The Summer News
×
Tuesday, 21 May 2024

ਵਾਹਨ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼, 2 ਕਾਬੂ, ਦੇਖੋ ਕੀ-ਕੀ ਹੋਇਆ ਬਰਾਮਦ

ਮੋਗਾ/ਲੁਧਿਆਣਾ (ਕਸ਼ਿਸ਼/ਭਰਤ ਸ਼ਰਮਾ) : ਪੁਲਸ ਵੱਲੋਂ ਵ੍ਹੀਕਲ ਚੋਰਾਂ ਨੂੰ ਕਾਬੂ ਕਰਨ ਲਈ ਪਿਛਲੇ ਲੰਮੇ ਸਮੇਂ ਤੋਂ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ, ਜਦ ਪੁਲਸ ਨੇ ਚੋਰੀ ਦੇ 6 ਮੋਟਰਸਾਈਕਲਾਂ ਅਤੇ ਇਕ ਸਕੂਟਰੀ ਸਮੇਤ 7 ਵ੍ਹੀਕਲਾਂ ਨੂੰ ਬਰਾਮਦ ਕਰ ਕੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ।
ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਸ ਮੁਖੀ ਜੇ. ਇਲਨਚੇਲੀਅਨ ਨੇ ਦੱਸਿਆ ਕਿ ਜਦ ਡੀ. ਐੱਸ. ਪੀ.-ਕਮ-ਥਾਣਾ ਸਿਟੀ ਮੋਗਾ ਦੇ ਇੰਚਾਰਜ ਆਤਿਸ਼ ਭਾਟੀਆ ਦੀ ਅਗਵਾਈ ਵਿਚ ਸਹਾਇਕ ਥਾਣੇਦਾਰ ਗੁਰਦੀਪ ਸਿੰਘ, ਹੌਲਦਾਰ ਸਰਵਨ ਸਿੰਘ, ਹੌਲਦਾਰ ਰਾਜੂ, ਹੌਲਦਾਰ ਹਰਜਿੰਦਰ ਸਿੰਘ ਅਤੇ ਹੋਰ ਪੁਲਸ ਮੁਲਾਜ਼ਮ ਇਲਾਕੇ ਵਿਚ ਗਸ਼ਤ ਕਰਦੇ ਹੋਏ ਦੁਸਾਂਝ ਰੋਡ ਮੋਗਾ ’ਤੇ ਜਾ ਰਹੇ ਸਨ ਤਾਂ ਗੁਪਤ ਸੂਚਨਾ ਦੇ ਆਧਾਰ ’ਤੇ ਉਨ੍ਹਾਂ ਨੇ ਜਦ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਸ਼ੰਕਰ ਉਰਫ ਹਨੀ ਅਤੇ ਸਰਬਜੀਤ ਸਿੰਘ ਨੂੰ ਰੋਕਿਆ ਜੋ ਵੱਖ-ਵੱਖ ਮੋਟਰਸਾਈਕਲਾਂ ’ਤੇ ਸਨ ਅਤੇ ਉਨ੍ਹਾਂ ਨੂੰ ਮੋਟਰਸਾਈਕਲਾਂ ਦੇ ਦਸਤਾਵੇਜ਼ ਦਿਖਾਉਣ ਨੂੰ ਕਿਹਾ ਤਾਂ ਉਹ ਕੋਈ ਦਸਤਾਵੇਜ਼ ਨਹੀਂ ਦਿਖਾ ਸਕੇ, ਜਿਸ ’ਤੇ ਪੁਲਸ ਪਾਰਟੀ ਨੇ ਦੋਹਾਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਕੇ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ।


ਉਨ੍ਹਾਂ ਦੱਸਿਆ ਕਿ ਪੁਲਸ ਰਿਮਾਂਡ ਦੌਰਾਨ ਕਥਿਤ ਦੋਸ਼ੀਆਂ ਤੋਂ ਪੰਜ ਮੋਟਰਸਾਈਕਲ ਅਤੇ ਇਕ ਐਕਟਿਵਾ ਬਰਾਮਦ ਕੀਤੀ, ਜੋ ਇਨ੍ਹਾਂ ਨੇ ਆਪਦੇ ਘਰਾਂ ਵਿਚ ਛੁਪਾ ਕੇ ਰੱਖੇ ਹੋਏ ਸਨ। ਡੀ. ਐੱਸ. ਪੀ.-ਕਮ ਥਾਣਾ ਮੁੁਖੀ ਆਤਿਸ਼ ਭਾਟੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਦੋਹਾਂ ਕਥਿਤ ਦੋਸ਼ੀਆਂ ਨੂੰ ਅੱਜ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਉਨ੍ਹਾਂ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਭੇਜਣ ਦਾ ਆਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਤੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ ’ਤੇ ਉਹ ਅਗਲੇਰੀ ਕਾਰਵਾਈ ਕਰ ਰਹੇ ਹਨ ਅਤੇ ਇਨ੍ਹਾਂ ਦੇ ਸਾਥੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।


ਜਲਦੀ ਹੀ ਹੋਰ ਵੀ ਕਈ ਵ੍ਹੀਕਲ ਅਤੇ ਇਨ੍ਹਾਂ ਦੇ ਸਾਥੀਆਂ ਦੇ ਕਾਬੂ ਆਉਣ ਦੀ ਸੰਭਾਵਨਾ ਹੈ। ਪੁਲਸ ਬਰਾਮਦ ਕੀਤੇ ਗਏ ਮੋਟਰ ਸਾਈਕਲਾਂ ਦੇ ਅਸਲੀ ਮਾਲਕਾਂ ਦੀ ਪਛਾਣ ਕਰਨ ਦਾ ਯਤਨ ਕਰ ਰਹੀ ਹੈ ਕਿਉਂਕਿ ਜਿੰਨੇ ਵੀ ਮੋਟਰਸਾਈਕਲ ਬਰਾਮਦ ਹੋਏ ਹਨ ਉਹ ਸਾਰੇ ਬਿਨਾਂ ਨੰਬਰੀ ਸਨ ਅਤੇ ਇਨ੍ਹਾਂ ਦੇ ਇੰਜਣਾਂ ਅਤੇ ਚੈਸੀ ਨੰਬਰ ਦੇ ਆਧਾਰ ’ਤੇ ਟਰਾਂਸਪੋਰਟ ਦਫਤਰ ਤੋਂ ਪਤਾ ਲਗਾਇਆ ਜਾ ਰਿਹਾ ਹੈ।

Story You May Like