼ਨਰ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਣਕ ਸਬੰਧੀ ਸਮੁੱਚੀ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਹੁਣ ਤੋਂ ਹੀ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਰੁਝਾਨ ਨੂੰ ਰੋਕਣ ਲਈ ਜਾਗਰੂਕਤਾ ਮੁਹਿੰਮ ਨੂੰ ਜੋਸ਼ੋ ਖਰੋਸ਼ ਨਾਲ ਆਰੰਭ ਦਿੱਤਾ ਜਾਵੇ ਤਾਂ ਜੋ ਆਉਣ ਵਾਲੇ ਸੀਜ਼ਨ ਵਿੱਚ ਪਰਾਲੀ ਦੀ ਸਾਂਭ ਸੰਭਾਲ ਤੇ ਯੋਗ ਪ੍ਰਬੰਧਨ ਲਈ ਸਾਰੇ ਕਿਸਾਨ ਵਧ ਚੜ੍ਹ ਕੇ ਆਪਣਾ ਯੋਗਦਾਨ ਪਾ ਸਕਣ ਅਤੇ ਜ਼ਿਲ੍ਹਾ ਨਿਵਾਸੀਆਂ ਨੂੰ ਜ਼ਹਿਰੀਲੇ ਧੂੰਏ ਦੀ ਮਾਰ ਤੋਂ ਮੁਕੰਮਲ ਤੌਰ ’ਤੇ ਮੁਕਤ ਰੱਖਿਆ ਜਾ ਸਕੇ।


ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਰਜੀਤ ਵਾਲੀਆ, ਸਹਾਇਕ ਕਮਿਸ਼ਨਰ ਅੰਡਰ ਟਰੇਨਿੰਗ ਨਿਤੇਸ਼ ਕੁਮਾਰ ਜੈਨ, ਐਸ.ਡੀ.ਐਮ ਸੁਨਾਮ ਜਸਪ੍ਰੀਤ ਸਿੰਘ, ਐਸ.ਡੀ.ਐਮ ਲਹਿਰਾ ਸੂਬਾ ਸਿੰਘ, ਐਸ.ਡੀ.ਐਮ ਦਿੜ੍ਹਬਾ ਰਾਜੇਸ਼ ਕੁਮਾਰ, ਐਸ.ਡੀ.ਐਮ ਧੂਰੀ ਅਮਿਤ ਗੁਪਤਾ, ਐਸ.ਡੀ.ਐਮ ਭਵਾਨੀਗੜ੍ਰ ਵਿਨੀਤ ਕੁਮਾਰ, ਮੁੱਖ ਖੇਤੀਬਾੜੀ ਅਫ਼ਸਰ ਹਰਬੰਸ ਸਿੰਘ, ਐਕਸੀਅਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਹਰਿੰਦਰ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼ਵਿੰਦਰ ਸਿੰਘ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Story You May Like